Skip to main content

Gee 98News

ਸਾਡਾ ਚੱਲਦਾ ਏ ਧੱਕਾ ਅਸੀਂ ਤਾਂ ਕਰਦੇ…ਇੰਟਰਲਾਕ ਦੀਆਂ ਟਾਇਲਾਂ ‘ਤੇ ਲੱਡੂਆਂ ਦਾ ਜੋੜਾ ਰੱਖ ਕੇ ਕਰਤਾ ਗਲੀ ਬਣਾਉਣ ਦਾ ਉਦਘਾਟਨ,ਪਰ…!

ਨਗਰ ਕੌਂਸਲ ਬਰਨਾਲਾ ਦੇ ਵਾਰਡ ਨੰਬਰ 7 ਦੀ ਇੱਕ ਗਲੀ ਪੱਕੀ ਕਰਨ ਦਾ ਮਾਮਲਾ ਦਿਲਚਸਪ ਬਣ ਗਿਆ ਹੈ। ਸੱਤਾਧਾਰੀ ਪਾਰਟੀ ਦੇ ਇੱਕ ਸਥਾਨਕ ਆਗੂ ਨੇ ਇੰਟਰਲਾਕ ਦੀਆਂ ਇੱਟਾਂ ‘ਤੇ ਲੱਡੂਆਂ ਦਾ ਜੋੜਾ ਰੱਖ ਕੇ ਸਾਰੀ ਗਲੀ ਵਿੱਚ ਇੰਟਰਲਾਕ ਟਾਈਲਾਂ ਲਗਾਉਣ ਦੇ ਕੰਮ ਦਾ ਉਦਘਾਟਨ ਕਰ ਦਿੱਤਾ ਪ੍ਰੰਤੂ ਦੂਜੇ ਪਾਸੇ ਮੰਡੀ ਬੋਰਡ ਦੇ ਅਧਿਕਾਰੀਆਂ ਨੇ ਲੱਡੂਆਂ ਦੇ ਜੋੜੇ ਵਾਲੀ ਜਗ੍ਹਾ ‘ਤੇ ਆਪਣਾ ਦਾਅਵਾ ਠੋਕ ਦਿੱਤਾ। ਦਰਅਸਲ ਵਾਰਡ ਨੰਬਰ 7 ਦੇ ਗੁਰੂ ਨਾਨਕ ਨਗਰ (ਬਾਜ਼ੀਗਰ ਬਸਤੀ) ਦੀ ਮੁੱਖ ਗਲੀ ਦੇ ਸਿਰੇ ‘ਤੇ ਕਰੀਬ 30 ਕੁ ਫੁੱਟ ਦਾ ਟੋਟਾ ਕਾਫੀ ਸਮੇਂ ਤੋਂ ਅਧੂਰਾ ਪਿਆ ਸੀ ਜੋ ਵੇਖਣ ‘ਤੇ ਪਹਿਲਾਂ ਪੱਕੀ ਬਣੀ ਪੁਰਾਣੀ ਗਲੀ ਦਾ ਹਿੱਸਾ ਹੀ ਲੱਗਦਾ ਹੈ ਪ੍ਰੰਤੂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਅਨੁਸਾਰ ਅਸਲ ਵਿੱਚ ਇਹ ਮਾਰਕੀਟ ਕਮੇਟੀ ਦੀ ਜਗ੍ਹਾ ਹੈ ਜਿਸ ਨੂੰ ਬਸਤੀ ਦੇ ਲੋਕ ਲੰਘਣ ਲਈ ਪਿਛਲੇ ਲੰਬੇ ਸਮੇਂ ਤੋਂ ਵਰਤਦੇ ਆ ਰਹੇ ਹਨ। ਇਸ ਟੋਟੇ ਨੂੰ ਪੁਰਾਣੇ ਗਲੀ ਨਾਲ ਮਿਲਾਉਣ ਦੀ ਖਾਤਰ ਸੱਤਾਧਾਰੀ ਆਗੂਆਂ ਨੇ ਲੱਡੂ ਵੰਡ ਕੇ ਇੰਟਰਲਾਕ ਟਾਈਲਾਂ ਦਾ ਲਗਾਉਣ ਦਾ ਉਦਘਾਟਨ ਕਰ ਦਿੱਤਾ।

ਜਦੋਂ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੂੰ ਕਿਸੇ ਨੇ ਕਮੇਟੀ ਦੀ ਜਗ੍ਹਾ ਵਿੱਚ ਇੰਟਰਲਾਕ ਲਗਾ ਕੇ ਗਲੀ ਪੱਕੀ ਕਰਨ ਦੀ ਸੂਚਨਾ ਦਿੱਤੀ ਤਾਂ ਮੌਕੇ ‘ਤੇ ਪੁੱਜ ਕੇ ਮਾਰਕੀਟ ਕਮੇਟੀ ਦੇ ਸਕੱਤਰ ਮਨਮੋਹਨ ਸਿੰਘ ਨੇ ਇੰਟਰਲਾਕ ਟਾਈਲਾਂ ਲਗਾ ਰਹੇ ਵਿਅਕਤੀਆਂ ਨੂੰ ਵਰਜ ਦਿੱਤਾ ਅਤੇ ਚਿਤਾਵਨੀ ਦਿੱਤੀ ਕਿ ਜੇਕਰ ਇਸ ਜਗ੍ਹਾ ‘ਤੇ ਇੰਟਰਲਾਕ ਟਾਈਲਾਂ ਲਗਾ ਕੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਇਸ ਸਬੰਧੀ ਜਦ ਇੰਟਰਲਾਕ ਟਾਈਲਾਂ ਲਗਾ ਕੇ ਉਦਘਾਟਨ ਕਰਨ ਵਾਲੇ “ਆਪ” ਦੇ ਬਲਾਕ ਪ੍ਰਧਾਨ ਅਮਨਦੀਪ ਗੋਇਲ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਨਗਰ ਕੌਂਸਲ ਦ ਜੇਈ ਨੇ ਕਿਹਾ ਸੀ ਕਿ ਇਸ ਗਲੀ ਦੀ ਪ੍ਰਵਾਨਗੀ ਮਿਲ ਚੁੱਕੀ ਹੈ ਪ੍ਰੰਤੂ ਜਦ ਜੇਈ ਸੁਭਾਸ਼ ਚੰਦ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਨਗਰ ਕੌਂਸਲ ਵੱਲੋਂ ਉੱਥੇ ਤੱਕ ਹੀ ਪ੍ਰਵਾਨਗੀ ਹੈ ਜਿੱਥੇ ਤੱਕ ਪਹਿਲਾਂ ਗਲੀ ਲਾਗੂ ਹੈ। ਹੈਰਾਨੀ ਇਸ ਗੱਲ ਦੀ ਵੀ ਹੈ ਕਿ ਉਦਘਾਟਨ ਕਰਨ ਵਾਲੇ ਆਗੂਆਂ ਨੇ ਗਲੀ ਪੱਕੀ ਕਰਨ ਸਬੰਧੀ ਕੈਬਨਿਟ ਮੰਤਰੀ ਮੀਤ ਹੇਅਰ ਦਾ ਧੰਨਵਾਦ ਕਰਦਾ ਹੋਇਆ ਇੱਕ ਫਲੈਕਸ ਬੋਰਡ ਵੀ ਲਗਾ ਦਿੱਤਾ ਜਿਸ ਉੱਪਰ ਸਾਫ਼-ਸਾਫ਼ ਲਿਖਿਆ ਹੈ ਕਿ “ਲੰਮੇ ਸਮੇਂ ਤੋਂ ਰੁਕਿਆ ਗਲੀ ਦਾ ਕੰਮ ਸ਼ੁਰੂ ਕਰਵਾਉਣ ‘ਤੇ ਸਮੂਹ ਨਗਰ ਨਿਵਾਸੀਆਂ ਵੱਲੋਂ ਕੈਬਨਿਟ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦਾ ਧੰਨਵਾਦ”… ਇਸ ਫਲੈਕਸ ਬੋਰਡ ‘ਤੇ ਲਿਖੇ “ਲੰਮੇ ਸਮੇਂ ਤੋਂ ਰੁਕਿਆ ਗਲੀ ਦਾ ਕੰਮ ਸ਼ੁਰੂ ਕਰਵਾਉਣ” ਵਾਲੇ ਸ਼ਬਦਾਂ ਤੋਂ ਸਪੱਸ਼ਟ ਹੈ ਕਿ ਇਹ ਫਲੈਕਸ ਬੋਰਡ 30 ਕੁ ਫੁੱਟ ਦੇ ਕੱਚੇ ਟੋਟੇ ਨਾਲ ਹੀ ਸਬੰਧਿਤ ਹੈ ਜਦਕਿ ਬਾਕੀ ਸਾਰੀ ਗਲੀ ਤਾਂ ਪਹਿਲਾਂ ਹੀ ਪੱਕੀ ਬਣੀ ਹੋਈ ਹੈ।

Gee98 Ads

ਇਸ ਮਾਮਲੇ ਸਬੰਧੀ ਬਸਤੀ ਦੇ ਹੀ ਕੁਝ ਲੋਕਾਂ ਨੇ ਆਪਣਾ ਨਾਮ ਨਾ ਛਾਪਣ ਦੀ ਸ਼ਰਤ ‘ਤੇ ਦੱਸਿਆ ਕਿ ਅਸਲ ਵਿੱਚ ਕੈਬਨਿਟ ਮੰਤਰੀ ਦਾ ਨਾਮ ਵਰਤ ਕੇ ਮੰਡੀ ਬੋਰਡ ਦੀ ਜਗ੍ਹਾ ‘ਤੇ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੌਕੇ ‘ਤੇ ਹਾਜ਼ਰ ਇੱਕ ਵਿਅਕਤੀ ਨੇ ਇਹ ਵੀ ਕਿਹਾ ਕਿ “ਹੋ ਸਕਦਾ ਕਿਸੇ ਨੇ ਇਸ਼ਾਰਾ ਕਰਤਾ ਹੋਵੇ…ਸਰਕਾਰ ਆ ਭਾਈ ਅਗਲੇ ਦੀ…” ! ਦੂਜੇ ਪਾਸੇ ਮਾਰਕੀਟ ਕਮੇਟੀ ਦੇ ਅਧਿਕਾਰੀਆਂ ਨੇ ਆਪਣੀ ਮਾਲਕੀ ਵਾਲੀ ਜਗ੍ਹਾ ‘ਤੇ ਇੱਕ ਵੀ ਇੰਟਰਲਾਕ ਦੀ ਟਾਇਲ ਲਗਾਉਣ ‘ਤੇ ਕਾਨੂੰਨੀ ਕਾਰਵਾਈ ਦੀ ਚਿਤਾਵਨੀ ਦਿੱਤੀ ਹੈ। ਕਮੇਟੀ ਅਧਿਕਾਰੀਆਂ ਦੇ ਦਾਅਵਿਆਂ ਦੇ ਮੱਦੇਨਜ਼ਰ ਲੱਗਦਾ ਹੈ ਕਿ ਕੁਝ ਵਿਅਕਤੀਆਂ ਨੇ “ਸਾਡਾ ਚੱਲਦਾ ਇਹ ਧੱਕਾ ਅਸੀਂ ਤਾਂ ਕਰਦੇ” ਗੀਤ ਦੀਆਂ ਸਤਰਾਂ ਵਾਂਗ ਇਸ ਗਲੀ ਨੂੰ ਮੁੱਖ ਸੜਕ ਤੱਕ ਜੋੜਨ ਲਈ ਕਈ ਵਰ੍ਹਿਆਂ ਤੋਂ ਅੜਿਆ ਗੱਡਾ ਸੱਤਾ ਦੇ ਜ਼ੋਰ ‘ਤੇ ਕੱਢਣ ਦੀ ਕੋਸ਼ਿਸ਼ ਕੀਤੀ ਪ੍ਰੰਤੂ ਇਹ ਗੱਡਾ ਮੰਡੀ ਬੋਰਡ ਦੇ ਕਾਨੂੰਨੀ ਟੋਇਆ ‘ਚ ਫੇਰ ਫਸ ਗਿਆ। ਬਸਤੀ ਦੇ ਲੋਕਾਂ ਦੀ ਲੰਮੇ ਸਮੇਂ ਤੋਂ ਮੰਗ ਹੈ ਕਿ ਬਸਤੀ ਦੀ ਮੇਨ ਗਲੀ ਦੇ ਨਾਲ ਇਹ 30 ਕੁ ਫੁੱਟ ਦਾ ਟੋਟਾ ਜੁੜਨਾ ਚਾਹੀਦਾ ਹੈ ਪ੍ਰੰਤੂ ਕਿਸੇ ਵੀ ਪਾਰਟੀ ਦੇ ਲੀਡਰ ਨੇ ਕਦੇ ਵੀ ਇਸ ਸਬੰਧੀ ਬਣਦੀ ਜ਼ਰੂਰੀ ਕਾਨੂੰਨੀ ਕਾਰਵਾਈ ਪੂਰੀ ਕਰਨ ਵੱਲ ਧਿਆਨ ਨਹੀਂ ਦਿੱਤਾ।

error: Content is protected !!