Gee 98News

ਬਰਨਾਲਾ ਜ਼ਿਮਨੀ ਚੋਣ : AAP ਵੱਲੋਂ ਬਾਠ, ਭਾਰਦਵਾਜ, ਹਰਿੰਦਰ ਦੇ ਨਾਲ ਬੜਿੰਗ ਵੀ ਟਰੈਕ ‘ਤੇ…ਦੋ ਢਿੱਲੋਂ ਉਤਰਨਗੇ ਮੈਦਾਨ ‘ਚ..ਅਕਾਲੀ ਦਲ ਤੇ ਬਸਪਾ ਦਾ ਹੋ ਸਕਦੈ ਗੱਠਜੋੜ

-ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਹੋਣ ਦੀਆਂ ਕਨਸੋਆਂ ਤੋਂ ਬਾਅਦ ਸਰਗਰਮੀਆਂ ਤੇਜ਼ ਹੋ ਗਈਆਂ ਹਨ । ਕਾਂਗਰਸ, ਸ਼੍ਰੋਮਣੀ ਅਕਾਲੀ ਦਲ,ਭਾਜਪਾ ਅਤੇ ਬਹੁਜਨ ਸਮਾਜ ਪਾਰਟੀ ਦੇ ਚਿਹਰੇ ਤਾਂ ਲਗਭਗ ਫਾਈਨਲ ਹੀ ਹਨ ਪ੍ਰੰਤੂ ਜੇਕਰ ਸੱਤਾਧਾਰੀ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਤਾਂ ਟਿਕਟ ਦੀ ਦੌੜ ਵਿੱਚ ਇੱਕ ਤੋਂ ਵੱਧ ਖਿਡਾਰੀ ਮੈਦਾਨ ਵਿੱਚ ਟਰੈਕ ‘ਤੇ ਹਨ। ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ, ਹਸਨਪ੍ਰੀਤ ਭਾਰਦਵਾਜ ‌ਅਤੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਦੀ ਬੁੱਕਲ ਦੇ ਬੰਦੇ ਹਰਿੰਦਰ ਸਿੰਘ ਦੀ ਚਰਚਾ ਤੋਂ ਬਾਅਦ ਕੁਝ ਦਿਨਾਂ ਤੋਂ ਸੱਤਾਧਾਰੀ ਪਾਰਟੀ ਦੀ ਟਿਕਟ ਪ੍ਰਾਪਤੀ ਵਿੱਚ ਇੱਕ ਨਵਾਂ ਨਾਮ ਵੀ ਜੁੜਿਆ ਹੈ। ਚਰਚਾ ਹੈ ਕਿ ਬਰਨਾਲਾ ਦੀ ਜ਼ਿਮਨੀ ਚੋਣ ਲਈ ਧਨੌਲਾ ਦੇ ਇੱਕ ਨੌਜਵਾਨ ਬਲਜਿੰਦਰ ਸਿੰਘ ਬੜਿੰਗ ਨੇ ਵੀ ਟਿਕਟ ਪ੍ਰਾਪਤੀ ਲਈ ਆਪਣੀਆਂ ਗੋਟੀਆਂ ਫਿੱਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ‌ ਪਿਛਲੇ ਕੁਝ ਦਿਨਾਂ ਤੋਂ ਬਲਜਿੰਦਰ ਸਿੰਘ ਬੜਿੰਗ ਦਾ ਨਾਮ ਹੈ ਕਾਫੀ ਚਰਚਾ ਵਿੱਚ ਹੈ। ‌ ਬਰਨਾਲਾ ਸੰਗਰੂਰ ਹਾਈਵੇ ‘ਤੇ ਇੱਕ ਮਸ਼ਹੂਰ ਢਾਬੇ ਦੇ ਮਾਲਕ ਬਲਜਿੰਦਰ ਸਿੰਘ ਬੜਿੰਗ ਨੂੰ ਮੀਤ ਹੇਅਰ ਦਾ ਨਜ਼ਦੀਕੀ ਮੰਨਿਆ ਜਾਂਦਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੜਿੰਗ ਵੱਲੋਂ ਆਪਣੇ ਮਿੱਤਰਾਂ ਨੂੰ ਜ਼ਿਮਨੀ ਚੋਣ ਲਈ ਤਿਆਰ ਰਹਿਣ ਦੇ ਸੁਨੇਹੇ ਦਿੱਤੇ ਜਾ ਰਹੇ ਹਨ। ‌ਉੰਝ ਭਾਵੇਂ ਸੱਤਾਧਾਰੀ ਪਾਰਟੀ ਦੀ ਟਿਕਟ ਦਾ ਫੈਸਲਾ “ਜੇਤੂ ਚਿਹਰੇ” ਦੇ ਸਿਧਾਂਤ ਅਨੁਸਾਰ ਹੀ ਹੋਵੇਗਾ ਪ੍ਰੰਤੂ ਪਹਿਲੇ ਨਾਵਾਂ ਦੀ ਚਰਚਾ ਦੇ ਨਾਲ ਬਲਜਿੰਦਰ ਸਿੰਘ ਬੜਿੰਗ ਦੇ ਨਾਮ ਦੀ ਚਰਚਾ ਨੇ ਟਿਕਟ ਪ੍ਰਾਪਤੀ ਦੀ ਦੌੜ ਵਿੱਚ ਟਰੈਕ ‘ਤੇ ਖੜੇ ਹੋਰ ਦਾਅਵੇਦਾਰਾ ਦੀ ਚਿੰਤਾ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਵਿਰੋਧੀ ਪਾਰਟੀਆਂ ਵੱਲੋਂ ਚੋਣ ਲੜਨ ਦੇ ਚਾਹਵਾਨਾਂ ਨੂੰ ਵੀ ਆਪਣੀ ਰਣਨੀਤੀ ‘ਚ ਬਦਲਾਅ ਕਰਨਾ ਪਵੇਗਾ ਕਿਉਂਕਿ ਇਤਿਹਾਸ ਗਵਾਹ ਹੈ ਕਿ ਆਮ ਆਦਮੀ ਪਾਰਟੀ ਵੱਲੋਂ ਮੈਦਾਨ ‘ਚ ਉਤਾਰੇ ਕਿਸੇ ਨਵੇਂ ਚਿਹਰੇ ਨੂੰ ਲੋਕਾਂ ਨੇ ਹਮੇਸ਼ਾ ਹੀ ਹੱਥਾਂ ‘ਤੇ ਚੁੱਕਿਆ ਹੈ। ਦੂਜੇ ਪਾਸੇ ਜੇ ਕਰ ਭਾਜਪਾ ਦੀ ਗੱਲ ਕਰੀਏ ਤਾਂ ਪਿਛਲੇ ਦਿਨੀ ਬਰਨਾਲਾ ਆਏ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਨੇ ਕੇਵਲ ਸਿੰਘ ਢਿੱਲੋ ਦੇ ਨਾਮ ਦਾ ਸੰਕੇਤ ਲੱਗਭੱਗ ਦੇ ਹੀ ਦਿੱਤਾ ਸੀ। ਕਾਂਗਰਸ ਵੱਲੋਂ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਕਾਲਾ ਢਿੱਲੋ ਨੇ ਤਾਂ ਆਪਣੀਆਂ ਸਰਗਰਮੀਆਂ ਵੀ ਸ਼ੁਰੂ ਕੀਤੀਆਂ ਹੋਈਆਂ ਹਨ। ‌ਕਾਲਾ ਢਿੱਲੋ ਨੇ ਆਪਣੀਆਂ ਸਰਗਰਮੀਆਂ ਨੂੰ ਚੋਣ ਪ੍ਰਚਾਰ ਦਾ ਹੀ ਰੂਪ ਦਿੱਤਾ ਹੋਇਆ ਹੈ ਅਤੇ ਇੱਕ ਤਰੀਕੇ ਨਾਲ ਇਹ ਕਾਲਾ ਢਿੱਲੋ ਨੇ ਚੋਣ ਪ੍ਰਚਾਰ ਦਾ ਮੁਢਲਾ ਪੜਾਅ ਵੀ ਲੱਗਭੱਗ ਪੂਰਾ ਕਰ ਲਿਆ ਹੈ। ਸ਼੍ਰੋਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਹੋਣ ਦੀ ਸੰਭਾਵਨਾ ਜਤਾਈ ਜਾ ਰਹੀ ਹੈ, ਜਿਸ ਦੀ ਸੰਭਾਵਨਾ ਬਸਪਾ ਦੇ ਇੱਕ ਸੂਬਾ ਪੱਧਰੀ ਆਗੂ ਨੇ ਵੀ ਜਤਾਈ ਹੈ। ‌ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਵੀ ਆਪਣੇ ਪੱਧਰ ‘ਤੇ ਜ਼ੋਰ ਸ਼ੋਰ ਨਾਲ ਜ਼ਿਮਨੀ ਚੋਣ ‘ਚ ਕੁੱਦਣ ਦਾ ਐਲਾਨ ਕਰ ਦਿੱਤਾ ਹੈ ਪ੍ਰੰਤੂ ਦੂਜੇ ਪਾਸੇ ਡਿਬਰੂਗੜ ਜੇਲ੍ਹ ਵਿੱਚ ਬੰਦ ਭਾਈ ਅੰਮ੍ਰਿਤਪਾਲ ਸਿੰਘ ਦੇ ਇੱਕ ਸਾਥੀ ਨੇ ਵੀ ਜ਼ਿਮਨੀ ਚੋਣ ਲੜਨ ਦਾ ਐਲਾਨ ਕੀਤਾ ਹੋਇਆ ਹੈ ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਰਣਨੀਤੀ ਅਤੇ ਰਾਜਨੀਤੀ ‘ਤੇ ਵਧੇਰੇ ਨਜ਼ਰਾਂ ਟਿੱਕੀਆਂ ਰਹਿਣਗੀਆਂ ਕਿਉਂਕਿ ਬਰਨਾਲਾ ਦੀ ਜਿਮਨੀ ਚੋਣ ਦੇ ਸੰਦਰਭ ਵਿੱਚ ਸ਼੍ਰੋਮਣੀ ਅਕਾਲੀ ਦਲ (ਅ) ਦਾ ਫੈਸਲਾ ਸਮੁੱਚੇ ਨਤੀਜੇ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ।

Gee98 Ads
error: Content is protected !!