Skip to main content

Gee 98News

ਪਿੰਡ ਉਗੋਕੇ ਵਿਖੇ ਛੱਪੜ ‘ਚ ਡੁੱਬ ਕੇ ਮਰਨ ਵਾਲੇ ਨੌਜਵਾਨ ਦੇ ਪਰਿਵਾਰ ਲਈ ਬਸਪਾ ਆਗੂਆਂ ਨੇ ਕੀਤੀ ਸਰਕਾਰੀ ਮੱਦਦ ਤੇ ਨੌਕਰੀ ਦੀ ਮੰਗ

ਬਰਨਾਲਾ, 25 ਜੂਨ, (ਨਿਰਮਲ ਸਿੰਘ ਪੰਡੋਰੀ)-
-ਵਿਧਾਨ ਸਭਾ ਹਲਕਾ ਭਦੌੜ ਦੇ ਪਿੰਡ ਉਗੋਕੇ ਵਿਖੇ ਪਿਛਲੇ ਦਿਨੀ ਇੱਕ ਗਰੀਬ ਪਰਿਵਾਰ ਦੇ ਨੌਜਵਾਨ ਦੀ ਅਚਾਨਕ ਛੱਪੜ ‘ਚ ਡਿੱਗ ਕੇ ਮੌਤ ਹੋ ਜਾਣ ‘ਤੇ ਬਹੁਜਨ ਸਮਾਜ ਪਾਰਟੀ ਦੇ ਆਗੂਆਂ ਨੇ ਪਿੰਡ ਉੱਗੋਕੇ ਪੁੱਜ ਕੇ ਪੀੜ੍ਹਤ ਪਰਿਵਾਰ ਦੇ ਘਰ ਪਰਿਵਾਰਿਕ ਮੈਂਬਰਾਂ ਨਾਲ ਦੁੱਖ ਸਾਂਝਾ ਕੀਤਾ। ਇਸ ਮੌਕੇ ਗੱਲਬਾਤ ਕਰਦੇ ਹੋਏ ਸੂਬਾ ਆਗੂ ਡਾਕਟਰ ਮੱਖਣ ਸਿੰਘ ਨੇ ਕਿਹਾ ਕਿ ਅਚਾਨਕ ਮੌਤ ਦਾ ਸ਼ਿਕਾਰ ਹੋਏ ਨੌਜਵਾਨ ਸੁਖਪ੍ਰੀਤ ਸਿੰਘ ਨੇ ਆਪਣੇ ਪਰਿਵਾਰ ਦਾ ਸਹਾਰਾ ਬਣਨਾ ਸੀ ਕਿਉਂਕਿ ਉਹ ਫੌਜ ਵਿੱਚ ਭਰਤੀ ਹੋ ਚੁੱਕਿਆ ਸੀ। ਉਹਨਾਂ ਕਿਹਾ ਕਿ ਨੌਜਵਾਨ ਪੁੱਤਰ ਦੀ ਅਚਾਨਕ ਮੌਤ ਨਾਲ ਪਰਿਵਾਰ ‘ਤੇ ਦੁੱਖਾਂ ਦਾ ਪਹਾੜ ਟੁੱਟਿਆ ਪ੍ਰੰਤੂ ਇਹ ਵੀ ਦੁੱਖ ਦੀ ਗੱਲ ਹੈ ਕਿ ‌ਸੱਤਾਧਾਰੀ ਪਾਰਟੀ ਵੱਲੋਂ ਅਤੇ ਪ੍ਰਸ਼ਾਸਨ ਵੱਲੋਂ ਕਿਸੇ ਨੇ ਵੀ ਪਰਿਵਾਰ ਨਾਲ ਦੁੱਖ ਸਾਂਝਾ ਨਹੀਂ ਕੀਤਾ ਅਤੇ ਨਾ ਹੀ ਕਿਸੇ ਤਰ੍ਹਾਂ ਦੀ ਕੋਈ ਆਰਥਿਕ ਮਦਦ ਦੇਣ ਲਈ ਚਾਰਾਜੋਈ ਕੀਤੀ।ਉਹਨਾਂ ਕਿਹਾ ਕਿ ਹੈਰਾਨੀ ਇਸ ਗੱਲ ਦੀ ਹੈ ਕਿ ਪੰਜਾਬ ‘ਚ ਬਦਲਾਅ ਦਾ ਦਾਅਵਾ ਕਰਨ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਵਿੱਚ ਪਿੰਡ ਉਗੋਕੇ ਦਾ ਵਿਧਾਇਕ ਸ਼ਾਮਿਲ ਹੈ ਇਸ ਦੇ ਬਾਵਜੂਦ ਵੀ ਪਿੰਡ ਦੇ ਗਰੀਬ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਜਿਉਂ ਦੀਆਂ ਤਿਉਂ ਖੜੀਆਂ ਹਨ। ਉਹਨਾਂ ਕਿਹਾ ਕਿ ਇਹ ਛੱਪੜ ਪਹਿਲਾਂ ਵੀ ਗਰੀਬ ਲੋਕਾਂ ਲਈ ਜਾਨ ਦਾ ਖ਼ੌਫ਼ ਬਣ ਚੁੱਕਿਆ ਜਿਸ ਦੀ ਵਿਧਾਇਕ ਨੂੰ ਬਾਖੂਬੀ ਜਾਣਕਾਰੀ ਹੈ ਇਸ ਦੇ ਬਾਵਜੂਦ ਵੀ ਵਿਧਾਇਕ ਨੇ ਇਸ ਛੱਪੜ ਦਾ ਕੋਈ ਹੱਲ ਨਹੀਂ ਕੀਤਾ। ਡਾਕਟਰ ਮੱਖਣ ਸਿੰਘ ਨੇ ਕਿਹਾ ਕਿ ਜੇਕਰ ਸੱਤਾਧਾਰੀ ਵਿਧਾਇਕ ਦੇ ਪਿੰਡ ਦੇ ਲੋਕ ਹੀ ਸਰਕਾਰ ਦੀ ਬੇਰੁਖੀ ਦਾ ਸ਼ਿਕਾਰ ਹਨ ਤਾਂ ਸੂਬੇ ਦਾ ਅੰਦਾਜ਼ਾ ਬਾਖੂਬੀ ਲਗਾਇਆ ਜਾ ਸਕਦਾ ਹੈ। ਬਸਪਾ ਆਗੂਆਂ ਨੇ ਮੰਗ ਕੀਤੀ ਕਿ ਪੀੜਤ ਪਰਿਵਾਰ ਨੂੰ ਸਰਕਾਰ ਵੱਲੋਂ ਆਰਥਿਕ ਸਹਾਇਤਾ ਦੇਣ ਦੇ ਨਾਲ ਇੱਕ ਪਰਿਵਾਰਿਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇ ਅਤੇ ਲੋਕਾਂ ਲਈ ਮੌਤ ਦਾ ਕਾਰਨ ਬਣ ਰਹੇ ਇਸ ਛੱਪੜ ਨੂੰ ਤੁਰੰਤ ਭਰਿਆ ਜਾਵੇ। ‌ ਇਸ ਮੌਕੇ ਮਾਸਟਰ ਅਮਰਜੀਤ ਸਿੰਘ, ਸਰਬਜੀਤ ਸਿੰਘ ਖੇੜੀ, ਜਗਰੂਪ ਸਿੰਘ ਖਾਲਸਾ, ਸੋਮਾ ਸਿੰਘ, ਦਰਸ਼ਨ ਸਿੰਘ ਬਾਜਵਾ, ਪਵਿੱਤਰ ਸਿੰਘ, ਬਲਵਿੰਦਰ ਸਿੰਘ, ਲੱਖਾ ਸਿੰਘ, ਜਗਜੀਤ ਸਿੰਘ ਆਦਿ ਵੀ ਹਾਜ਼ਰ ਸਨ।

error: Content is protected !!