Gee 98News

ਪੈ ਗਿਆ ਪੇਚਾ…ਅਧਿਆਪਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰ ਕਰਵਾਈਆਂ ਵਰਦੀਆਂ ਲੈਣ ਤੋਂ ਕੀਤਾ ਇਨਕਾਰ

Gee98 Ads

-ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਵਰਦੀਆਂ ਦੇਣ ਦੇ ਮਾਮਲੇ ‘ਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਕੂਲ ਮੈਨੇਜਮੈਂਟ ਕਮੇਟੀਆਂ ਤੇ ਸਕੂਲਾਂ ਦੇ ਅਧਿਆਪਕ ਆਹਮੋ ਸਾਹਮਣੇ ਹੋ ਗਏ ਹਨ। ‌ ਸਕੂਲ ਅਧਿਆਪਕਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰ ਕਰਵਾਈਆਂ ਵਰਦੀਆਂ ਲੈਣ ਤੋਂ ਇਨਕਾਰ ਕਰ ਦਿੱਤਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੈਂਟਰ ਵਜੀਦਕੇ ਕਲਾਂ ਨਾਲ ਸੰਬੰਧਿਤ 14 ਸਕੂਲਾਂ ਦੇ ਅਧਿਆਪਕਾਂ ਨੂੰ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਮਹਿਲ ਕਲਾਂ ਨੇ ਵਰਦੀਆਂ ਚੁੱਕਣ ਲਈ ਬੁਲਾਇਆ ਜਦੋਂ ਸੰਬੰਧਿਤ ਅਧਿਆਪਕ ਵਰਦੀਆਂ ਲੈਣ ਗਏ ਤਾਂ ਉਹਨਾਂ ਵੇਖਿਆ ਕਿ ਸਾਰੀਆਂ ਵਰਦੀਆਂ ਇੱਕੋ ਹੀ ਰੰਗ ਦੀਆਂ ਹਨ ਜਦੋਂ ਕਿ ਅਧਿਆਪਕਾਂ ਨੇ ਆਪਣੇ ਆਪਣੇ ਸਕੂਲਾਂ ਵਿੱਚ ਪਹਿਲਾਂ ਹੀ ਲਾਗੂ ਇਹਨਾਂ ਵਰਦੀਆਂ ਦੇ ਰੰਗ ਦੀ ਮੰਗ ਦਿੱਤੀ ਹੋਈ ਸੀ। ਇਸ ਮਾਮਲੇ ਸਬੰਧੀ ਗੱਲਬਾਤ ਕਰਦੇ ਹੋਏ ਅਧਿਆਪਕਾਂ ਨਰਿੰਦਰ ਸ਼ਹਿਣਾ,ਅਮਰੀਕ ਭੱਦਲਵੱਡ,ਮਾਲਵਿੰਦਰ ਸਿੰਘ, ਸੁਖਬੀਰ ਸਿੰਘ ਸੰਘੇੜਾ ,ਅਸ਼ਵਨੀ ਹਮੀਦੀ ,ਰਘਵੀਰ ਵਜੀਦਕੇ ,ਰਾਣਾ ਸਿੰਘ ਗੁਰਮ,ਸੁਖਵਿੰਦਰ ਕੌਰ ਸੁਰਜੀਤਪੁਰਾ, ਵੀਨਾ ਰਾਣੀ ਝਲੂਰ ,ਚਰਨਜੀਤ ਕੌਰ ਨੰਗਲ ,ਦਵਿੰਦਰ ਸ਼ਰਮਾ ਕਰਮਗੜ੍ਹ, ਬਿਕਰਮ ਸਿੰਘ, ਸਰਕਾਰੀ ਪ੍ਰਾਇਮਰੀ ਸਕੂਲ ਸੇਖਾ,ਸ਼ਮਸ਼ਾਦ ਮੁਹੰਮਦ ਠੂੱਲੇਵਾਲ ਅਤੇ ਸੈਂਟਰ ਹੈਡ ਟੀਚਰ ਰਿੰਪੀ ਰਾਣੀ ਨੇ ਦੱਸਿਆ ਕਿ ਸਾਰੀਆਂ ਵਰਦੀਆਂ ਇੱਕੋ ਹੀ ਰੰਗ ਦੀਆਂ ਹਨ, ਜਿਹੜੀਆਂ ਅਧਿਆਪਕਾਂ ਵੱਲੋਂ ਭੇਜੀ ਮੰਗ ਦੇ ਅਨੁਸਾਰ ਨਹੀਂ ਹਨ। ਇਸ ਮਾਮਲੇ ਨਾਲ ਜੁੜਿਆ ਇੱਕ ਅਹਿਮ ਪੱਖ ਇਹ ਵੀ ਸਾਹਮਣੇ ਆਇਆ ਹੈ ਕਿ ਸਮੱਗਰ ਸਿੱਖਿਆ ਅਭਿਆਨ ਦੇ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਨੇ ਸੂਬੇ ਦੇ ਸਾਰੇ ਜ਼ਿਲ੍ਹਾ ਸਿੱਖਿਆ ਅਫਸਰਾਂ ਨੂੰ ਇੱਕ ਪੱਤਰ ਮੀਮੋ ਨੰਬਰ SSA/ uniform/ 2024/ 159245 ਮਿਤੀ 4/7/24 ਅਨੁਸਾਰ ਵਿਸ਼ੇਸ਼ ਤੌਰ ‘ਤੇ ਹਦਾਇਤ ਦਿੱਤੀ ਗਈ ਹੈ ਕਿ ਬੱਚਿਆਂ ਲਈ ਵਰਦੀਆਂ ਸਕੂਲ ਮੈਨੇਜਮੈਂਟ ਕਮੇਟੀਆਂ ਰਾਹੀਂ ਹੀ ਖਰੀਦੀਆਂ ਜਾਣਗੀਆਂ। ਹੁਣ ਸਵਾਲ ਇਹ ਪੈਦਾ ਹੁੰਦਾ ਕਿ ਜਦੋਂ ਪ੍ਰੋਜੈਕਟ ਡਾਇਰੈਕਟਰ ਨੇ ਵਰਦੀਆਂ ਦੀ ਖਰੀਦ ਸਬੰਧੀ ਹਦਾਇਤਾਂ ਵਾਲਾ ਪੱਤਰ 4 ਜੁਲਾਈ 2024 ਨੂੰ ਜਾਰੀ ਕੀਤਾ ਤਾਂ ਜ਼ਿਲ੍ਹਾ ਪ੍ਰਸ਼ਾਸਨ ਬਰਨਾਲਾ ਨੇ ਉਸ ਤੋਂ ਪਹਿਲਾਂ ਵਰਦੀਆਂ ਦੀ ਖਰੀਦ ਕਿਹੜੇ ਨਿਯਮਾਂ ਤਹਿਤ ਕੀਤੀ, ਸਿਰਫ਼ ਖਰੀਦ ਹੀ ਨਹੀਂ ਕੀਤੀ ਸਗੋਂ ਵਰਦੀਆਂ ਤਿਆਰ ਵੀ ਕਰਵਾ ਲਈਆਂ।

ਇਸ ਸਬੰਧੀ ਜਦ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਇੰਦੂ ਸਿੰਮਕ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਪਹਿਲੀ ਤੋਂ ਪੰਜਵੀਂ ਤੱਕ ਵਰਦੀਆਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਿਆਰ ਕਰਵਾਈਆਂ ਗਈਆਂ ਹਨ ਜਦਕਿ ਛੇਵੀਂ ਤੋਂ ਅੱਠਵੀਂ ਤੱਕ ਵਰਦੀਆਂ ਜਾਰੀ ਪੱਤਰ ਅਨੁਸਾਰ ਸਕੂਲ ਮੈਨੇਜਮੈਂਟ ਕਮੇਟੀਆਂ ਵੱਲੋਂ ਹੀ ਤਿਆਰ ਕਰਵਾਈਆਂ ਜਾਣਗੀਆਂ। ‌ਜਦੋਂ ਜ਼ਿਲ੍ਹਾ ਸਿੱਖਿਆ ਅਫਸਰ ਮੈਡਮ ਇੰਦੂ ਸਿੰਮਕ ਨੂੰ ਦੱਸਿਆ ਗਿਆ ਕਿ ਸਬੰਧਤ ਸਕੂਲਾਂ ਦੇ ਅਧਿਆਪਕਾਂ ਨੇ ਪਹਿਲਾਂ ਤਿਆਰ ਹੋਈਆਂ ਵਰਦੀਆਂ ਚੁੱਕਣ ਤੋਂ ਇਨਕਾਰ ਕਰ ਦਿੱਤਾ ਤਾਂ ਉਹਨਾਂ ਕਿਹਾ ਕਿ “ਅਧਿਆਪਕਾਂ ਨੂੰ ਮਨਾ ਲਿਆ ਜਾਵੇਗਾ”। ‌ ਚਲੋ ਮੰਨ ਲੈਦੇ ਹਾਂ ਕਿ ਅਧਿਆਪਕਾਂ ਨੂੰ ਤਾਂ ਮਨਾ ਲਿਆ ਜਾਵੇਗਾ ਪਰੰਤੂ ਵੱਡਾ ਸਵਾਲ ਇਹ ਖੜਾ ਹੈ ਕਿ ਕੀ ਜ਼ਿਲ੍ਹਾ ਪ੍ਰਸ਼ਾਸਨ ਨੇ ਇਹ ਵਰਦੀਆਂ ਦਾ ਕੱਪੜਾ ਕਿਸੇ ਇੱਕੋ ਫਰਮ ਤੋਂ ਖਰੀਦਿਆ, ਜੇਕਰ ਇੱਕੋ ਫਰਮ ਤੋਂ ਖਰੀਦਿਆ ਤਾਂ ਕਿਹੜੇ ਨਿਯਮਾਂ ਤਹਿਤ ਖਰੀਦਿਆ ਕਿਉਂਕਿ ਡਿਪਟੀ ਸਟੇਟ ਪ੍ਰੋਜੈਕਟ ਡਾਇਰੈਕਟਰ ਸਮੱਗਰ ਸਿੱਖਿਆ ਅਭਿਆਨ ਵੱਲੋਂ 4 ਜੁਲਾਈ ਨੂੰ ਜਾਰੀ ਪੱਤਰ ਵਰਦੀਆਂ ਖਰੀਦਣ ਦੇ ਅਧਿਕਾਰ ਸਕੂਲ ਮੈਨੇਜਮੈਂਟ ਕਮੇਟੀਆਂ ਨੂੰ ਦੇ ਰਿਹਾ ਹੈ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਪਹਿਲੀ ਤੋਂ ਪੰਜਵੀਂ ਤੱਕ ਕੱਪੜਾ ਖਰੀਦ ਕੇ ਵਰਦੀਆਂ ਤਿਆਰ ਵੀ ਕਰਵਾ ਲਈਆਂ। ਹੁਣ ਇਹ ਤਿਆਰ ਹੋਈਆਂ ਵਰਦੀਆਂ ਲੈਣ ਦੇ ਮਾਮਲੇ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਅਤੇ ਮੈਨੇਜਮੈਂਟ ਕਮੇਟੀਆਂ/ਅਧਿਆਪਕ ਆਹਮੋ ਸਾਹਮਣੇ ਹਨ।

Gee98 Ads
error: Content is protected !!