Gee 98News

ਬਾਗੀ ਅਕਾਲੀ ਆਗੂਆਂ ਦੀ ਵੱਡੀ ਗਲਤੀ…ਆਪਣੇ ਤੋਂ ਸ਼ੁਰੂ ਕਰਨੀ ਪਵੇਗੀ ਸੁਧਾਰ ਲਹਿਰ

ਚੰਡੀਗੜ੍ਹ,16 ਜੁਲਾਈ, Gee98 news service
-ਸ਼੍ਰੋਮਣੀ ਅਕਾਲੀ ਦਲ ਦੇ ਬਾਗੀ ਆਗੂਆਂ ਨੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਖਿਲਾਫ਼ ਆਰ ਪਾਰ ਦੀ ਲੜਾਈ ਲੜਨ ਦਾ ਫੈਸਲਾ ਕਰ ਲਿਆ ਹੈ। ਇਹਨਾਂ ਬਾਗੀ ਅਕਾਲੀ ਆਗੂਆਂ ਨੇ ਪਾਰਟੀ ਛੱਡਣ ਦੀ ਬਜਾਏ ਪਾਰਟੀ ਪਲੇਟਫਾਰਮ ‘ਤੇ ਰਹਿ ਕੇ ਹੀ ਪ੍ਰਧਾਨ ਨੂੰ ਬਦਲਣ ਲਈ ਇੱਕ ਮੁਹਿੰਮ ਸ਼ੁਰੂ ਕਰਨ ਦਾ ਐਲਾਨ ਕੀਤਾ ਜਿਸ ਵਿੱਚ ਅਤੀਤ ‘ਚ ਪਾਰਟੀ ਛੱਡ ਚੁੱਕੇ ਜਾਂ ਪਾਰਟੀ ਵਿੱਚੋਂ ਕੱਢੇ ਗਏ ਅਕਾਲੀ ਆਗੂਆਂ ਨੂੰ ਆਪਣੇ ਪਲੇਟਫਾਰਮ ‘ਤੇ ਲਿਆਂਦਾ ਜਾਵੇਗਾ। ਬਾਗੀ ਅਕਾਲੀ ਆਗੂਆਂ ਨੇ ਸੋਮਵਾਰ ਮੀਟਿੰਗ ਕਰਕੇ ਅਕਾਲੀ ਦਲ ਸੁਧਾਰ ਲਹਿਰ ਸ਼ੁਰੂ ਕਰਨ ਦਾ ਐਲਾਨ ਕੀਤਾ। ਇਸ ਮੌਕੇ ਸੀਨੀਅਰ ਅਕਾਲੀ ਆਗੂ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਕਨਵੀਨਰ ਦੀ ਜ਼ਿੰਮੇਵਾਰੀ ਦਿੱਤੀ ਗਈ ਅਤੇ ਬਾਕੀ ਮੈਂਬਰ ਬਾਅਦ ਵਿੱਚ ਚੁਣਨ ਦਾ ਐਲਾਨ ਕੀਤਾ ਗਿਆ। ਬਾਗੀ ਅਕਾਲੀ ਆਗੂਆਂ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਇੱਕ ਵੱਖਰਾ ਨਜ਼ਾਰਾ ਵੇਖਣ ਲਈ ਮਿਲਿਆ ਜਿਸ ਤੋਂ ਸਪੱਸ਼ਟ ਹੋ ਜਾਂਦਾ ਹੈ ਕਿ ਇਹਨਾਂ ਬਾਗੀ ਅਕਾਲੀ ਆਗੂਆਂ ਦੀ ਮਨਸ਼ਾ ਵੀ “ਸੁਧਾਰ ਤੋਂ ਜ਼ਿਆਦਾ ਕੁਰਸੀ” ਦੀ ਲਾਲਸਾ ਹੀ ਹੈ, ਜੇਕਰ ਅਜਿਹਾ ਨਾ ਹੋਵੇ ਤਾਂ ਇਹਨਾਂ ਬਾਗੀ ਅਕਾਲੀ ਆਗੂਆਂ ਨੂੰ ਸੁਧਾਰ ਦੀ ਸ਼ੁਰੂਆਤ ਪਹਿਲਾਂ ਆਪਣੇ ਘਰ ਤੋਂ ਕਰਨੀ ਚਾਹੀਦੀ ਹੈ। ਧਿਆਨਦੇਣ ਯੋਗ ਹੈ ਕਿ ਜਿਸ ਵੇਲੇ ਪ੍ਰੈਸ ਕਾਨਫਰੰਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸੁਖਦੇਵ ਸਿੰਘ ਢੀਂਡਸਾ ਨੇ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਕਨਵੀਨਰ ਚੁਣੇ ਜਾਣ ‘ਤੇ ਸਿਰੋਪਾ ਪਾ ਕੇ ਸਨਮਾਨਿਤ ਕੀਤਾ ਉਸ ਵੇਲੇ ਵਡਾਲਾ ਦੀ ਦਾੜੀ ਬੰਨੀ ਹੋਈ ਸੀ। ਗੁਰਪ੍ਰਤਾਪ ਸਿੰਘ ਵਡਾਲਾ ਨੇ ਜਦੋਂ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਉਸ ਵੇਲੇ ਵੀ ਉਹਨਾਂ ਦੀ ਦਾੜੀ ਬੰਨੀ ਹੋਈ ਜਿਸ ਵੱਲ ਕਿਸੇ ਨੇ ਧਿਆਨ ਨਹੀਂ ਦਿੱਤਾ ਕਿ ਘੱਟੋ ਘੱਟ ਜਿਸ ਵਿਅਕਤੀ ਨੂੰ ਅਕਾਲੀ ਦਲ ਸੁਧਾਰ ਲਹਿਰ ਦਾ ਕਨਵੀਨਰ ਚੁਣਿਆ ਗਿਆ ਉਹ ਖੁਦ ਸਿੱਖੀ ਅਤੇ ਗੁਰਮਤ ਸਿਧਾਂਤਾਂ ਦੇ ਅਨੁਸਾਰ ਲੋਕਾਂ ਸਾਹਮਣੇ ਪੇਸ਼ ਹੋਵੇ। ਇਸ ਮੌਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਵੀ ਹਾਜ਼ਰ ਸਨ। ਹੈਰਾਨੀ ਦੀ ਗੱਲ ਹੈ ਕਿ ਬੀਬੀ ਜਗੀਰ ਕੌਰ ਨੇ ਹੀ ਸੁਖਬੀਰ ਸਿੰਘ ਢੀਂਡਸਾ ਨੂੰ ਸੱਦਾ ਦਿੱਤਾ ਕਿ ਉਹ ਗੁਰਪ੍ਰਤਾਪ ਸਿੰਘ ਵਡਾਲਾ ਨੂੰ ਕਨਵੀਨਰ ਚੁਣੇ ਜਾਣ ‘ਤੇ ਸਿਰੋਪਾਓ ਨਾਲ ਸਨਮਾਨਿਤ ਕਰਨ। ਸ਼੍ਰੋਮਣੀ ਅਕਾਲੀ ਦਲ ਵਿੱਚ ਕਮੀਆਂ ਨੂੰ ਕੋਈ ਵੀ ਨਹੀਂ ਨਕਾਰ ਸਕਦਾ ਤੇ ਇਹਨਾਂ ਵਿੱਚ ਸੁਧਾਰ ਦੀ ਗੁੰਜਾਇਸ਼ ਵੀ ਹੈ ਪਰੰਤੂ ਸੁਧਾਰ ਦਾ ਦਾਅਵਾ ਕਰਨ ਵਾਲਿਆਂ ਨੂੰ ਪਹਿਲਾਂ ਆਪਣੀ ਪੀੜੀ ਹੇਠ ਸੋਟਾ ਮਾਰ ਕੇ ਇਹ ਸੁਧਾਰ ਲਹਿਰ ਆਪਣੇ ਤੋਂ ਸ਼ੁਰੂ ਕਰਨੀ ਪਵੇਗੀ ਭਾਵ ਕਿ ਇਹਨਾਂ ਅਕਾਲੀ ਆਗੂਆਂ ਨੂੰ ਖੁਦ ਅਕਾਲੀ ਰੂਪ ਵਿੱਚ ਆ ਕੇ ਗੁਰਮਤਿ ਸਿਧਾਂਤ ਵਿੱਚ ਪ੍ਰਪੱਕਤਾ ਅਨੁਸਾਰ ਲੋਕਾਂ ਵਿੱਚ ਵਿਚਰਨਾ ਪਵੇਗਾ।
ਫੋਟੋ ਕੈਪਸ਼ਨ-ਦਾੜੀ ਬੰਨ ਕੇ ਪ੍ਰੈਸ ਕਾਨਫਰੰਸ ਕਰਦੇ ਹੋਏ ਗੁਰਪ੍ਰਤਾਪ ਸਿੰਘ ਵਡਾਲਾ

error: Content is protected !!