ਚੰਡੀਗੜ੍ਹ, 4 ਅਗਸਤ, Gee98 news service
-ਪੰਜਾਬ ਸਿਰ ਕਰਜ਼ੇ ਦੀ ਪੰਡ ਹੋਰ ਭਾਰੀ ਹੋ ਗਈ ਹੈ। ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਸਰਕਾਰ ਨੇ ਆਪਣੇ ਰੋਜ਼ਾਨਾ ਕੰਮ ਚਲਾਉਣ ਲਈ ਅਤੇ ਪਹਿਲਾਂ ਲਏ ਕਰਜ਼ੇ ਦਾ ਵਿਆਜ ਮੋੜਨ ਲਈ 700 ਕਰੋੜ ਦਾ ਹੋਰ ਕਰਜ਼ਾ ਚੁੱਕ ਲਿਆ ਹੈ। ਇਹ ਕਰਜ਼ਾ 2035 ਤੱਕ ਮੋੜਨਾ ਹੈ ਅਤੇ ਇਸ ਉੱਪਰ 7.34 ਫੀਸਦੀ ਵਿਆਜ ਲੱਗੇਗਾ। ਕਿਸੇ ਸਮੇਂ ਖੁਸ਼ਹਾਲ ਸੂਬਿਆਂ ਵਿੱਚ ਗਿਣੇ ਜਾਣ ਵਾਲੇ ਪੰਜਾਬ ਦੀ ਵਿੱਤੀ ਹਾਲਤ ਵਿਗੜਦੀ ਜਾ ਰਹੀ ਹੈ ਪ੍ਰੰਤੂ ਪੰਜਾਬ ‘ਤੇ ਵੱਖ ਵੱਖ ਸਮੇਂ ‘ਤੇ ਰਾਜ ਕਰਨ ਵਾਲੀਆਂ ਸਿਆਸੀ ਪਾਰਟੀਆਂ ਨੇ ਆਪਣੇ ਸਿਆਸੀ ਹਿੱਤਾਂ ਅਤੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਕਰਜੇ ‘ਤੇ ਕਰਜ਼ਾ ਚੁੱਕਿਆ ਹੈ। ਪੰਜਾਬ ਦੀ ਮੌਜੂਦਾ ਸੱਤਾਧਾਰੀ ਆਮ ਆਦਮੀ ਪਾਰਟੀ ਪਹਿਲੀਆਂ ਸਰਕਾਰਾਂ ਵੱਲੋਂ ਚੁੱਕੇ ਕਰਜ਼ੇ ‘ਤੇ ਪਿਛਲੀਆਂ ਸੱਤਾਧਾਰੀ ਪਾਰਟੀਆਂ ਨੂੰ ਜ਼ੋਰ ਸ਼ੋਰ ਨਾਲ ਭੰਡਦੀ ਰਹੀ ਹੈ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਖੁਦ ਆਮ ਆਦਮੀ ਪਾਰਟੀ ਦੀ ਭਗਵੰਤ ਮਾਨ ਦੀ ਸਰਕਾਰ ਪਹਿਲੀਆਂ ਸਰਕਾਰਾਂ ਨਾਲੋਂ ਵੀ ਤੇਜ਼ ਗਤੀ ਨਾਲ ਕਰਜ਼ਾ ਚੁੱਕ ਰਹੀ ਹੈ। ਪਹਿਲਾਂ ਹੀ ਪੰਜਾਬ ‘ਤੇ ਸਾਢੇ ਤਿੰਨ ਲੱਖ ਹਜ਼ਾਰ ਕਰੋੜ ਦਾ ਕਰਜ਼ਾ ਹੈ। ਪੰਜਾਬ ਦੇ ਸਾਬਕਾ ਗਵਰਨਰ ਬਨਵਾਰੀ ਲਾਲ ਪੁਰੋਹਿਤ ਦਾ ਭਗਵੰਤ ਮਾਨ ਸਰਕਾਰ ਨਾਲ ਇੱਟ ਖੜੱਤਾ ਕਰਜ਼ੇ ਦੇ ਮੁੱਦੇ ‘ਤੇ ਹੀ ਸ਼ੁਰੂ ਹੋਇਆ ਸੀ। ਸ੍ਰੀ ਪੁਰੋਹਿਤ ਨੇ 50 ਹਜ਼ਾਰ ਕਰੋੜ ਦੇ ਕਰਜ਼ੇ ਦਾ ਹਿਸਾਬ ਮੰਗਿਆ ਸੀ ਪਰ ਇਸ ਸਬੰਧੀ ਕੋਈ ਜਾਣਕਾਰੀ ਨਹੀਂ ਦਿੱਤੀ ਗਈ ਸੀ। ਪੰਜਾਬ ਸਿਰ ਕਰਜ਼ਾ ਹਰ ਸਾਲ ਵਧਦਾ ਜਾ ਰਿਹਾ ਹੈ। ਇਸ ਲਈ ਸਿਆਸੀ ਪਾਰਟੀਆਂ ਇਕ-ਦੂਜੇ ‘ਤੇ ਦੋਸ਼ ਲਗਾ ਰਹੀਆਂ ਹਨ, ਪਰ ਸਾਧਨਾਂ ‘ਤੇ ਕੋਈ ਜ਼ੋਰ ਨਹੀਂ ਲਗਾ ਰਿਹਾ। ਸਰਕਾਰਾਂ ਵਸੀਲੇ ਵਿਕਸਤ ਕਰਨ ਦੀ ਬਜਾਏ ਕਰਜ਼ੇ ਲੈ ਕੇ ਆਪਣਾ ਕਾਰੋਬਾਰ ਚਲਾ ਰਹੀਆਂ ਹਨ। ਪੰਜਾਬ ਵਿੱਚ ਜਿਸਦੀ ਵੀ ਸਰਕਾਰ ਸੱਤਾ ਵਿੱਚ ਰਹੀ ਹੈ, ਉਹ ਆਪਣੇ ਚੋਣ ਵਾਅਦਿਆਂ ਨੂੰ ਪੂਰਾ ਕਰਨ ਲਈ ਕਰਜ਼ਾ ਚੁੱਕਦੀ ਰਹੀ ਹੈ। ਦੱਸਣਯੋਗ ਹੈ ਕਿ ਪੰਜਾਬ ਸਰਕਾਰ ਨੇ ਸਾਲ 2022-23 ਵਿੱਚ 47,262 ਕਰੋੜ ਰੁਪਏ, 2023-24 ਵਿੱਚ 49,410 ਕਰੋੜ ਰੁਪਏ ਅਤੇ 2023-24 ਵਿੱਚ ਹੀ 44,031 ਕਰੋੜ ਰੁਪਏ ਦਾ ਕਰਜ਼ਾ ਲਿਆ ਹੈ। ਇਸ ਹਿਸਾਬ ਨਾਲ ਸਾਲ 2027 ਤੱਕ ਪੰਜਾਬ ਸਿਰ 5 ਲੱਖ 50 ਹਜ਼ਾਰ ਰੁਪਏ ਦਾ ਕਰਜ਼ਾ ਹੋ ਸਕਦਾ ਹੈ। ਵਸੀਲੇ ਵਿਕਸਿਤ ਕਰਨ ਦੀ ਗੱਲ ਤਾਂ ਦੂਰ ਸਗੋਂ ਪਹਿਲਾਂ ਲਏ ਕਰਜ਼ੇ ਦਾ ਵਿਆਜ ਵੀ ਸਰਕਾਰ ਆਪਣੇ ਪੱਧਰ ‘ਤੇ ਨਹੀਂ ਜੁਟਾ ਪਾ ਰਹੀ, ਸਗੋਂ ਪਹਿਲੇ ਕਰਜ਼ੇ ਦਾ ਵਿਆਜ ਮੋੜਨ ਲਈ ਵੀ ਹੋਰ ਕਰਜ਼ਾ ਲੈਣਾ ਪੈ ਰਿਹਾ ਹੈ। ਪੰਜਾਬ ਸਰਕਾਰ ਨੇ ਆਪਣੇ ਕਈ ਮਾਲੀ ਸਾਧਨਾਂ ,ਸੰਸਥਾਵਾਂ ‘ਤੇ ਵੀ ਕਰਜ਼ਾ ਲਿਆ ਹੋਇਆ ਹੈ। ਆਰਥਿਕ ਮਾਹਿਰਾਂ ਅਨੁਸਾਰ ਕਰਜਾ ਚੁੱਕਣ ਦੇ ਮਾਮਲੇ ‘ਚ ਪੰਜਾਬ ਸਰਕਾਰ ਬਿਨਾਂ ਅੰਕੜਿਆਂ ਦੀ ਗਿਣਤੀ ਮਿਣਤੀ ਤੋਂ ਕੰਮ ਕਰ ਰਹੀ ਹੈ। ਇਹ ਸੱਚ ਹੈ ਕਿ ਪੰਜਾਬ ਦੀ ਸੱਤਾ ‘ਤੇ ਕਾਬਜ ਪਹਿਲੀਆਂ ਸਰਕਾਰਾਂ ਨੇ ਪੰਜਾਬ ਦੇ ਖਜ਼ਾਨੇ ਦਾ ਦੀਵਾਲਾ ਕੱਢਣ ਦੀ ਬੁਨਿਆਦ ਰੱਖੀ ਪ੍ਰੰਤੂ ਮੌਜੂਦਾ ਸਰਕਾਰ ਦੀ ਰਫ਼ਤਾਰ ਪਹਿਲੀਆਂ ਸਰਕਾਰਾਂ ਨਾਲੋਂ ਦੁੱਗਣੀ ਹੈ ਪਰ ਕੌਣ ਕਹੇ ਕਿ “ਰਾਣੀਏ ਅੱਗਾ ਢੱਕ….।”