ਚੰਡੀਗੜ੍ਹ,25 ਜੁਲਾਈ, Gee98 news service
-ਪੁਲਿਸ ਨੇ ਫੌਜ ਵਿੱਚ ਭਰਤੀ ਹੋਏ ਇੱਕ ਅਗਨੀਵੀਰ ਨੂੰ ਉਸਦੇ ਭਰਾ ਤੇ ਦੋਸਤ ਸਮੇਤ ਕਾਬੂ ਕੀਤਾ ਜੋ ਅਸਲੇ ਦੀ ਨੋਕ ‘ਤੇ ਵਹੀਕਲਾਂ ਦੀ ਲੁੱਟ ਕਰਕੇ ਜਾਅਲੀ ਦਸਤਾਵੇਜ਼ ਬਣਾ ਕੇ ਅੱਗੇ ਵੇਚਦਾ ਸੀ। ਮੁਲਜ਼ਮ ਅਗਨੀਵੀਰ ਇਸ਼ਮੀਤ ਸਿੰਘ ਦੋ ਮਹੀਨੇ ਪਹਿਲਾਂ ਛੁੱਟੀ ਆਇਆ ਸੀ ਪ੍ਰੰਤੂ ਉਹ ਮੁੜ ਕੇ ਵਾਪਸ ਨਹੀਂ ਗਿਆ। ਮੋਹਾਲੀ ਦੇ ਐਸਐਸਪੀ ਸੰਦੀਪ ਗਰਗ ਦੇ ਦੱਸਣ ਅਨੁਸਾਰ ਮੁਲਜ਼ਮ ਇਸ਼ਮੀਤ ਸਿੰਘ ਨੇ ਫੌਜ ਵਿੱਚੋਂ ਛੁੱਟੀ ਆਉਂਦੇ ਹੋਏ ਕਾਨਪੁਰ ਤੋਂ ਨਜਾਇਜ਼ ਅਸਲਾ ਖਰੀਦਿਆ ਅਤੇ ਉਹ ਆਪਣੇ ਭਰਾ ਤੇ ਇੱਕ ਦੋਸਤ ਨਾਲ ਗੈਂਗ ਬਣਾ ਕੇ ਅਸਲੇ ਦੀ ਨੋਕ ‘ਤੇ ਲੋਟਾਂ ਖੋਹਾਂ ਕਰਨ ਲੱਗ ਪਿਆ। ਮੁੱਢਲੇ ਤੌਰ ‘ਤੇ ਤਿੰਨੋ ਮੁਲਜ਼ਮ ਫਾਜ਼ਿਲਕਾ ਦੇ ਰਹਿਣ ਵਾਲੇ ਹਨ ਪਰ ਉਹਨਾਂ ਨੇ ਮੋਹਾਲੀ ਦੇ ਬਲੌਂਗੀ ਖੇਤਰ ਚ ਇੱਕ ਕਮਰਾ ਕਿਰਾਏ ‘ਤੇ ਲਿਆ ਹੋਇਆ ਸੀ। ਮੁਲਜ਼ਮ ਮੋਹਾਲੀ ਖੇਤਰ ਦੇ ਵਿੱਚੋਂ ਵਹੀਕਲ ਲੁੱਟ ਖੋਹ ਕਰਕੇ ਫਾਜ਼ਿਲਕਾ ਲੈ ਜਾਂਦੇ ਸਨ ਜਿੱਥੇ ਜਾਅਲੀ ਦਸਤਾਵੇਜ਼ ਤਿਆਰ ਕਰਕੇ ਵੇਚਦੇ ਸਨ। ਮੁਲਜ਼ਮਾਂ ਦੀ ਪਛਾਣ ਅਗਨੀਵੀਰ ਇਸ਼ਮੀਤ ਸਿੰਘ, ਉਸ ਦੇ ਭਰਾ ਪ੍ਰਭਪ੍ਰੀਤ ਅਤੇ ਦੋਸਤ ਬਲਕਾਰ ਸਿੰਘ ਵਜੋਂ ਹੋਈ ਹੈ। ਪੁਲਿਸ ਨੇ ਇਨ੍ਹਾਂ ਕੋਲੋਂ ਡਿਜ਼ਾਇਰ ਟੈਕਸੀ, ਐਕਟਿਵਾ ਸਕੂਟੀ, ਬੁਲੇਟ ਮੋਟਰਸਾਈਕਲ, ਦੇਸੀ ਪਿਸਤੌਲ ਅਤੇ ਫ਼ੋਨ ਬਰਾਮਦ ਕੀਤੇ ਹਨ। ਮੋਹਾਲੀ ਦੇ ਐਸਐਸਪੀ ਸੰਦੀਪ ਗਰਗ ਨੇ ਦੱਸਿਆ ਕਿ ਮੁੱਖ ਮੁਲਜ਼ਮ ਇਸ਼ਮੀਤ ਸਿੰਘ ਅਗਨੀਵੀਰ ਸਕੀਮ ਤਹਿਤ 2022 ਵਿੱਚ ਫੌਜ ਵਿੱਚ ਭਰਤੀ ਹੋਇਆ ਸੀ। ਉਹ ਪੱਛਮੀ ਬੰਗਾਲ ਵਿੱਚ ਤਾਇਨਾਤ ਸੀ। ਇੱਕ ਮਹੀਨੇ ਦੀ ਛੁੱਟੀ ਲੈ ਕੇ 2 ਮਹੀਨੇ ਪਹਿਲਾਂ ਹੀ ਘਰ ਆਇਆ ਸੀ। ਪੱਛਮੀ ਬੰਗਾਲ ਤੋਂ ਆ ਕੇ ਉਸ ਨੇ ਉੱਤਰ ਪ੍ਰਦੇਸ਼ ਦੇ ਕਾਨਪੁਰ ਤੋਂ ਨਾਜਾਇਜ਼ ਹਥਿਆਰ ਖਰੀਦੇ ਸਨ। ਇਸ ਤੋਂ ਬਾਅਦ ਉਸ ਨੇ ਆਪਣੇ ਭਰਾ ਅਤੇ ਦੋਸਤ ਨਾਲ ਮਿਲ ਕੇ ਇਨ੍ਹਾਂ ਹਥਿਆਰਾਂ ਨਾਲ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣਾ ਸ਼ੁਰੂ ਕਰ ਦਿੱਤਾ। ਉਸ ਨੇ ਮੋਹਾਲੀ ਜ਼ਿਲ੍ਹੇ ਦੇ ਬਿਲੌਂਗੀ ਇਲਾਕੇ ਵਿੱਚ 2 ਮਹੀਨਿਆਂ ਤੋਂ ਕਿਰਾਏ ‘ਤੇ ਕਮਰਾ ਲਿਆ ਸੀ। ਤਿੰਨੋਂ ਮੁਲਜ਼ਮ ਫਾਜ਼ਿਲਕਾ ਤੋਂ ਮੋਹਾਲੀ ਆ ਕੇ ਹੀ ਵਾਹਨ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਉਹ ਫਾਜ਼ਿਲਕਾ ਤੋਂ ਬੱਸ ਜਾਂ ਰੇਲਗੱਡੀ ਰਾਹੀਂ ਸ਼ਾਮ ਨੂੰ ਮੋਹਾਲੀ ਪਹੁੰਚ ਜਾਂਦੇ ਸੀ ਅਤੇ ਆਪਣੇ ਕਮਰੇ ਵਿਚ ਠਹਿਰਦੇ ਸੀ। ਦੇਰ ਰਾਤ ਇਹ ਗੱਡੀ ਚੋਰੀ ਕਰਨ ਤੋਂ ਬਾਅਦ ਉਹ ਉਸੇ ਗੱਡੀ ਵਿੱਚ ਫਾਜ਼ਿਲਕਾ ਜਾਂਦੇ ਸਨ। ਪੁਲਿਸ ਅਨੁਸਾਰ ਮੁਲਜ਼ਮਾਂ ਨੇ ਮੋਹਾਲੀ ਖੇਤਰ ਵਿੱਚ ਕਈ ਵਾਰਦਾਤਾਂ ਕੀਤੀਆਂ ਹਨ। ਮੁਲਜ਼ਮਾਂ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ।