Gee 98News

ਚੰਡੀਗੜ੍ਹ,19 ਮਾਰਚ, ਨਿਰਮਲ ਸਿੰਘ ਪੰਡੋਰੀ
-ਲੋਕ ਸਭਾ ਚੋਣਾਂ ਦੇ ਐਲਾਨ ਤੋਂ ਬਾਅਦ ਚੋਣ ਕਮਿਸ਼ਨ ਨੇ ਵੱਖ-ਵੱਖ ਸਿਆਸੀ ਪਾਰਟੀਆਂ ਅਤੇ ਉਹਨਾਂ ਦੇ ਉਮੀਦਵਾਰਾਂ ਲਈ ਹਦਾਇਤਾਂ ਵੀ ਜਾਰੀ ਕਰ ਦਿੱਤੀਆਂ ਹਨ। ਜ਼ਿਕਰਯੋਗ ਹੈ ਕਿ ਸਮੁੱਚੀ ਚੋਣ ਪ੍ਰਕਿਰਿਆ ਦੌਰਾਨ ਉਮੀਦਵਾਰਾਂ ਵੱਲੋਂ ਖਰਚ ਕੀਤੇ ਜਾਂਦੇ ਪੈਸੇ ਤੇ ਨਜ਼ਰ ਰੱਖਣ ਲਈ ਅਬਜਰਵਰ ਵੀ ਨਿਯੁਕਤ ਕੀਤੇ ਜਾਂਦੇ ਹਨ, ਜਿਨਾਂ ਵੱਲੋਂ ਉਮੀਦਵਾਰਾਂ ਦੀ ਹਰ ਗਤੀਵਿਧੀ ‘ਤੇ ਨਜ਼ਰ ਰੱਖੀ ਜਾਂਦੀ ਹੈ ਅਤੇ ਇੱਕ ਪੈਸੇ ਤੋਂ ਲੈ ਕੇ 100 ਰੁਪਏ ਤੱਕ ਦਾ ਖਰਚਾ ਵੀ ਨੋਟ ਕੀਤਾ ਜਾਂਦਾ ਹੈ। ਭਾਵੇਂ ਕਿ ਰਾਜਨੀਤਿਕ ਮਾਹਿਰ ਇਸ ਪ੍ਰਕਿਰਿਆ ਨੂੰ ਗੋਂਗਲੂਆਂ ਤੋਂ ਮਿੱਟੀ ਝਾੜਨ ਦੇ ਬਰਾਬਰ ਮੰਨਦੇ ਹਨ ਕਿਉਂਕਿ ਅਸਲੀਅਤ ਵਿੱਚ ਸਿਆਸੀ ਪਾਰਟੀਆਂ ਤੇ ਉਮੀਦਵਾਰਾਂ ਵੱਲੋਂ ਚੋਣ ਕਮਿਸ਼ਨ ਦੇ ਨਿਰਧਾਰਿਤ ਕੀਤੇ ਖਰਚੇ ਦੀ ਹੱਦ ਤੋਂ ਕਿਤੇ ਵੱਧ ਖਰਚਾ ਕੀਤਾ ਜਾਂਦਾ ਹੈ ਭਾਵ ਕਿ ਪਰਦੇ ਪਿੱਛੇ ਚੋਣ ਕਮਿਸ਼ਨ ਦੇ ਹੁਕਮਾਂ ਨੂੰ ਛਿੱਕੇ ਟੰਗ ਕੇ ਗੁਲਛਰੇ ਉਡਾਏ ਜਾਂਦੇ ਹਨ। ਚੋਣ ਕਮਿਸ਼ਨ ਵੋਟਰਾਂ ਦੀ ਗਿਣਤੀ ਦੇ ਆਧਾਰ ‘ਤੇ ਵੱਧ ਤੋਂ ਵੱਧ ਖਰਚੇ ਦੀ ਸੀਮਾ ਤੈਅ ਕਰਦਾ ਹੈ। ‌ ਚੋਣ ਕਮਿਸ਼ਨ ਦੇ ਹੁਕਮਾਂ ਅਨੁਸਾਰ ਹਰ ਉਮੀਦਵਾਰ ਨੂੰ ਚੋਣ ਖਰਚੇ ਦੇ ਹਿਸਾਬ ਲਈ ਅਕਾਊਂਂਟ ਰੱਖਣਾ ਹੁੰਦਾ ਹੈ ਅਤੇ ਚੋਣਾਂ ਵਿੱਚ ਹੋਣ ਵਾਲਾ ਹਰ ਖਰਚਾ ਇਸੇ ਅਕਾਊਂਟ ਤੋਂ ਕੀਤਾ ਜਾਂਦਾ ਹੈ। ਚੋਣ ਪ੍ਰਕਿਰਿਆ ਦੌਰਾਨ ਕੋਈ ਵੀ ਉਮੀਦਵਾਰ ਜਾਂ ਹੋਰ ਪਾਰਟੀ ਵਰਕਰ 50000 ਤੋਂ ਵੱਧ ਨਕਦੀ ਆਪਣੇ ਕੋਲ ਨਹੀਂ ਰੱਖ ਸਕਦਾ ਅਤੇ ਉਹ ਆਪਣੇ ਵਹੀਕਲ ਵਿੱਚ 10 ਹਜ਼ਾਰ ਰੁਪਏ ਤੋਂ ਵੱਧ ਦਾ ਸਮਾਨ ਵੀ ਨਹੀਂ ਰੱਖ ਸਕਦਾ, ਜੇਕਰ ਅਜਿਹਾ ਹੁੰਦਾ ਹੈ ਤਾਂ ਸਬੰਧਿਤ ਵਿਅਕਤੀ ਨੂੰ ਇਸ ਦੇ ਸਬੂਤ ਚੋਣ ਆਬਜ਼ਰਵਰ ਕੋਲ ਪੇਸ਼ ਕਰਨੇ ਹੁੰਦੇ ਹਨ। 2024 ਦੀਆਂ ਲੋਕ ਸਭਾ ਚੋਣਾਂ ਲਈ ਚੋਣ ਕਮਿਸ਼ਨ ਨੇ ਹਰ ਤਰ੍ਹਾਂ ਦੇ ਖਰਚੇ ਲਈ ਕੀਮਤਾਂ ਵੀ ਤੈਅ ਕੀਤੀਆਂ ਹਨ। ਪੇਂਡੂ ਖੇਤਰਾਂ ਵਿੱਚ ਚੋਣ ਦਫ਼ਤਰੀ ਕਿਰਾਇਆ 5 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ ਸ਼ਹਿਰੀ ਖੇਤਰ ਵਿੱਚ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਨਿਰਧਾਰਿਤ ਕੀਤਾ ਗਿਆ ਹੈ। ‌ ਹੋਰ ਚੀਜ਼ਾਂ ਦੇ ਖਰਚੇ ਵਿੱਚ ਚਾਹ ਦੇ ਕੱਪ ਦੀ ਕੀਮਤ ਅੱਠ ਰੁਪਏ ਅਤੇ ਸਮੋਸੇ ਦੀ ਕੀਮਤ10 ਰੁਪਏ ਰੱਖੀ ਗਈ ਹੈ। ਇਸ ਤੋਂ ਇਲਾਵਾ ਬਰਫੀ 200 ਰੁਪਏ ਪ੍ਰਤੀ ਕਿਲੋ, ਬਿਸਕੁਟ 150 ਰੁਪਏ ਪ੍ਰਤੀ ਕਿਲੋ ਅਤੇ ਸੈਂਡਵਿਚ 15 ਰੁਪਏ ਅਤੇ ਜਲੇਬੀ ਦੀ ਕੀਮਤ 140 ਪ੍ਰਤੀ ਕਿਲੋ ਤੈਅ ਕੀਤੀ ਗਈ ਹੈ। ਇਸ ਦੇ ਨਾਲ ਹੀ ਚੋਣ ਪ੍ਰਚਾਰ ਲਈ ਬੁਲਾਏ ਜਾਂਦੇ ਮਸ਼ਹੂਰ ਗਾਇਕਾਂ ਦੀ ਫੀਸ ਪ੍ਰਤੀ ਗਾਇਕ 2 ਲੱਖ ਰੁਪਏ ਰੱਖੀ ਗਈ ਹੈ। ਇਸੇ ਤਰ੍ਹਾਂ ਹਰ ਉਹ ਚੀਜ਼ ਜਾਂ ਗਤੀਵਿਧੀ ਜੋ ਚੋਣ ਉਮੀਦਵਾਰ ਵੱਲੋਂ ਕੀਤੀ ਜਾਂਦੀ ਹੈ, ਦੇ ਰੇਟ ਚੋਣ ਕਮਿਸ਼ਨ ਵੱਲੋਂ ਨਿਰਧਾਰਿਤ ਕੀਤੇ ਗਏ ਹਨ ਜਿਨਾਂ ਦੇ ਅਨੁਸਾਰ ਹੀ ਉਮੀਦਵਾਰ ਦੇ ਖਰਚੇ ਵਿੱਚ ਚੋਣ ਅਬਜਰਵਰ ਵੱਲੋਂ ਰਕਮ ਜੋੜੀ ਜਾਂਦੀ ਹੈ। ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਅਨੁਸਾਰ ਲੋਕ ਸਭਾ ਉਮੀਦਵਾਰ ਲਈ 95 ਲੱਖ ਰੁਪਏ ਅਤੇ ਕੁਝ ਰਾਜਾਂ ਵਿੱਚ ਹੋਣ ਵਾਲੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਲਈ 40 ਲੱਖ ਰੁਪਏ ਦੀ ਹੱਦ ਤੈਅ ਕੀਤੀ ਗਈ ਹੈ ।

Leave a Reply

Your email address will not be published. Required fields are marked *

error: Content is protected !!