ਚੰਡੀਗੜ੍ਹ,15 ਜੁਲਾਈ, Gee98 news service
-ਆਮ ਆਦਮੀ ਪਾਰਟੀ ਦੇ ਵਿਧਾਇਕਾਂ/ਆਗੂਆਂ ਦੀ ਕੱਚਘਰੜ ਰਾਜਨੀਤੀ ਅਕਸਰ ਸਾਹਮਣੇ ਆਉਂਦੀ ਰਹਿੰਦੀ ਹੈ ਜਿਸ ਨਾਲ ਪਾਰਟੀ ਦਾ ਅਕਸ ਖਰਾਬ ਹੁੰਦਾ ਹੈ ਅਤੇ ਸੀਨੀਅਰ ਆਗੂਆਂ ਨੂੰ ਵੀ ਨਮੋਸ਼ੀ ਦਾ ਸਾਹਮਣਾ ਕਰਨਾ ਪੈਂਦਾ ਹੈ। ਅਜਿਹੀ ਇੱਕ ਆਡੀਓ ਸਾਹਮਣੇ ਆ ਰਹੀ ਹੈ ਜੋ ਸ੍ਰੀ ਹਰਗੋਬਿੰਦਪੁਰ ਦੇ ਆਪ ਵਿਧਾਇਕ ਅਮਰਪਾਲ ਸਿੰਘ ਦੀ ਦੱਸੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ 7 ਜੁਲਾਈ ਨੂੰ ਬਟਾਲਾ ਦੇ ਸ੍ਰੀ ਹਰਗੋਬਿੰਦਪੁਰ ਦੇ ਲਾਈਟਵਾਲਾ ਚੌਕ ਵਿੱਚ ਦੋ ਧੜਿਆਂ ਵਿਚਾਲੇ ਹੋਈ ਗੋਲ਼ੀਬਾਰੀ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋ ਗਈ ਸੀ। ਹੁਣ ਇਸ ਮਾਮਲੇ ਦੀ ਇੱਕ ਆਡੀਓ ਇੰਟਰਨੈੱਟ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਆਡੀਓ ਸ੍ਰੀ ਹਰਗੋਬਿੰਦਪੁਰ ਦੇ ਵਿਧਾਇਕ ਅਮਰਪਾਲ ਸਿੰਘ ਦੀ ਦੱਸੀ ਜਾ ਰਹੀ ਹੈ। ਇਸ ‘ਚ ਇਕ ਵਿਅਕਤੀ ਵਿਧਾਇਕ ਨਾਲ ਫੋਨ ‘ਤੇ ਗੱਲ ਕਰ ਰਿਹਾ ਹੈ ਅਤੇ ਗੋਲੀਬਾਰੀ ਦੀ ਘਟਨਾ ਦੀ ਸਾਰੀ ਜ਼ਿੰਮੇਵਾਰੀ ਵਿਧਾਇਕ ‘ਤੇ ਪਾ ਰਿਹਾ ਹੈ। ਵਿਧਾਇਕ ਨੂੰ ਫੋਨ ਕਰਨ ਵਾਲਾ ਵਾਰ-ਵਾਰ ਕਹਿ ਰਿਹਾ ਹੈ ਕਿ ਤੁਸੀਂ ਪੁਲਿਸ ਨੂੰ ਕੋਈ ਕਾਰਵਾਈ ਨਹੀਂ ਕਰਨ ਦਿੱਤੀ ਅਤੇ ਜੇਕਰ ਪੁਲਿਸ ਨੂੰ ਨਾ ਰੋਕਿਆ ਹੁੰਦਾ ਤਾਂ ਇਹ ਖੂਨ-ਖਰਾਬਾ ਨਾ ਹੁੰਦਾ ਅਤੇ ਲੋਕਾਂ ਦੀਆਂ ਜਾਨਾਂ ਨਾ ਜਾਂਦੀਆਂ। ਹੁਣ ਇਸ ਆਡੀਓ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਹੈ ਕਿਉਂਕਿ ਉਕਤ ਵਿਅਕਤੀ ਦੇ ਦੋਸ਼ਾਂ ‘ਤੇ ਵਿਧਾਇਕ ਅਮਰਪਾਲ ਸਿੰਘ ਆਡੀਓ ਦੇ ਅੰਤ ‘ਚ ਕਹਿੰਦੇ ਹਨ ਕਿ “ਹਾਂ, ਘਟਨਾ ਉਨ੍ਹਾਂ ਵੱਲੋਂ ਹੀ ਕਰਵਾਈ ਗਈ ਸੀ ਭਾਵ ਕਿ ਜਿਸ ਗੋਲੀਬਾਰੀ ਦੀ ਘਟਨਾ ਵਿੱਚ ਚਾਰ ਵਿਅਕਤੀਆਂ ਦੀ ਮੌਤ ਹੋਈ ਉਸ ਘਟਨਾ ਵਿੱਚ ਵਿਧਾਇਕ ਦਾ ਹੀ ਹੱਥ ਹੈ”। ਜਦੋਂ ਇਹ ਆਡੀਓ ਵਾਇਰਲ ਹੋ ਗਈ ਤਾਂ ਇਸ ਸਬੰਧੀ ਆਪਣਾ ਪੱਖ ਰੱਖਦੇ ਹੋਏ ਵਿਧਾਇਕ ਅਮਰਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਫੋਨ ਕਰਨ ਵਾਲਾ ਵਿਅਕਤੀ ਵਾਰ-ਵਾਰ ਉਨ੍ਹਾਂ ‘ਤੇ ਇਸ ਘਟਨਾ ਲਈ ਝੂਠੇ ਦੋਸ਼ ਲਗਾ ਰਿਹਾ ਸੀ ਅਤੇ ਇਸ ਪੂਰੇ ਮਾਮਲੇ ਲਈ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾ ਰਿਹਾ ਸੀ। ਇਸ ‘ਤੇ ਉਸ ਨੇ ਗੁੱਸੇ ‘ਚ ਕਹਿ ਦਿੱਤਾ ਕਿ- ‘ਹਾਂ, ਮੈਂ ਹੀ ਸਭ ਕਰਵਾਇਆ ਹੈ, ਜੋ ਕਰਨਾ ਹੈ ਕਰ ਲਓ।’ ਵਿਧਾਇਕ ਨੇ ਦੱਸਿਆ ਕਿ ਜਦੋਂ ਫੋਨ ਆਇਆ ਤਾਂ ਉਸ ਸਮੇਂ “ਮੈਂ ਸੌਂ ਰਿਹਾ ਸੀ ਅਤੇ ਨੀਂਦ ‘ਚ ਜਾਗਣ ‘ਤੇ ਮੈਂ ਥੋੜਾ ਜਿਹਾ ਖਿਝ ਗਿਆ ਅਤੇ ਮੈਂ ਇਹ ਗੱਲ ਕਹਿ ਦਿੱਤੀ”।