Skip to main content

Gee 98News

ਖੁੱਲ੍ਹ ਗਈਆਂ ਬਾਹਵਾਂ…ਕਿਸੇ ਵੇਲੇ ਵੀ ਪੈ ਸਕਦੀ ਹੈ ਜੱਫ਼ੀ… ਵੱਡੇ ਢੀਂਡਸਾ ਸਮਰਥਕਾਂ ਸਮੇਤ ਜਾਣਗੇ ਪੁਰਾਣੇ ਪਲੇਟਫਾਰਮ ‘ਤੇ…!

ਚੰਡੀਗੜ੍ਹ,4 ਮਾਰਚ (ਨਿਰਮਲ ਸਿੰਘ ਪੰਡੋਰੀ)-
-ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ ਜੋੜ ਤੋੜ ਦੀ ਰਾਜਨੀਤੀ ਸ਼ੁਰੂ ਹੋ ਚੁੱਕੀ ਹੈ, ਕਿਧਰੇ ਰੁੱਸਿਆਂ ਨੂੰ ਮਨਾਇਆ ਜਾ ਰਿਹਾ ਹੈ ਅਤੇ ਕਿਧਰੇ ਅਹੁਦੇਦਾਰੀਆਂ ਅਤੇ ਟਿਕਟ ਦੇ ਲਾਲਚ ਵਿੱਚ ਦਲ ਬਦਲੂ ਨੀਤੀ ਤਹਿਤ ਟਪੂਸੀਆਂ ਮਾਰੀਆਂ ਜਾ ਰਹੀਆਂ ਹਨ। ਪੰਜਾਬ ਦੀ ਰਾਜਨੀਤੀ ‘ਚ ਆਉਂਦੇ ਦਿਨਾਂ ‘ਚ ਇੱਕ ਅਜਿਹਾ ਸਿਆਸੀ ਘਟਨਾਕ੍ਰਮ ਵਾਪਰਨ ਦੇ ਆਸਾਰ ਬਣ ਗਏ ਹਨ ਜਿਸ ਦੀ ਚਰਚਾ ਅਕਸਰ ਹੁੰਦੀ ਰਹਿੰਦੀ ਹੈ। ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਰਲੇਵੇਂ ਦੀ ਕਵਾਇਦ ਸ਼ੁਰੂ ਹੋ ਚੁੱਕੀ ਹੈ। ਸੂਤਰਾਂ ਅਨੁਸਾਰ ਸੁਖਦੇਵ ਸਿੰਘ ਢੀਡਸਾ ਅਤੇ ਸੁਖਬੀਰ ਸਿੰਘ ਬਾਦਲ ਦੀ ਮੀਟਿੰਗ ਵਿੱਚ ਸਾਰਾ ਕੁਝ ਤੈਅ ਹੋ ਚੁੱਕਾ ਹੈ ਅਤੇ ਆਉਣ ਵਾਲੇ ਕੁਝ ਦਿਨਾਂ ਵਿੱਚ ਹੀ ਸਰਦਾਰ ਢੀਂਡਸਾ ਆਪਣੇ ਸਮਰਥਕਾਂ ਨਾਲ ਪੁਰਾਣੇ ਪਲੇਟਫਾਰਮ ‘ਤੇ ਵਾਪਸ ਆ ਸਕਦੇ ਹਨ। ਇਹਨਾਂ ਦੋਵੇਂ ਵੱਡੇ ਆਗੂਆਂ ਦੀ ਨੇੜਤਾ ਕਰਵਾਉਣ ਵਿੱਚ ਭਾਜਪਾ ਦੇ ਇਕ ਸੂਬਾ ਪੱਧਰੀ ਆਗੂ ਦੀ ਭੂਮਿਕਾ ਦੀ ਵੀ ਚਰਚਾ ਹੋ ਰਹੀ ਹੈ। ਇਹ ਵੀ ਕਿਹਾ ਜਾ ਰਿਹਾ ਹੈ ਕਿ ਭਾਜਪਾ ਤੇ ਸ਼੍ਰੋਮਣੀ ਅਕਾਲੀ ਦਲ ਦੇ ਗੱਠਜੋੜ ਦੀ ਸਾਰੀ ਯੋਜਨਾ ਲੱਗਭੱਗ ਬਣ ਚੁੱਕੀ ਹੈ ਪ੍ਰੰਤੂ ਭਾਜਪਾ ਇਸ ਦਾ ਰਸਮੀ ਐਲਾਨ ਕਰਨ ਤੋਂ ਪਹਿਲਾਂ ਅਕਾਲੀ ਦਲ ਦੇ ਦੋਵੇਂ ਵੱਡੇ ਆਗੂਆਂ ਨੂੰ ਨੇੜੇ ਲਿਆਉਣਾ ਚਾਹੁੰਦੀ ਹੈ। ਜਿਕਰਯੋਗ ਹੈ ਕਿ ਭਾਜਪਾ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਖੁੱਲ ਕੇ ਅਕਾਲੀ ਦਲ ਤੇ ਭਾਜਪਾ ਦੇ ਗੱਠਜੋੜ ਦੀ ਹਮਾਇਤ ਕਰ ਚੁੱਕੇ ਹਨ ਪ੍ਰੰਤੂ ਅਕਾਲੀ ਦਲ ਨਾਲ ਗੱਠਜੋੜ ਦੇ ਰਸਮੀ ਐਲਾਨ ਤੋਂ ਪਹਿਲਾਂ ਭਾਜਪਾ ਆਪਣੇ ਵਿਸ਼ਵਾਸਪਾਤਰ ਸੁਖਦੇਵ ਸਿੰਘ ਢੀਂਡਸਾ ਦੀ ਸਿਆਸੀ ਸਰਦਾਰੀ ਨੂੰ ਕਾਇਮ ਰੱਖਣਾ ਚਾਹੁੰਦੀ ਹੈ, ਮੰਨਿਆ ਜਾ ਰਿਹਾ ਹੈ ਕਿ ਭਾਜਪਾ ਆਪਣੇ ਇਸ ਮਿਸ਼ਨ ਵਿੱਚ ਕਾਮਯਾਬ ਹੋ ਰਹੀ ਹੈ ਅਤੇ ਇਸ ਸਬੰਧੀ ਐਲਾਨ ਕਿਸੇ ਵੇਲੇ ਵੀ ਸੰਭਵ ਹੈ। ‌

error: Content is protected !!