Skip to main content

Gee 98News

ਚੋਣ ਕਮਿਸ਼ਨ ਨੇ ਬਦਲੀਆਂ ਸਬੰਧੀ ਨਿਯਮ ਸਖ਼ਤੀ ਨਾਲ ਲਾਗੂ ਕਰਨ ਦੇ ਦਿੱਤੇ ਹੁਕਮ,ਨਿਯਮਾਂ ਦੀ ਉਲੰਘਣਾ ‘ਤੇ ਕਾਰਵਾਈ ਦੀ ਚਿਤਾਵਨੀ

ਚੰਡੀਗੜ੍ਹ, 25 ਫਰਵਰੀ, Gee98 news service
-ਭਾਰਤੀ ਚੋਣ ਕਮਿਸ਼ਨ ਨੇ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਅਧਿਕਾਰੀਆਂ ਦੀਆਂ ਬਦਲੀਆਂ ਦੇ ਨਿਯਮ ਸਖ਼ਤ ਕਰਦੇ ਹੋਏ ਰਾਜ ਸਰਕਾਰਾਂ ਨੂੰ ਕਿਹਾ ਹੈ ਕਿ ਬਦਲੀਆਂ ਦੇ ਮਾਮਲੇ ਵਿੱਚ ਨਿਯਮਾਂ ਦੀ ਅਣਦੇਖੀ ਨਾ ਕੀਤੀ ਜਾਵੇ, ਜੇਕਰ ਬਦਲੀਆਂ ਦੇ ਸਬੰਧੀ ਨਿਯਮਾਂ ਦੀ ਅਣਦੇਖੀ ਕੀਤੀ ਗਈ ਤਾਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਚੋਣ ਕਮਿਸ਼ਨ ਨੇ ਕਿਹਾ ਹੈ ਕਿ ਬਦਲੀਆਂ ਕਰਦੇ ਸਮੇਂ ਇਹ ਯਕੀਨੀ ਬਣਾਇਆ ਜਾਵੇ ਕਿ ਜਿਨ੍ਹਾਂ ਅਧਿਕਾਰੀਆਂ ਦਾ ਤਬਾਦਲਾ ਜ਼ਿਲ੍ਹੇ ਤੋਂ ਬਾਹਰ ਕੀਤਾ ਗਿਆ ਹੈ ਉਨ੍ਹਾਂ ਦੀ ਤਾਇਨਾਤੀ ਉਸੇ ਲੋਕ ਸਭਾ ਹਲਕੇ ਦੇ ਕਿਸੇ ਦੂਜੇ ਜ਼ਿਲ੍ਹੇ ਵਿੱਚ ਨਾ ਕੀਤੀ ਜਾਵੇ, ਭਾਵ ਜੇਕਰ ਲੋਕ ਸਭਾ ਹਲਕਾ ਸੰਗਰੂਰ ਦੇ ਤਹਿਤ ਜ਼ਿਲ੍ਹਾ ਬਰਨਾਲਾ ਦੇ ਕਿਸੇ ਅਧਿਕਾਰੀ ਦੀ ਬਦਲੀ ਕਰਨੀ ਹੈ ਤਾਂ ਉਸ ਦੀ ਬਦਲੀ ਹਲਕਾ ਸੰਗਰੂਰ ਅਧੀਨ ਪੈਂਦੇ ਜ਼ਿਲ੍ਹਾ ਸੰਗਰੂਰ ਅਤੇ ਜ਼ਿਲ੍ਹਾ ਮਲੇਰਕੋਟਲਾ ਤੋਂ ਬਾਹਰ ਕਰਨੀ ਹੋਵੇਗੀ। ਕਮਿਸ਼ਨ ਨੇ ਇਹ ਵੀ ਕਿਹਾ ਹੈ ਕਿ ਤਬਾਦਲਾ ਨੀਤੀ ਦੀ ਇੰਨ-ਬਿੰਨ ਪਾਲਣਾ ਕੀਤੀ ਜਾਣੀ ਚਾਹੀਦੀ ਹੈ ਅਤੇ ਇਹ ਪਾਲਣਾ ਦੇ ਨਾਂ ‘ਤੇ ਮਹਿਜ਼ ਦਿਖਾਵਾ ਮਾਤਰ ਹੀ ਨਾ ਹੋਵੇ। ਇਹ ਨਿਯਮ ਉਨ੍ਹਾਂ ਤਬਾਦਲਿਆਂ ਅਤੇ ਤਾਇਨਾਤੀਆਂ ‘ਤੇ ਵੀ ਲਾਗੂ ਹੋਵੇਗਾ ਜੋ ਕਿ ਕਮਿਸ਼ਨ ਦੀਆਂ ਪਹਿਲਾਂ ਜਾਰੀ ਕੀਤੀਆਂ ਹਦਾਇਤਾਂ ਅਨੁਸਾਰ ਹੋ ਚੁੱਕੀਆਂ ਹਨ। ਭਾਰਤੀ ਚੋਣ ਕਮਿਸ਼ਨ ਦੀ ਨੀਤੀ ਅਨੁਸਾਰ ਉਨ੍ਹਾਂ ਸਾਰੇ ਅਧਿਕਾਰੀਆਂ ਦਾ ਤਬਾਦਲਾ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ ਜੋ ਜਾਂ ਤਾਂ ਆਪਣੇ ਪਿੱਤਰੀ ਜ਼ਿਲ੍ਹੇ ਵਿੱਚ ਤਾਇਨਾਤ ਹਨ ਜਾਂ ਆਪਣੇ ਸਥਾਨ ‘ਤੇ ਤਿੰਨ ਸਾਲ ਪੂਰੇ ਕਰ ਚੁੱਕੇ ਹਨ।

error: Content is protected !!