Skip to main content

Gee 98News

ਸਭ ਫੜੇ ਜਾਣਗੇ…ਫਾਰਮੇਸੀ ਦੀਆਂ ਜਾਅਲੀ ਡਿਗਰੀਆਂ ਵਾਲੇ 100 ਫਾਰਮਾਸਿਸਟਾਂ ਦੀ ਰਜਿਸਟ੍ਰੇਸ਼ਨ ਰੱਦ,ਪੁਲਿਸ ਕਾਰਵਾਈ ਦੇ ਹੁਕਮ

ਚੰਡੀਗੜ੍ਹ,25 ਫਰਵਰੀ, Gee98 news service
-ਪੰਜਾਬ ਰਾਜ ਫਾਰਮੇਸੀ ਕੌਂਸਲ ਨੇ ਵੱਡੀ ਕਾਰਵਾਈ ਕਰਦੇ ਹੋਏ ਡਿਪਲੋਮਾ ਹਾਸਲ ਕਰਨ ਲਈ ਜਾਅਲੀ ਵਿਦਿਅਕ ਦਸਤਾਵੇਜ਼ ਪੇਸ਼ ਕਰਨ ਵਾਲੇ 100 ਫਾਰਮਾਸਿਸਟਾਂ ਦੀਆਂ ਰਜਿਸਟ੍ਰੇਸ਼ਨਾਂ ਰੱਦ ਕਰ ਦਿਤੀਆਂ ਹਨ। ਕੌਂਸਲ ਨੇ ਧੋਖਾਧੜੀ ਕਰਨ ਵਾਲੇ ਫਾਰਮਾਸਿਸਟਾਂ ਦੇ ਵੇਰਵੇ ਵੀ ਸਬੰਧਤ ਜ਼ਿਲ੍ਹੇ ਦੀ ਪੁਲਿਸ ਨੂੰ ਸੌਂਪ ਦਿਤੇ ਹਨ ਅਤੇ ਪੁਲਿਸ ਨੂੰ ਜਾਅਲੀ ਦਸਤਾਵੇਜ਼ ਪੇਸ਼ ਕਰਨ ਵਾਲਿਆਂ ਖ਼ਿਲਾਫ਼ ਨਿਯਮਾਂ ਅਨੁਸਾਰ ਕਾਰਵਾਈ ਕਰਨ ਦੀਆਂ ਹਦਾਇਤਾਂ ਵੀ ਜਾਰੀ ਕੀਤੀਆਂ ਹਨ। ਫਰਜ਼ੀ ਦਸਤਾਵੇਜ਼ਾਂ ਦੇ ਆਧਾਰ ‘ਤੇ ਫਾਰਮੇਸੀ ਕਾਲਜਾਂ ਨਾਲ ਮਿਲੀਭੁਗਤ ਕਰਕੇ ਡਿਪਲੋਮੇ ਹਾਸਲ ਕਰਨ ਵਾਲਿਆਂ ਵਿਰੁਧ ਧੋਖਾਧੜੀ ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਪੰਜਾਬ ਵਿਜੀਲੈਂਸ ਬਿਊਰੋ ਵਲੋਂ ਡੀ-ਫਾਰਮੇਸੀ ਘੁਟਾਲੇ ਵਾਲੇ ਗਿਰੋਹ ਦਾ ਪਰਦਾਫਾਸ਼ ਕਰਨ ਤੋਂ ਬਾਅਦ ਪੰਜਾਬ ਰਾਜ ਫਾਰਮੇਸੀ ਕੌਂਸਲ ਨੇ 12ਵੀਂ ਜਮਾਤ ਤੋਂ ਫਾਰਮੇਸੀ ਡਿਪਲੋਮਾ ਨਾਲ ਸਬੰਧਤ ਵਿਦਿਅਕ ਦਸਤਾਵੇਜ਼ਾਂ ਦੀ ਜਾਂਚ ਦਾ ਕੰਮ ਸ਼ੁਰੂ ਕਰ ਦਿਤਾ ਹੈ ਅਤੇ ਹੁਣ ਤਕ ਦੀ ਜਾਂਚ ਦੌਰਾਨ ਸੈਂਕੜੇ ਫਾਰਮਾਸਿਸਟਾਂ ਦੇ ਦਸਤਾਵੇਜ਼ਾਂ ਵਿਚ ਬੇਨਿਯਮੀਆਂ ਪਾਈਆਂ ਗਈਆਂ ਹਨ। ਪੰਜਾਬ ਰਾਜ ਫਾਰਮੇਸੀ ਕੌਂਸਲ ਦੇ ਰਜਿਸਟਰਾਰ ਡਾ. ਜਸਬੀਰ ਸਿੰਘ ਦਾ ਕਹਿਣਾ ਹੈ ਕਿ ਡੀ ਫਾਰਮੇਸੀ ਘੁਟਾਲਾ ਸਾਹਮਣੇ ਆਉਣ ਤੋਂ ਬਾਅਦ ਰਾਜ ਫਾਰਮੇਸੀ ਕੌਂਸਲ ਰਜਿਸਟ੍ਰੇਸ਼ਨ ਪ੍ਰਕਿਰਿਆ ਦੀ ਸਖ਼ਤੀ ਨਾਲ ਨਿਗਰਾਨੀ ਕਰ ਰਹੀ ਹੈ। ਬੇਨਿਯਮੀਆਂ ਨੂੰ ਰੋਕਣ ਲਈ ਕੌਂਸਲ ਨੇ ਇਸ ਪ੍ਰਕਿਰਿਆ ਨੂੰ ਆਨਲਾਈਨ ਕਰ ਦਿਤਾ ਹੈ। ਕੌਂਸਲ ਨੇ ਅਜਿਹੇ ਫਾਰਮਾਸਿਸਟਾਂ ਦੀ ਰਜਿਸਟ੍ਰੇਸ਼ਨ ਰੱਦ ਕਰ ਦਿਤੀ ਹੈ ਜਿਨ੍ਹਾਂ ਦੇ ਵਿਦਿਅਕ ਦਸਤਾਵੇਜ਼ ਹੁਣ ਤਕ ਦੀ ਜਾਂਚ ਵਿਚ ਜਾਅਲੀ ਪਾਏ ਗਏ ਸਨ। ਸੂਤਰਾਂ ਅਨੁਸਾਰ ਕੁਝ ਫਾਰਮਾਸਿਸਟਾਂ ਨੇ ਆਪਣੇ ਜਾਅਲੀ ਦਸਤਾਵੇਜ਼ਾਂ ਬਾਰੇ ਕੌਂਸਲ ਨੂੰ ਖੁਦ ਜਾਣੂ ਕਰਵਾ ਕੇ ਅਪਣੀ ਰਜਿਸਟ੍ਰੇਸ਼ਨ ਰੱਦ ਕਰਵਾਉਣ ਲਈ ਕਿਹਾ ਹੈ ਤਾਂ ਜੋ ਉਹ ਕਾਨੂੰਨੀ ਕਾਰਵਾਈ ਤੋਂ ਬਚ ਸਕਣ ਪਰ ਕੌਂਸਲ ਨੇ ਪੁਲਿਸ ਨੂੰ ਅਜਿਹੇ ਲੋਕਾਂ ਖ਼ਿਲਾਫ਼ ਕਾਰਵਾਈ ਕਰਨ ਲਈ ਲਿਖਿਆ ਹੈ। ਦੂਜੇ ਪਾਸੇ ਪੰਜਾਬ ਵਿਜੀਲੈਂਸ ਬਿਊਰੋ ਨੇ ਵੀ ਰਾਜ ਦੇ ਉਨ੍ਹਾਂ ਕਾਲਜਾਂ ਦੇ ਪ੍ਰਬੰਧਕਾਂ ਅਤੇ ਸਟਾਫ ਤੋਂ ਪੁੱਛਗਿੱਛ ਸ਼ੁਰੂ ਕਰ ਦਿਤੀ ਹੈ, ਜੋ ਫਾਰਮੇਸੀ ਦੀ ਸਿੱਖਿਆ ਦਿੰਦੇ ਹਨ। ਪੰਜਾਬ ਵਿਚ ਡੀ ਫਾਰਮੇਸੀ ਪ੍ਰਦਾਨ ਕਰਨ ਵਾਲੇ 100 ਤੋਂ ਵੱਧ ਪ੍ਰਾਈਵੇਟ ਅਦਾਰੇ ਹਨ ਜਦਕਿ 6 ਸਰਕਾਰੀ ਅਦਾਰੇ ਹਨ। ਜਾਅਲੀ ਦਸਤਾਵੇਜ਼ਾਂ ਨਾਲ ਕਾਲਜ ਸਟਾਫ਼ ਦਾ ਕੀ ਸਬੰਧ ਹੈ ਅਤੇ ਕਾਲਜ ਅਤੇ ਗਿਰੋਹ ਦੇ ਮੈਂਬਰਾਂ ਨੇ ਕਿਸ ਢੰਗ ਨਾਲ ਕੰਮ ਕੀਤਾ, ਇਨ੍ਹਾਂ ਸਾਰੀਆਂ ਗੱਲਾਂ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਹਾਲ ਹੀ ਵਿਚ ਵਿਜੀਲੈਂਸ ਬਿਊਰੋ ਨੇ ਆਦੇਸ਼ ਇੰਸਟੀਚਿਊਟ ਆਫ ਮੈਡੀਕਲ ਸਾਇੰਸ ਐਂਡ ਰਿਸਰਚ, ਬਠਿੰਡਾ ਦੇ ਅਧਿਕਾਰੀਆਂ ਨੂੰ ਫਰਜ਼ੀ ਡੀ ਫਾਰਮੇਸੀ ਡਿਪਲੋਮੇ ਜਾਰੀ ਕਰਨ ਦੇ ਮਾਮਲੇ ਵਿਚ ਗ੍ਰਿਫਤਾਰ ਕੀਤਾ ਸੀ। ਬਿਊਰੋ ਨੇ ਕਈ ਕੈਮਿਸਟਾਂ ਨੂੰ ਗੈਰ-ਕਾਨੂੰਨੀ ਢੰਗ ਨਾਲ ਦਵਾਈਆਂ ਵੇਚਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਸੀ। ਵਿਜੀਲੈਂਸ ਬਿਊਰੋ ਦਸੰਬਰ ਮਹੀਨੇ ਤੋਂ ਇਸ ਮਾਮਲੇ ਵਿਚ ਗ੍ਰਿਫ਼ਤਾਰੀਆਂ ਕਰ ਰਿਹਾ ਹੈ। ਪੰਜਾਬ ਰਾਜ ਫਾਰਮੇਸੀ ਕੌਂਸਲ ਨੇ ਸਾਲ 1952 ਤੋਂ ਸਾਲ 2024 ਦਰਮਿਆਨ 60,000 ਫਾਰਮਾਸਿਸਟ ਰਜਿਸਟਰ ਕੀਤੇ ਹਨ। ਇਨ੍ਹਾਂ ਵਿਚੋਂ ਕੌਂਸਲ 40 ਹਜ਼ਾਰ ਫਾਰਮਾਸਿਸਟਾਂ ਦੇ ਵਿਦਿਅਕ ਦਸਤਾਵੇਜ਼ਾਂ ਦੀ ਮੁੜ ਜਾਂਚ ਕਰ ਰਹੀ ਹੈ। ਜਾਅਲੀ ਸਰਟੀਫਿਕੇਟ ਪੇਸ਼ ਕਰਨ ਵਾਲਿਆਂ ਨੇ ਬਿਹਾਰ, ਰਾਜਸਥਾਨ, ਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼, ਹਰਿਆਣਾ ਤੋਂ 10ਵੀਂ ਅਤੇ 12ਵੀਂ ਜਮਾਤ ਦੀ ਪੜ੍ਹਾਈ ਦੇ ਜਾਅਲੀ ਦਸਤਾਵੇਜ਼ ਪੇਸ਼ ਕੀਤੇ ਸਨ।‌

error: Content is protected !!