-ਮਾਮਲਾ ਹਾਈਕੋਰਟ ਪੁੱਜਾ, ਹਾਈਕੋਰਟ ਨੇ ਮੰਤਰੀ ਨੂੰ ਕੀਤਾ ਨੋਟਿਸ ਜਾਰੀ
-ਗਊਆਂ ਦੇ ਨਾਮ ’ਤੇ ਸ਼ਾਮਲਾਟ ਜ਼ਮੀਨ ਹੜੱਪਣ ਦੀ ਕੋਸ਼ਿਸ਼ : ਬੀਰਦਵਿੰਦਰ ਸਿੰਘ
ਚੰਡੀਗੜ, 04 ਸਤੰਬਰ (ਜੀ98 ਨਿਊਜ਼) : ਪੰਜਾਬ ਦੇ ਸਿਹਤ ਮੰਤਰੀ ਬਲਵੀਰ ਸਿੰਘ ਸਿੱਧੂ ਮੁਹਾਲੀ ਦੇ ਨਜ਼ਦੀਕ ਪਿੰਡ ਬਲੌਂਗੀ ਦੀ 10 ਏਕੜ ਤੋਂ ਵੱਧ ਸ਼ਾਮਲਾਟ ਜ਼ਮੀਨ ਨੂੰ ਲੀਜ਼ ’ਤੇ ਲੈਣ ਕਰਕੇ ਕਾਨੂੰਨੀ ਸਿਕੰਜ਼ੇ ’ਚ ਫ਼ਸਦੇ ਨਜ਼ਰ ਆ ਰਹੇ ਹਨ। ਪ੍ਰਾਪਤ ਵੇਰਵੇ ਅਨੁਸਾਰ ਸਿਹਤ ਮੰਤਰੀ ਅਤੇ ਉਨਾਂ ਦੇ ਭਰਾ ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਸਿੱਧੂ ਨੇ ‘ਬਾਲ ਗੋਪਾਲ ਗਊ ਬਸੇਰਾ ਵੈਲਫੇਅਰ ਸੁਸਾਇਟੀ (ਗਊਸ਼ਾਲਾ) ਦੇ ਨਾਮ ’ਤੇ ਪਿੰਡ ਬਲੌਂਗੀ ਦੀ ਉਹ ਜ਼ਮੀਨ 33 ਸਾਲਾਂ ਲਈ ਲੀਜ਼ ’ਤੇ ਲਈ ਹੈ ਜਿਸ ਦਾ ਕਲੋਨੀ ਨਾਲ ਝਗੜਾ ਚੱਲ ਰਿਹਾ ਹੈ ਜਿਸ ਕਾਰਨ ਇਸ ਜ਼ਮੀਨ ਉੱਪਰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ 2014 ਵਿੱਚ ਸਟੇਅ ਆਰਡਰ ਜਾਰੀ ਕੀਤਾ ਹੋਇਆ ਹੈ ਅਤੇ ਇਹ ਸਟੇਅ ਆਰਡਰ ਅਜੇ ਤੱਕ ਵੀ ਕਾਇਮ ਹਨ । ਸਿਹਤ ਮੰਤਰੀ, ਉਸ ਦੇ ਭਰਾ ਅਤੇ ਗਊਸ਼ਾਲਾ ਦੇ ਟਰੱਸਟੀਆਂ ਨੂੰ ਉਕਤ ਮਾਮਲੇ ’ਚ ਹਾਈਕੋਰਟ ਤੱਕ ਲਿਜਾਣ ਵਾਲੇ ਪਿੰਡ ਬਲੌਂਗੀ ਦੇ ਸਾਬਕਾ ਪੰਚ ਕੇਸਰ ਸਿੰਘ ਨੇ ਦਲੀਲ ਦਿੱਤੀ ਹੈ ਕਿ ਪਿੰਡ ਦੀ ਪੰਚਾਇਤ ਨੇ ਸਰਕਾਰੀ ਦਬਾਅ ਹੇਠ ਆ ਕੇ ਸਾਰੇ ਨਿਯਮ ਛਿੱਕੇ ਟੰਗ ਕੇ 10 ਏਕੜ ਤੋਂ ਵੱਧ ਜ਼ਮੀਨ ਸਿੱਧੂ ਭਰਾਵਾਂ ਨੂੰ ਲੀਜ਼ ’ਤੇ ਦਿੱਤੀ ਹੈ। ਸੋ੍ਮਣੀ ਅਕਾਲੀ ਦਲ (ਸ) ਦੇ ਆਗੂ ਬੀਰਦਵਿੰਦਰ ਸਿੰਘ ਨੇ ਦੋਸ਼ ਲਗਾਇਆ ਕਿ ਸਿਹਤ ਮੰਤਰੀ ਨੇ ਆਪਣੀ ਪਾਵਰ ਦੇ ਬਲਬੂਤੇ ਸ਼ਾਮਲਾਟ ਦੀ ਜ਼ਮੀਨ ਗਊਸ਼ਾਲਾ ਦਾ ਨਾਮ ਵਰਤਕੇ ਹੜੱਪਣ ਦੀ ਕੋਸ਼ਿਸ਼ ਕੀਤੀ ਹੈ। ਉਨਾਂ ਖ਼ੁਲਾਸਾ ਕੀਤਾ ਕਿ ਗਊਸ਼ਾਲਾ ਟਰੱਸਟ ਦਾ ਦਫਤਰ ਮੰਤਰੀ ਸਿੱਧੂ ਦੀ ਨਿੱਜੀ ਰਿਹਾਇਸ਼ ਵਿੱਚ ਦਰਸਾਇਆ ਗਿਆ ਹੈ ਅਤੇ ਟਰੱਸਟ ਦੇ ਪ੍ਰਧਾਨ ਵੀ ਮੰਤਰੀ ਸਿੱਧੂ ਹੀ ਹਨ। ਹਾਈਕੋਰਟ ਨੇ ਸਿਹਤ ਮੰਤਰੀ ਸਿੱਧੂ, ਉਸ ਦੇ ਭਰਾ, ਪੰਜਾਬ ਸਰਕਾਰ, ਪਿੰਡ ਦੀ ਪੰਚਾਇਤ ਅਤੇ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਨੋਟਿਸ਼ ਜਾਰੀ ਕਰ ਦਿੱਤਾ ਹੈ।
