ਚੰਡੀਗੜ੍ਹ,14 ਜੁਲਾਈ, Gee98 news service
-ਜੇਕਰ ਤੁਸੀਂ ਆਪਣੀ ਮਹਿੰਗੀ ਗੱਡੀ ਦੇ ਸਨਰੂਫ ਵਿੱਚੋਂ ਬਾਹਰ ਨਿਕਲ ਕੇ ਨਜ਼ਾਰੇ ਲੈਣ ਦੇ ਸ਼ੌਕੀਨ ਹੋਣ ਦਾ ਤੁਹਾਨੂੰ ਹੁਣ ਆਪਣੀ ਇਹ ਆਦਤ ਬਦਲਣੀ ਪਵੇਗੀ। ਪੰਜਾਬ ਪੁਲਿਸ ਨੇ ਇਸ ਸਬੰਧੀ ਨਵੇਂ ਹੁਕਮ ਜਾਰੀ ਕੀਤੇ ਹਨ ਜਿਨਾਂ ਤਹਿਤ ਗੱਡੀ ਦੇ ਸਨਰੂਫ ਵਿੱਚੋਂ ਬਾਹਰ ਨਿਕਲ ਕੇ ਨਜ਼ਾਰੇ ਲੈਣ, ਹੁੱਲੜਬਾਜ਼ੀ ਕਰਨ ਵਾਲਿਆਂ ਦੇ ਖ਼ਿਲਾਫ਼ ਜਿੱਥੇ ਚਲਾਨ ਕੱਟਿਆ ਜਾਵੇਗਾ ਉੱਥੇ ਮੁਕੱਦਮਾ ਵੀ ਦਰਜ ਕੀਤਾ ਜਾ ਸਕਦਾ ਹੈ। ਪੰਜਾਬ ਪੁਲਿਸ ਦੇ ਵਧੀਕ ਡਾਇਰੈਕਟਰ ਜਨਰਲ, ਟ੍ਰੈਫਿਕ ਅਤੇ ਸੜਕ ਸੁਰੱਖਿਆ ਨੇ ਇਸ ਸਬੰਧੀ ਇੱਕ ਪੱਤਰ ਸੂਬੇ ਦੇ ਪੁਲਿਸ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਜਾਰੀ ਕਰ ਦਿੱਤਾ ਹੈ। ਦਰਅਸਲ, ਪੰਜਾਬ ‘ਚ ਹੁਣ ਲਗਜ਼ਰੀ ਗੱਡੀਆਂ ਦੇ ਉੱਪਰ ਬਣੇ ਸਨਰੂਫ ‘ਚੋਂ ਬਾਹਰ ਨਿਕਲ ਕੇ ਹੁਲੜਬਾਜ਼ੀ ਕਰਨ, ਚੀਕਾਂ ਮਾਰਨ ਦੀਆਂ ਵੀਡੀਓਜ਼ ਅਕਸਰ ਸੋਸ਼ਲ ਮੀਡੀਆ ‘ਤੇ ਵਾਇਰਲ ਹੁੰਦੀਆਂ ਰਹਿੰਦੀਆਂ ਹਨ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਅਜਿਹੇ ਹੁੱਲੜਬਾਜ਼ਾਂ ਦੇ ਖ਼ਿਲਾਫ਼ ਸਖ਼ਤੀ ਕਰਨ ਦਾ ਫੈਸਲਾ ਕੀਤਾ ਹੈ ਕਿਉਂਕਿ ਅਜਿਹਾ ਕਰਨ ਨਾਲ ਡਰਾਈਵਰ ਦਾ ਧਿਆਨ ਭਟਕਦਾ ਹੈ ਅਤੇ ਹਾਦਸੇ ਦੀ ਗੁੰਜਾਇਸ਼ ਬਣੀ ਰਹਿੰਦੀ ਹੈ। ਪੰਜਾਬ ਦੇ ਸਮੂਹ ਪੁਲਿਸ ਕਮਿਸ਼ਨਰਾਂ ਅਤੇ ਸੀਨੀਅਰ ਪੁਲਿਸ ਕਪਤਾਨਾਂ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਆਪਣੇ ਅਧੀਨ ਤਾਇਨਾਤ ਮੁਲਾਜ਼ਮਾਂ/ਟਰੈਫਿਕ ਕਰਮਚਾਰੀਆਂ ਨੂੰ ਹਦਾਇਤ ਕੀਤੀ ਜਾਵੇ ਕਿ ਅਗਰ ਕੋਈ ਵਹੀਕਲ/ਕਾਰ ਦੌਰਾਨੇ ਚੈਕਿੰਗ ਨੋਟਿਸ ਵਿੱਚ ਆਉਂਦੀ ਹੈ, ਜਿਸ ਦੇ ਸਨਰੂਫ ਦੀ ਗਲਤ ਵਰਤੋਂ ਕੀਤੀ ਜਾਂਦੀ ਹੋਵੇ,ਤਾਂ ਉਸ ਦੇ ਖਿਲਾਫ਼ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ।
