ਚੰਡੀਗੜ੍ਹ,9 ਜੁਲਾਈ Gee98 news service
-ਵਿਧਾਨ ਸਭਾ ਹਲਕਾ ਜਲੰਧਰ ਵੈਸਟ ਦੀ ਜ਼ਿਮਨੀ ਚੋਣ ਲਈ ਚੋਣ ਪ੍ਰਚਾਰ ਦੇ ਆਖ਼ਰੀ ਦਿਨ ਮੁੱਖ ਮੰਤਰੀ ਭਗਵੰਤ ਮਾਨ ਦੇ ਇੱਕ ਸਮਾਗਮ ਦੀ ਵਾਇਰਲ ਹੋ ਰਹੀ ਵੀਡੀਓ ਕਾਫੀ ਚਰਚਾ ਵਿੱਚ ਹੈ। ਚੋਣ ਪ੍ਰਚਾਰ ਖਤਮ ਹੋਣ ਤੋਂ ਕੁਝ ਵਕਤ ਪਹਿਲਾਂ ਹੀ ਮੁੱਖ ਮੰਤਰੀ ਜਲੰਧਰ ਸੰਤ ਕਬੀਰ ਮੰਦਰ ਦੇ ਕੋਲ ਇੱਕ ਜਨਸਭਾ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਇੱਕ ਆਪ ਵਰਕਰ ਨੇ ਸਟੇਜ ਦੇ ਨੇੜੇ ਆਉਣ ਦੀ ਕੋਸ਼ਿਸ਼ ਕੀਤੀ ਜਿਸ ਨੂੰ ਸੁਰੱਖਿਆ ਕਰਮਚਾਰੀਆਂ ਨੇ ਰੋਕ ਦਿੱਤਾ। ਇਸ ਤੋਂ ਪਹਿਲਾਂ ਜਦ ਮੁੱਖ ਮੰਤਰੀ ਮੰਚ ‘ਤੇ ਬੈਠੇ ਸਨ ਤੇ ਆਪ ਉਮੀਦਵਾਰ ਮਹਿੰਦਰ ਭਗਤ ਸੰਬੋਧਨ ਕਰ ਰਹੇ ਸਨ ਤਾਂ ਮੁੱਖ ਮੰਤਰੀ ਨੇ ਨੋਟ ਕੀਤਾ ਕਿ ਉਕਤ ਆਪ ਵਰਕਰ ਬਾਕੀ ਵਰਕਰਾਂ ਨੂੰ ਵੀ ਪਰੇਸ਼ਾਨ ਕਰ ਰਿਹਾ ਹੈ ਅਤੇ ਸਟੇਜ ਦੇ ਅੱਗੇ ਆਉਣ ਦੀ ਜ਼ਿੱਦ ਕਰ ਰਿਹਾ ਹੈ ਪਰ ਸੁਰੱਖਿਆ ਕਰਮਚਾਰੀ ਉਸ ਨੂੰ ਰੋਕ ਰਹੇ ਹਨ। ਇਹ ਸਾਰਾ ਕੁਝ ਦੇਖਣ ਤੋਂ ਬਾਅਦ ਜਦ ਮੁੱਖ ਮੰਤਰੀ ਸੰਬੋਧਨ ਕਰਨ ਲੱਗੇ ਤਾਂ ਉਹਨਾਂ ਉਕਤ ਵਰਕਰ ਦੀ ਸਟੇਜ ‘ਤੇ ਹੀ ਕਲਾਸ ਲਗਾ ਦਿੱਤੀ। ਮੁੱਖ ਮੰਤਰੀ ਨੇ ਸਟੇਜ ‘ਤੇ ਹੀ ਉਕਤ ਵਰਕਰ ਨੂੰ ਸੰਬੋਧਨ ਹੁੰਦੇ ਹੋਏ ਕਿਹਾ ਕਿ “ਪਹਿਲੀ ਲਾਈਨ ਵਿੱਚ ਬੈਠਣ ਨਾਲ ਕੀ ਹੋ ਜਾਵੇਗਾ, ਸਾਰੇ ਵਰਕਰ ਆਪਣੀ ਆਪਣੀ ਜਗ੍ਹਾ ‘ਤੇ ਬੈਠੇ ਹਨ, ਸਟੇਜ ਦੇ ਨੇੜੇ ਆਉਣ ਨਾਲ ਕੋਈ ਵੱਡਾ ਅਹੁਦਾ ਨਹੀਂ ਮਿਲੇਗਾ, ਬਾਅਦ ਵਿੱਚ ਇਹੋ ਜਿਹੇ ਵਰਕਰ ਹੀ ਪ੍ਰਧਾਨਗੀਆਂ ਭਾਲਦੇ ਹਨ, ਸਾਡੀ ਪਾਰਟੀ ਨੂੰ ਪ੍ਰਧਾਨਾਂ ਦੀ ਲੋੜ ਨਹੀਂ, ਸਾਨੂੰ ਕੁਰਸੀ ਦੇ ਲਾਲਚੀਆਂ ਦੀ ਲੋੜ ਨਹੀਂ ਜਿੱਥੇ ਵੱਡੇ ਅਹੁਦੇ ਮਿਲਦੇ ਹਨ ਉਥੇ ਚਲੇ ਜਾਓ”। ਮੁੱਖ ਮੰਤਰੀ ਨੇ ਉਕਤ ਵਰਕਰ ਨੂੰ ਸਿੱਧਾ ਹੀ ਕਹਿ ਦਿੱਤਾ “ਜੇਕਰ ਤੁਸੀਂ ਪਾਰਟੀ ਛੱਡਣਾ ਚਾਹੁੰਦੇ ਹੋ ਤਾਂ ਛੱਡ ਦੇਵੋ ਭਾਵੇਂ ਹੁਣੇ ਇਥੋਂ ਚਲੇ ਜਾਵੋ”। ਮੁੱਖ ਮੰਤਰੀ ਦੇ ਗੁੱਸੇ ਨੂੰ ਵੇਖਦੇ ਹੋਏ ਸੁਰੱਖਿਆ ਕਰਮਚਾਰੀਆਂ ਨੇ ਉਕਤ ਵਰਕਰ ਨੂੰ ਸਟੇਜ ਦੇ ਪਿਛਲੇ ਪਾਸੇ ਬਾਹਰ ਦਾ ਰਸਤਾ ਦਿਖਾ ਦਿੱਤਾ। ਇਹ ਹੰਗਾਮਾ ਜਲੰਧਰ ਜ਼ਿਮਨੀ ਚੋਣ ਲਈ ਮੁੱਖ ਮੰਤਰੀ ਦੀ ਆਖਰੀ ਚੋਣ ਸਭਾ ਵਿੱਚ ਹੋਇਆ। ਇਸ ਤੋਂ ਤੁਰੰਤ ਬਾਅਦ ਹੀ ਚੋਣ ਪ੍ਰਚਾਰ ਖਤਮ ਹੋ ਗਿਆ। ਮੁੱਖ ਮੰਤਰੀ ਵੀ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ।