ਚੰਡੀਗੜ੍ਹ,8 ਜੁਲਾਈ, Gee98 news service
-ਭਾਰਤ ਵਿੱਚ ਤਿੰਨ ਨਵੇਂ ਅਪਰਾਧਿਕ ਕਾਨੂੰਨ ਇੱਕ ਜੁਲਾਈ ਤੋਂ ਲਾਗੂ ਹੋ ਚੁੱਕੇ ਹਨ। ਇਨਾ ਨਵੇਂ ਕਾਨੂੰਨਾਂ ਅਨੁਸਾਰ ਬਹੁਤ ਜਿਆਦਾ ਸਾਰੇ ਜੁਰਮਾਂ ਲਈ ਸਜ਼ਾ ਵਿੱਚ ਵਾਧਾ ਕਰ ਦਿੱਤਾ ਗਿਆ ਹੈ। ਨਵੇਂ ਕਾਨੂੰਨ ਵਿੱਚ ਬੱਚਿਆਂ ਅਤੇ ਨਾਬਾਲਿਗਾਂ ਨਾਲ ਸਬੰਧਿਤ ਅਪਰਾਧਾਂ ਵਿੱਚ ਸਜ਼ਾ ਅਤੇ ਧਾਰਾਵਾਂ ਨੂੰ ਬਦਲ ਦਿੱਤਾ ਗਿਆ ਹੈ। ਬੱਚਿਆਂ ਨਾਲ ਸੰਬੰਧਿਤ ਜੁਰਮ ਲਈ ਸਜ਼ਾ ਨੂੰ ਪਹਿਲਾਂ ਨਾਲੋਂ ਸਖ਼ਤ ਕਰ ਦਿੱਤਾ ਗਿਆ ਹੈ। ਕਈ ਨਵੇਂ ਪੱਖ ਵੀ ਜੋੜੇ ਗਏ ਹਨ। ਨਵੇਂ ਕਾਨੂੰਨ ਅਨੁਸਾਰ ਜੇਕਰ ਕਿਸੇ ਦੀ ਉਮਰ 18 ਸਾਲ ਹੈ ਅਤੇ ਕੋਈ ਉਸ ਨੂੰ ਵਰਗਲਾਉਂਦਾ ਹੈ ਤਾਂ ਉਸ ਵਿਰੁੱਧ ਧਾਰਾ 137 ਅਤੇ 138 ਤਹਿਤ ਕਾਰਵਾਈ ਕੀਤੀ ਜਾਵੇਗੀ। ਉਸ ਨੂੰ 7 ਸਾਲ ਦੀ ਕੈਦ ਅਤੇ ਜੁਰਮਾਨਾ ਦੋਵਾਂ ਦੀ ਸਜ਼ਾ ਹੋ ਸਕਦੀ ਹੈ। ਹੁਣ ਮਹਿਲਾ ਪੁਲਿਸ ਅਧਿਕਾਰੀ ਬੱਚੇ ਅਗਵਾ ਦੇ ਮਾਮਲਿਆਂ ਵਿੱਚ ਬਿਆਨ ਦਰਜ ਕਰਨਗੀਆਂ। ਨਵੇਂ ਕਾਨੂੰਨ ਵਿੱਚ ਅਗਵਾ ਦੇ ਮਾਮਲੇ ਵਿੱਚ ਲੜਕੇ ਅਤੇ ਲੜਕੀ ਦੀ ਉਮਰ 18 ਸਾਲ ਕਰ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਪੁਰਾਣੇ ਕਾਨੂੰਨ ਵਿੱਚ ਆਈਪੀਸੀ ਤਹਿਤ ਦਰਜ ਹੋਣ ਵਾਲੇ ਅਜਿਹੇ ਮਾਮਲਿਆਂ ਵਿੱਚ ਲੜਕਿਆਂ ਦੀ ਉਮਰ 16 ਸਾਲ ਅਤੇ ਲੜਕੀਆਂ ਦੀ ਉਮਰ 18 ਸਾਲ ਨਿਰਧਾਰਤ ਕੀਤੀ ਗਈ ਸੀ। ਨਵੇਂ ਕਾਨੂੰਨ ਵਿੱਚ ਨਾਬਾਲਿਗ ਹੋਣ ਦੇ ਦਾਇਰੇ ਵਿੱਚ ਬਦਲਾਅ ਕੀਤਾ ਗਿਆ ਹੈ। ਭਾਰਤੀ ਨਿਆਂ ਸੰਹਿਤਾ ਵਿੱਚ ਇਸ ਅੰਤਰ ਨੂੰ ਖਤਮ ਕਰ ਦਿੱਤਾ ਗਿਆ ਹੈ। ਨਵੇਂ ਕਾਨੂੰਨ ਵਿੱਚ ਬੱਚਿਆਂ ਦੀ ਤਸਕਰੀ ਸਬੰਧੀ ਵਿਵਸਥਾਵਾਂ ਨੂੰ ਵੀ ਬਦਲਿਆ ਗਿਆ ਹੈ। ਭਾਰਤੀ ਨਿਆਂ ਸੰਹਿਤਾ ਦੇ ਅਨੁਸਾਰ, ਜੇਕਰ 18 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਵੇਸਵਾਗਮਨੀ ਜਾਂ ਹੋਰ ਉਦੇਸ਼ਾਂ ਲਈ ਤਸਕਰੀ ਕੀਤਾ ਜਾਂਦਾ ਹੈ, ਤਾਂ ਧਾਰਾ 98 ਅਤੇ 99 ਦੇ ਤਹਿਤ ਕਾਰਵਾਈ ਕੀਤੀ ਜਾਵੇਗੀ। ਇਸ ਮਾਮਲੇ ‘ਚ ਦੋਸ਼ੀ ਨੂੰ ਘੱਟੋ-ਘੱਟ 7 ਸਾਲ ਅਤੇ ਵੱਧ ਤੋਂ ਵੱਧ 14 ਸਾਲ ਦੀ ਸਜ਼ਾ ਦੀ ਵਿਵਸਥਾ ਹੈ। ਨਵੇਂ ਕਾਨੂੰਨ ਵਿੱਚ ਇਸ ਦੀ ਸਜ਼ਾ ਵਧਾ ਦਿੱਤੀ ਗਈ ਹੈ। ਜਦੋਂ ਕਿ ਪਿਛਲੇ ਕਾਨੂੰਨ ਵਿੱਚ ਆਈਪੀਸੀ ਦੀ ਧਾਰਾ 361 ਤਹਿਤ ਕਾਰਵਾਈ ਕੀਤੀ ਜਾਂਦੀ ਸੀ ਅਤੇ ਵੱਧ ਤੋਂ ਵੱਧ ਸਜ਼ਾ 10 ਸਾਲ ਸੀ।
ਭਾਰਤੀ ਨਿਆਂ ਸੰਹਿਤਾ ਵਿੱਚ ਨਾਬਾਲਿਗਾਂ ਨਾਲ ਬਲਾਤਕਾਰ ਦੇ ਮਾਮਲਿਆਂ ਵਿੱਚ ਸਜ਼ਾ ਨੂੰ ਹੋਰ ਸਖ਼ਤ ਕਰ ਦਿੱਤਾ ਗਿਆ ਹੈ। ਨਵਾਂ ਕਾਨੂੰਨ ਕਹਿੰਦਾ ਹੈ ਕਿ 16 ਸਾਲ ਜਾਂ ਇਸ ਤੋਂ ਘੱਟ ਉਮਰ ਦੀ ਲੜਕੀ ਨਾਲ ਬਲਾਤਕਾਰ ਕਰਨ ਦੇ ਦੋਸ਼ੀ ਨੂੰ ਘੱਟੋ-ਘੱਟ 20 ਸਾਲ ਦੀ ਸਜ਼ਾ ਦਿੱਤੀ ਜਾਵੇਗੀ। ਇਸ ਸਜ਼ਾ ਨੂੰ ਉਮਰ ਕੈਦ ਵਿੱਚ ਵੀ ਬਦਲਿਆ ਜਾ ਸਕਦਾ ਹੈ।
ਭਾਰਤੀ ਨਿਆਂ ਸੰਹਿਤਾ ਦੀ ਧਾਰਾ 65 ਅਨੁਸਾਰ ਜੇਕਰ ਕੋਈ ਵਿਅਕਤੀ 12 ਸਾਲ ਤੋਂ ਘੱਟ ਉਮਰ ਦੀ ਲੜਕੀ ਨਾਲ ਬਲਾਤਕਾਰ ਕਰਦਾ ਹੈ ਤਾਂ ਉਸ ਨੂੰ 20 ਸਾਲ ਤੋਂ ਲੈ ਕੇ ਉਮਰ ਕੈਦ ਤੱਕ ਦੀ ਸਜ਼ਾ ਹੋ ਸਕਦੀ ਹੈ। ਭਾਵ ਜਦੋਂ ਤੱਕ ਉਹ ਜ਼ਿੰਦਾ ਹੈ ਉਹ ਜੇਲ੍ਹ ਵਿੱਚ ਰਹੇਗਾ। ਇਸ ਵਿੱਚ ਮੌਤ ਦੀ ਵੀ ਵਿਵਸਥਾ ਹੈ। ਨਵੇਂ ਕਾਨੂੰਨ ਦੇ ਤਹਿਤ ਨਾਬਾਲਿਗ ਨਾਲ ਸਮੂਹਿਕ ਬਲਾਤਕਾਰ ਲਈ ਭਾਰਤੀ ਨਿਆਂ ਸੰਹਿਤਾ ਦੀ ਧਾਰਾ 70 (2) ਦੇ ਤਹਿਤ ਅਪਰਾਧ ਵਿੱਚ ਸ਼ਾਮਲ ਹਰ ਦੋਸ਼ੀ ਨੂੰ ਮੌਤ ਦੀ ਸਜ਼ਾ ਵੀ ਦਿੱਤੀ ਜਾ ਸਕਦੀ ਹੈ। ਧਾਰਾ 70 (2) ਦੇ ਤਹਿਤ ਕਿਸੇ ਬਾਲਗ ਔਰਤ ਨਾਲ ਸਮੂਹਿਕ ਬਲਾਤਕਾਰ ਦੇ ਮਾਮਲੇ ਵਿੱਚ ਸਜ਼ਾ ਉਮਰ ਕੈਦ ਜਾਂ ਘੱਟੋ-ਘੱਟ 20 ਸਾਲ ਹੋ ਸਕਦੀ ਹੈ। ਇਸ ਤਰ੍ਹਾਂ ਨਵੇਂ ਕਾਨੂੰਨ ਵਿੱਚ ਬੱਚਿਆਂ ਉੱਪਰ ਜੁਰਮ ਕਰਨ ਨਾਲ ਸੰਬੰਧਿਤ ਕੇਸਾਂ ਲਈ ਅਤੇ ਨਾਬਾਲਿਗ ਅਤੇ ਔਰਤਾਂ ਨਾਲ ਬਲਾਤਕਾਰ ਦੇ ਮਾਮਲਿਆਂ ਵਿੱਚ ਸਜ਼ਾ ਪਹਿਲਾਂ ਨਾਲੋਂ ਸਖ਼ਤ ਕੀਤੀ ਗਈ ਹੈ।