Gee 98News

YS ਪਬਲਿਕ ਸਕੂਲ ਇੱਕ ਵਾਰ ਫੇਰ ਚਰਚਾ ‘ਚ…ਬਾਂਹ ‘ਤੇ ਸੱਟ ਲੱਗਣ ਕਾਰਨ ਬੱਚਾ ਸਿਵਲ ਹਸਪਤਾਲ ਦਾਖਲ…ਟੀਚਰ ‘ਤੇ ਲੱਗੇ ਦੋਸ਼

-ਮੈਨੇਜਮੈਂਟ ਨੇ ਸੰਬੰਧਤ ਟੀਚਰ ਨੂੰ ਨੌਕਰੀ ਤੋਂ ਕੱਢਿਆ

-ਬਰਨਾਲਾ ਦੀ ਇੱਕ ਵੱਡੀ ਵਿਦਿਅਕ ਸੰਸਥਾ ਜਿੱਥੇ ਪੜ੍ਹਾਈ ਅਤੇ ਖੇਡਾਂ ਦੇ ਖੇਤਰ ਵਿੱਚ ਜ਼ਿਕਰਯੋਗ ਪ੍ਰਾਪਤੀਆਂ ਤਾਂ ਜ਼ਰੂਰ ਕਰ ਰਹੀ ਹੈ ਪ੍ਰੰਤੂ ਇਸ ਸੰਸਥਾ ਨਾਲ ਇੱਕ ਜੁੜਿਆ ਪੱਖ ਇਹ ਵੀ ਹੈ ਕਿ ਥੋੜ੍ਹੇ ਜਿਹੇ ਸਮੇਂ ਬਾਅਦ ਸੰਸਥਾ ਦੇ ਅੰਦਰੂਨੀ ਪ੍ਰਬੰਧਾਂ ਨਾਲ ਜੁੜਿਆ ਕੋਈ ਵਿਵਾਦ ਸੁਰਖੀਆਂ ਬਣ ਜਾਂਦਾ ਹੈ। ਤਾਜ਼ਾ ਵਾਪਰੇ ਘਟਨਾਕ੍ਰਮ ਤਹਿਤ ਜ਼ਿਲ੍ਹੇ ਦੇ ਵਾਈਐਸ ਪਬਲਿਕ ਸਕੂਲ ਹੰਡਿਆਇਆ ਦੇ ਤੀਜੀ ਕਲਾਸ ਦੇ ਇੱਕ ਵਿਦਿਆਰਥੀ ਦੀ ਬਾਂਹ ‘ਤੇ ਸੱਟ ਲੱਗਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਬੱਚੇ ਦੇ ਮਾਪਿਆਂ ਦਾ ਕਹਿਣਾ ਹੈ ਕਿ ਬੱਚੇ ਦੀ ਇੱਕ ਅਧਿਆਪਕਾ ਨੇ ਕਿਸੇ ਕਾਰਨ ਤੋਂ ਬੱਚੇ ਦੀ ਬਾਂਹ ਜ਼ੋਰ ਨਾਲ ਮਰੋੜ ਦਿੱਤੀ ਜਿਸ ਕਾਰਨ ਬੱਚੇ ਦੀ ਬਾਂਹ ਵਿੱਚ ਬਹੁਤ ਜ਼ਿਆਦਾ ਦਰਦ ਹੋ ਰਿਹਾ ਅਤੇ ਬਾਂਹ ਉੱਪਰ ਨਹੀਂ ਚੁੱਕੀ ਜਾ ਰਹੀ। ਵਾਰਿਸਾਂ ਵੱਲੋਂ ਸਿਵਲ ਹਸਪਤਾਲ ਬਰਨਾਲਾ ‘ਚ ਬੱਚੇ ਨੂੰ ਦਾਖਲ ਕਰਵਾਇਆ ਗਿਆ ਜਿੱਥੇ ਬੱਚੇ ਦੇ ਤਾਇਆ ਜਸਪਾਲ ਸਿੰਘ ਨੇ ਦੱਸਿਆ ਕਿ ਉਨਾਂ ਦਾ ਭਤੀਜਾ ਰਵਨੀਤ ਸਿੰਘ ਵਾਈਐਸ ਸਕੂਲ ਹੰਡਿਆਇਆ ‘ਚ ਤੀਜੀ ਕਲਾਸ ਵਿੱਚ ਪੜ੍ਹਦਾ ਹੈ। ਉਹਨਾਂ ਦੱਸਿਆ ਕਿ ਸ਼ੁਕਰਵਾਰ ਅਧਿਆਪਕਾ ਨੇ ਬੱਚੇ ਦੀ ਬਾਂਹ ਨੂੰ ਜ਼ੋਰ ਨਾਲ ਮਰੋੜੀ ਦੇ ਦਿੱਤੀ ਜਿਸ ਕਾਰਨ ਬੱਚੇ ਦੀ ਬਾਂਹ ਦਰਦ ਕਰ ਰਹੀ ਹੈ ਤੇ ਉੱਪਰ ਨਹੀਂ ਚੁੱਕੀ ਜਾ ਰਹੀ ਜਿਸ ਤੋਂ ਬਾਅਦ ਉਸਨੂੰ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਬੱਚੇ ਦੀ ਬਾਂਹ ਦਾ ਐਕਸਰੇ ਕੀਤਾ ਜਿਸ ਦੀ ਅਸਲ ਸਥਿਤੀ ਐਕਸ ਰੇ ਦ ਰਿਪੋਰਟ ਤੋਂ ਬਾਅਦ ਸਾਹਮਣੇ ਆਵੇਗੀ। ਮਾਪਿਆਂ ਦਾ ਇਹ ਵੀ ਦੋਸ਼ ਹੈ ਕਿ ਬੱਚੇ ਦੀ ਬਾਂਹ ‘ਤੇ ਸੱਟ ਲੱਗਣ ਤੋਂ ਬਾਅਦ ਉਹਨਾਂ ਨੂੰ ਤੁਰੰਤ ਇਸ ਦੀ ਸੂਚਨਾ ਨਹੀਂ ਦਿੱਤੀ ਗਈ। ਉਹਨਾਂ ਕਿਹਾ ਕਿ ਘਟਨਾ ਕਰੀਬ ਸਾਢੇ ਕੁ 11 ਵਜੇ ਦੀ ਹੈ ਪ੍ਰੰਤੂ ਬੱਚਾ ਜਦੋਂ 3 ਵਜੇ ਤੋਂ ਬਾਅਦ ਘਰ ਆਇਆ ਤਾਂ ਉਸ ਦੀ ਬਾਂਹ ‘ਤੇ ਪੱਟੀ ਬੰਨੀ ਹੋਈ ਸੀ ਜਿਸ ਤੋਂ ਬਾਅਦ ਅਸੀਂ ਬੱਚੇ ਨੂੰ ਲੈ ਕੇ ਵਾਪਸ ਸਕੂਲ ਗਏ, ਤਾਂ ਉਦੋਂ ਵੀ ਪ੍ਰਿੰਸੀਪਲ ਵੱਲੋਂ ਬਹੁਤਾ ਚੰਗਾ ਵਿਵਹਾਰ ਨਹੀਂ ਕੀਤਾ ਗਿਆ। ਮਾਪਿਆਂ ਦਾ ਕਹਿਣਾ ਹੈ ਕਿ ਸਾਡੇ ਇਸੇ ਬੱਚੇ ਨਾਲ ਸਕੂਲ ‘ਚ ਅਕਸਰ ਕੁੱਟਮਾਰ ਹੁੰਦੀ ਹੈ ਜਿਸ ਦੀ ਪ੍ਰਿੰਸੀਪਲ ਕੋਲ ਪਹਿਲਾਂ ਵੀ ਕਈ ਵਾਰੀ ਅਸੀਂ ਸ਼ਿਕਾਇਤ ਦਰਜ ਕਰਵਾ ਚੁੱਕੇ ਹਾਂ। ਬੱਚੇ ਦੇ ਤਾਇਆ ਜਸਪਾਲ ਸਿੰਘ ਨੇ ਕਿਹਾ ਕਿ ਸਰਕਾਰੀ ਸਕੂਲਾਂ ਦੀ ਹਾਲਤ ਬਹੁਤੀ ਚੰਗੀ ਨਾ ਹੋਣ ਕਰਕੇ ਲੋਕ ਬੱਚਿਆਂ ਨੂੰ ਪ੍ਰਾਈਵੇਟ ਸਕੂਲਾਂ ‘ਚ ਪੜਾਉਂਦੇ ਹਨ ਪਰੰਤੂ ਜਦੋਂ ਇਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਹਨ ਮਾਪਿਆਂ ਨੂੰ ਝਟਕਾ ਜਿਹਾ ਲੱਗਦਾ ਹੈ। ਉਹਨਾਂ ਕਿਹਾ ਕਿ ਸਕੂਲ ਦੀ ਮੈਨੇਜਮੈਂਟ ਦਾ ਰਵਈਆ ਵੀ ਬਹੁਤਾ ਚੰਗਾ ਨਹੀਂ ਹੈ।

Gee98 Ads

ਦੂਜੇ ਪਾਸੇ ਇਸ ਮਾਮਲੇ ਸਬੰਧੀ ਸਕੂਲ ਦੇ ਪੀਆਰਓ ਦਾ ਕਹਿਣਾ ਹੈ ਕਿ ਬੱਚਾ ਕਲਾਸ ਰੂਮ ਤੋਂ ਬਾਹਰ ਫਿਰ ਰਿਹਾ ਸੀ ਜਦ ਅਧਿਆਪਕਾ ਨੇ ਥੋੜਾ ਜ਼ੋਰ ਨਾਲ ਉਸ ਦੀ ਬਾਂਹ ਫੜ ਕੇ ਖਿੱਚ ਲਿਆ ਤਾਂ ਇਹ ਘਟਨਾ ਵਾਪਰੀ। ਉਹਨਾਂ ਕਿਹਾ ਕਿ ਸਬੰਧਤ ਅਧਿਆਪਕਾ ਨੂੰ ਸਕੂਲ ਵਿੱਚੋਂ ਕੱਢ ਦਿੱਤਾ ਗਿਆ ਹੈ ਅਤੇ ਕੋਆਰਡੀਨੇਟਰ ਨੇ ਮਾਪਿਆਂ ਤੋਂ ਮਾਫੀ ਵੀ ਮੰਗੀ ਹੈ। ਇਸ ਮਾਮਲੇ ਚ ਬੱਚੇ ਦੇ ਮਾਪਿਆਂ ਦੇ ਬਿਆਨਾਂ ਦੇ ਆਧਾਰ ਤੇ ਜੇਕਰ ਪੁਲਿਸ ਕੋਈ ਕਾਰਵਾਈ ਕਰਦੀ ਹੈ ਤਾਂ ਇਹ ਡਾਕਟਰੀ ਰਿਪੋਰਟ ਦੇ ਆਧਾਰ ‘ਤੇ ਹੋਵੇਗੀ ਪ੍ਰੰਤੂ ਮੈਨੇਜਮੈਂਟ ਵੱਲੋਂ ਸਬੰਧਤ ਅਧਿਆਪਕਾ ਦੇ ਖ਼ਿਲਾਫ਼ ਤੁਰੰਤ ਕੀਤੀ ਕਾਰਵਾਈ ਦੀ ਵੀ ਚਰਚਾ ਹੋ ਰਹੀ ਹੈ। ਇੱਥੇ ਇਹ ਵੀ ਦੱਸ ਦੇਈਏ ਕਿ ਕੁਝ ਸਮਾਂ ਪਹਿਲਾਂ ਹੀ ਇਸੇ ਸਕੂਲ ‘ਚ ਕੁਝ ਵਿਦਿਆਰਥੀਆਂ ਵੱਲੋਂ ਇੱਕ ਵਿਦਿਆਰਥੀ ਦੀ ਕੁੱਟਮਾਰ ਕਰਨ ਦਾ ਮਾਮਲਾ ਵੀ ਵਾਹਵਾ ਸੁਰਖੀਆਂ ਵਿੱਚ ਰਿਹਾ, ਜਿਸ ਦੇ ਪਿਤਾ ਵੱਲੋਂ ਇਨਸਾਫ਼ ਲਈ ਕਈ ਮਹੀਨੇ ਤੱਕ ਚਾਰਾਜੋਈ ਕੀਤੀ ਗਈ। ਸਵਾਲ ਉੱਠਦੇ ਹਨ ਕਿ ਇੱਕ ਵੱਡੀ ਵਿਦਿਅਕ ਸੰਸਥਾ ਵਿੱਚ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਸੰਸਥਾ ਦਾ ਅਕਸ ਖਰਾਬ ਕਰਦੀਆਂ ਹਨ ਪਰੰਤੂ ਮੈਨੇਜਮੈਂਟ ਅਜਿਹੀਆਂ ਘਟਨਾਵਾਂ ਨੂੰ ਰੋਕਣ ਵਿੱਚ ਕਾਮਯਾਬ ਨਹੀਂ ਹੋ ਰਹੀ ਅਤੇ ਥੋੜੇ ਸਮੇਂ ਬਾਅਦ ਅਜਿਹੀ ਕੋਈ ਨਾ ਕੋਈ ਘਟਨਾ ਵਾਈਐਸ ਸਕੂਲ ਨਾਲ ਜੁੜੀ ਸਾਹਮਣੇ ਆ ਜਾਂਦੀ ਹੈ।

error: Content is protected !!