ਚੰਡੀਗੜ੍ਹ,24 ਜੁਲਾਈ, Gee98 news service
-ਜ਼ਿਲ੍ਹਾ ਬਾਰ ਐਸੋਸੀਏਸ਼ਨ ਕਪੂਰਥਲਾ ਅਤੇ ਉਥੋਂ ਦੇ ਐਸਐਸਪੀ ਵਿਚਕਾਰ ਮਾਮਲਾ ਗੜਬੜ ਹੋਣ ਕਾਰਨ ਮੰਗਲਵਾਰ ਵੀ ਕਪੂਰਥਲਾ ਭੁਲੱਥ, ਸੁਲਤਾਨਪੁਰ ਲੋਧੀ ਅਤੇ ਫਗਵਾੜਾ ਅਦਾਲਤਾਂ ਵਿੱਚ “ਨੋ ਵਰਕ ਡੇ” ਰਿਹਾ। ਦੱਸ ਦੇਈਏ ਕਿ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਰਾਜਬੀਰ ਸਿੰਘ ਬਾਵਾ ਸਮੇਤ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਸਕੱਤਰ ਸਤਿੰਦਰ ਖਿੰਡਾ, ਮੀਤ ਪ੍ਰਧਾਨ ਪਿਊਸ਼ ਮਨਚੰਦਾ, ਐਡਵੋਕੇਟ ਐੱਸ.ਐੱਸ ਮੱਲ੍ਹੀ ਅਤੇ ਹੋਰ ਸੀਨੀਅਰ ਬਾਰ ਮੈਂਬਰਾਂ ਨੇ ਸੋਮਵਾਰ ਨੂੰ ਐਸਐਸਪੀ ਕਪੂਰਥਲਾ ਵਤਸਲਾ ਗੁਪਤਾ ਨੂੰ ਜ਼ਮੀਨੀ ਵਿਵਾਦ ਦੇ ਮਾਮਲੇ ਦੀ ਸੱਚਾਈ ਤੋਂ ਜਾਣੂ ਕਰਵਾਉਣ ਲਈ ਮਿਲਣ ਗਏ ਸਨ, ਬਾਰ ਮੈਂਬਰਾਂ ਦੀ ਗੱਲ ਸੁਣੇ ਬਿਨਾਂ ਹੀ ਐਸਐਸਪੀ ਨੇ ਹੰਕਾਰੀ ਰੂਪ ‘ਚ ਕਿਹਾ ਕਿ ਵਕੀਲਾਂ ਨੂੰ ਜਾਣਨ ਦਾ ਕੋਈ ਹੱਕ ਨਹੀਂ ਹੈ ਤੇ ਉਹ ਉਥੋਂ ਚਲੇ ਜਾਣ। ਜਦੋਂ ਬਾਰ ਮੈਂਬਰਾਂ ਵਲੋਂ ਐਸਐਸਪੀ ਨੂੰ ਨਿਮਰਤਾ ਨਾਲ ਦੁਬਾਰਾ ਕਿਹਾ ਗਿਆ ਤਾਂ ਐੱਸਐੱਸਪੀ ਨੇ ਉਨ੍ਹਾਂ ਨੂੰ ‘ਅਵਾਜ ਨੀਵੀਂ ਕਰਕੇ ਗੱਲ ਕਰੋ’ ਕਰਕੇ ਕਿਹਾ। ਵਕੀਲਾਂ ਦਾ ਕਹਿਣਾ ਹੈ ਕਿ ਐਸਐਸਪੀ ਨੇ ਉਨ੍ਹਾਂ ਨਾਲ ਦੁਰਵਿਵਹਾਰ ਕੀਤਾ ਸਗੋਂ ਪੇਸ਼ੇ ਦੀ ਗਰਿਮਾ ਨੂੰ ਵੀ ਠੇਸ ਪਹੁੰਚਾਈ ਹੈ। ਸੂਤਰਾਂ ਅਨੁਸਾਰ ਅੱਜ ਬੁੱਧਵਾਰ ਜ਼ਿਲ੍ਹਾ ਤੇ ਸੈਸ਼ਨ ਜੱਜ ਕਪੂਰਥਲਾ ਵਕੀਲਾਂ ਤੇ ਐਸਐਸਪੀ ਵਿਚਕਾਰ ਮੀਟਿੰਗ ਕਰਵਾ ਕੇ ਮਾਮਲੇ ਨੂੰ ਨਿਪਟਾਉਣ ਲਈ ਯਤਨ ਕਰਨਗੇ ਪ੍ਰੰਤੂ ਦੂਜੇ ਪਾਸੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦਾ ਕਹਿਣਾ ਹੈ ਕਿ ਜੇਕਰ ਅੱਜ ਦੀ ਮੀਟਿੰਗ ਵਿੱਚ ਕੋਈ ਹੱਲ ਨਾ ਨਿਕਲਿਆ ਤਾਂ ਪੂਰੇ ਪੰਜਾਬ ਤਾਂ ਕਿ ਇਹ ਸੰਘਰਸ਼ ਲੈ ਕੇ ਜਾਇਆ ਜਾਵੇਗਾ। ਵਕੀਲਾਂ ਦੀ ਮੰਗ ਹੈ ਕਿ ਐਸਐਸਪੀ ਦੀ ਤੁਰੰਤ ਬਦਲੀ ਕੀਤੀ ਜਾਵੇ ਜਾਂ ਫਿਰ ਐਸਐਸਪੀ ਲਿਖਤੀ ਤੌਰ ‘ਤੇ ਵਕੀਲਾਂ ਤੋਂ ਦੁਰਵਿਹਾਰ ਕਰਨ ਲਈ ਮਾਫੀ ਮੰਗਣ।
ਫੋਟੋ ਕੈਪਸ਼ਨ-ਕੰਮ ਛੱਡ ‘ਕੇ ਹੜਤਾਲ ਤੇ ਬੈਠੇ ਵਕੀਲ।








