Skip to main content

Gee 98News

ਡੇਰਾ ਮੁਖੀ ਨੂੰ ਮਾਫ਼ੀ ਦੇਣ ਵਾਲੇ ਸਿੰਘ ਸਾਹਿਬਾਨਾਂ ਤੱਕ ਵੀ ਪੁੱਜੇਗਾ ਬਗਾਵਤ ਦਾ ਸੇਕ….!

ਚੰਡੀਗੜ੍ਹ,15 ਜੁਲਾਈ, Gee98 news service

-ਸ਼੍ਰੋਮਣੀ ਅਕਾਲੀ ਦਲ ਵਿੱਚ ਬਗਾਵਤ ਦੇ ਚਲਦਿਆਂ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇਣ ਦਾ ਮੁੱਦਾ ਵੀ ਭਖਿਆ ਹੋਇਆ ਹੈ। ਅਕਾਲੀ ਦਲ ਦੇ ਬਾਗੀ ਆਗੂਆਂ ਵੱਲੋਂ ਡੇਰਾ ਸਿਰਸਾ ਮੁਖੀ ਨੂੰ ਮਾਫੀ ਦੇਣ ਦੇ ਮੁੱਦੇ ਨੂੰ ਪਹਿਲ ਦੇ ਅਧਾਰ ‘ਤੇ ਪ੍ਰਚਾਰਿਆ ਜਾ ਰਿਹਾ ਅਤੇ ਇਸ ਦੇ ਲਈ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਕੁਝ ਹੋਰਾਂ ਨੂੰ ਜ਼ਿੰਮੇਵਾਰ ਕਿਹਾ ਜਾ ਰਿਹਾ ਹੈ। ਇਸ ਤੋਂ ਵੀ ਅੱਗੇ ਵਧ ਕੇ ਹੁਣ ਇਸ ਮਾਮਲੇ ਵਿੱਚ ਡੇਰਾ ਮੁਖੀ ਨੂੰ ਮਾਫੀ ਦੇਣ ਵਾਲੇ ਸਿੰਘ ਸਾਹਿਬਾਨ ਵੀ ਦੋਸ਼ਾਂ ਦੇ ਘੇਰੇ ਵਿੱਚ ਆ ਗਏ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਪੰਜਾਬ ਦੇ ਚੇਅਰਮੈਨ ਮਨਜੀਤ ਸਿੰਘ ਭੋਮਾ ਨੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਗਿਆਨੀ ਰਘਬੀਰ ਸਿੰਘ ਨੂੰ ਅਪੀਲ ਕੀਤੀ ਹੈ ਕਿ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫ਼ ਕਰਵਾਉਣ ਵਾਲੇ ਅਸਲ ਦੋਸ਼ੀਆਂ ਦੀ ਪੈੜ ਨੱਪਣ ਲਈ ਸਭ ਤੋਂ ਪਹਿਲਾਂ ਮੁਆਫ਼ ਕਰਨ ਵਾਲੇ ਪੰਜ ਸਿੰਘ ਸਾਹਿਬਾਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਕੇ ਇਸ ਦਿੱਤੀ ਗਈ ਮੁਆਫੀ ਦੀ ਪਰਦੇ ਪਿਛਲੀ ਕਹਾਣੀ ਦਾ ਸਪੱਸ਼ਟੀਕਰਨ ਲੈ ਕੇ ਅਸਲ ਦੋਸ਼ੀ ਸੰਗਤ ਦੀ ਕਚਹਿਰੀ ਵਿੱਚ ਬੇਨਕਾਬ ਕਰਕੇ ਇਹਨਾਂ ਦੋਸ਼ੀਆਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਕੇ ਸਖ਼ਤ ਸਜ਼ਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ। ਉਸ ਸਮੇਂ ਦੇ ਪੰਜ ਸਿੰਘ ਸਾਹਿਬਾਨਾਂ ਨੂੰ ਇਹ ਵੀ ਪੁੱਛਿਆ ਜਾਵੇ ਕਿ ਗੁਰਮੀਤ ਰਾਮ ਰਹੀਮ ਦਾ ਮਾਫ਼ੀਨਾਮਾ ਕੌਣ ਲੈ ਕੇ ਆਇਆਂ ? ਉਸ ਮਾਫ਼ੀਨਾਮੇ ‘ਤੇ ਗੁਰਮੀਤ ਰਾਮ ਰਹੀਮ ਦੇ ਦਸਤਖਤ ਅਸਲੀ ਹਨ ਜਾਂ ਨਕਲੀ ਕਿਉਂਕਿ ਗੁਰਮੀਤ ਰਾਮ ਰਹੀਮ ਦਾ ਉਸ ਸਮੇਂ ਦਾ ਇਕਬਾਲੀਆ ਬਿਆਨ ਹੈ ਕਿ ਮੈਂ ਕੋਈ ਗੁਨਾਹ ਹੀ ਨਹੀਂ ਕੀਤਾ ਫਿਰ ਮੁਆਫ਼ੀ ਕਿਸ ਗੱਲ ਦੀ। ਇਹ ਮੁਆਫੀ ਨਾਮੇ ਵਾਲਾ ਪੱਤਰ ਅੱਜ ਤੱਕ ਇੱਕ ਬੁਝਾਰਤ ਬਣਿਆ ਹੋਇਆ ਹੈ ਕਿ ਉਹ ਪੱਤਰ ਅਸਲੀ ਸੀ ਕਿ ਨਕਲੀ। ਇਹ ਪੱਤਰ ਪ੍ਰੈੱਸ ਤੇ ਸੰਗਤ ਵਿੱਚ ਵੀ ਜਨਤਕ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਸ ਸਮੇਂ ਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਵੀ ਅਕਾਲ ਤਖ਼ਤ ਸਾਹਿਬ ‘ਤੇ ਤਲਬ ਕਰਨੀ ਚਾਹੀਦੀ ਹੈ ਜਿਹਨਾਂ ਨੇ ਮਤਾ ਪਾਸ ਕਰਕੇ ਗੁਰਮੀਤ ਰਾਮ ਰਹੀਮ ਨੂੰ ਦਿੱਤੀ ਗਈ ਮੁਆਫੀ ਨੂੰ ਜਾਇਜ਼ ਠਹਿਰਾਇਆ ਸੀ।ਇਹ ਮਤਾ ਅੱਜ ਤੱਕ ਰੱਦ ਨਹੀਂ ਹੋਇਆ,ਮੁਆਫੀ ਤਾਂ ਰੱਦ ਹੋ ਗਈ ਸੰਗਤਾਂ ਦੇ ਦਬਾਅ ‘ਤੇ ਭਾਰੀ ਗੁੱਸੇ ਕਾਰਨ ਪਰ ਮਤਾ ਅੱਜ ਤੱਕ ਰੱਦ ਨਹੀਂ ਹੋਇਆ। ਮਨਜੀਤ ਸਿੰਘ ਭੋਮਾ ਨੇ ਕਿਹਾ ਕਿ ਪੰਥ ਨੂੰ ਇਨਸਾਫ਼ ਦੇਣ ਅਤੇ ਅਸਲ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇਣ ਲਈ ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਅਕਾਲੀ ਫੂਲਾ ਸਿੰਘ ਵਾਲਾ ਰੋਲ਼ ਨਿਭਾਉਣਾ ਪਵੇਗਾ ਤਾਂ ਹੀ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਸਕਦਾ ਹੈ।

error: Content is protected !!