ਚੰਡੀਗੜ੍ਹ,14 ਅਗਸਤ, Gee98 news service
-ਨਕਲੀ ਅਫ਼ਸਰ ਬਣ ਕੇ ਲੋਕਾਂ ਨਾਲ ਠੱਗੀਆਂ ਮਾਰਨ ਦੀਆਂ ਖ਼ਬਰਾਂ ਤਾਂ ਅਕਸਰ ਸੁਰਖੀਆਂ ਬਣਦੀਆਂ ਰਹਿੰਦੀਆਂ ਹਨ ਪ੍ਰੰਤੂ ਹੁਣ ਅਜਿਹੇ ਠੱਗਾਂ ਦੀ ਪੈੜ ਵਿੱਚ ਪੈੜ ਧਰਦੇ ਹੋਏ ਕੁਝ ਚਲਾਕ ਲੋਕਾਂ ਵੱਲੋਂ ਕਿਸਾਨ ਜਥੇਬੰਦੀਆਂ ਦੇ ਨਕਲੀ ਅਹੁਦੇਦਾਰ ਬਣ ਕੇ ਟੋਲ ਪਲਾਜਿਆਂ ਦੇ ਪ੍ਰਬੰਧਕਾਂ ਦੀਆਂ ਅੱਖਾਂ ਵਿੱਚ ਧੂੜ ਪਾਈ ਜਾ ਰਹੀ ਹੈ। ਅਜਿਹਾ ਮਾਮਲਾ ਉਸ ਵੇਲੇ ਸਾਹਮਣੇ ਆਇਆ ਜਦ ਲੁਧਿਆਣਾ-ਫਿਰੋਜ਼ਪੁਰ ਨੈਸ਼ਨਲ ਹਾਈਵੇ ‘ਤੇ ਮੁੱਲਾਂਪੁਰ ਦੇ ਨਜ਼ਦੀਕ ਪਿੰਡ ਚੌਂਕੀਮਾਨ ਦੇ ਟੋਲ ਪਲਾਜ਼ਾ ‘ਤੇ ਕਿਸਾਨ ਜਥੇਬੰਦੀਆਂ ਦੇ ਨਕਲੀ ਅਡੈਂਟੀ ਕਾਰਡ ਫੜੇ ਗਏ। ਦੱਸ ਦੇਈਏ ਕਿ ਟੋਲ ਪਲਾਜ਼ਾ ‘ਤੇ ਕਿਸਾਨ ਜਥੇਬੰਦੀਆਂ ਦੇ ਅਹੁਦੇਦਾਰਾਂ ਨੂੰ ਕਾਰਡ ਬਣਾ ਕੇ ਦਿੱਤੇ ਹੋਏ ਹਨ ਜਿਨਾਂ ‘ਤੇ ਉਹ ਬਿਨਾਂ ਟੋਲ ਟੈਕਸ ਦਿੱਤੇ ਲੰਘ ਸਕਦੇ ਹਨ। ਇਸ ਸਹੂਲਤ ਦਾ ਫਾਇਦਾ ਉਠਾਉਣ ਲਈ ਕੁਝ ਚਲਾਕ ਲੋਕਾਂ ਨੇ ਕਿਸਾਨ ਜਥੇਬੰਦੀਆਂ ਦੇ ਨਕਲੀ ਅਹੁਦੇਦਾਰਾਂ ਦੇ ਕਾਰਡ ਬਣਾ ਲਏ। ਚੌਂਕੀਮਾਨ ਟੋਲ ਪਲਾਜ਼ਾ ਦੇ ਪ੍ਰਬੰਧਕਾਂ ਨੇ ਕੁਝ ਅਜਿਹੇ ਕਾਰਡ ਵੱਡੀ ਗਿਣਤੀ ਵਿੱਚ ਫੜੇ ਵੀ ਹਨ। ਇਸ ਸਬੰਧੀ ਟੋਲ ਪ੍ਰਬੰਧਕਾਂ ਨੇ ਦੱਸਿਆ ਕਿ ਜਦੋਂ ਟੋਲ ਪਲਾਜ਼ਾ ਦੀ ਵੀਆਈਪੀ ਲੇਨ ਵਿੱਚੋਂ ਲੰਘਣ ਵਾਲੀਆਂ ਵੀਆਈਪੀ ਗੱਡੀਆਂ ਦੀ ਗਿਣਤੀ ਦੇ ਅੰਕੜੇ ਸਾਹਮਣੇ ਆਏ ਤਾਂ ਇਸ ‘ਤੇ ਪ੍ਰਬੰਧਕਾਂ ਨੂੰ ਹੈਰਾਨੀ ਹੋਈ ਜਿਸ ਤੋਂ ਬਾਅਦ ਪ੍ਰਬੰਧਕਾਂ ਨੇ ਵੀਆਈਪੀ ਲੇਨ ਵਿੱਚ ਗੱਡੀਆਂ ਚੈੱਕ ਕਰਨੀਆਂ ਸ਼ੁਰੂ ਕਰ ਦਿੱਤੀਆਂ। ਇਸ ਦੌਰਾਨ ਵਿਸ਼ੇਸ਼ ਤੌਰ ‘ਤੇ ਪ੍ਰਬੰਧਕਾਂ ਨੇ ਕਿਸਾਨ ਕਾਰਡਾਂ ਦੀ ਚੈਕਿੰਗ ਸ਼ੁਰੂ ਕੀਤੀ ਤਾਂ ਹੈਰਾਨੀ ਉਦੋਂ ਹੋਈ ਜਦੋਂ ਦੋ-ਤਿੰਨ ਦਿਨਾਂ ‘ਚ ਹੀ ਨਕਲੀ ਕਾਰਡਾਂ ਦਾ ਟੋਲ ‘ਤੇ ਢੇਰ ਲੱਗ ਗਿਆ। ਟੋਲ ਪ੍ਰਬੰਧਕਾਂ ਵੱਲੋਂ ਫੜੇ ਗਏ ਇਨ੍ਹਾਂ ਕਾਰਡਾਂ ‘ਚ ਕਈ ਕਿਸਾਨ ਜਥੇਬੰਦੀਆਂ ਦੇ ਨਾਂ ਤੱਕ ਨਹੀਂ ਸੁਣੇ ਹੋਏ। ਕੁਝ ਲੋਕਾਂ ਨੇ ਤਾਂ ਆਪੋ-ਆਪਣੇ ਪਿੰਡ ਦੇ ਨਾਂ ‘ਤੇ ਭਾਰਤੀ ਕਿਸਾਨ ਯੂਨੀਅਨਾਂ ਬਣਾ ਲਈਆਂ ਹਨ। ਇਹ ਪਤਾ ਵੀ ਇਨ੍ਹਾਂ ਕਬਜ਼ੇ ‘ਚ ਲਏ ਗਏ ਕਾਰਡਾਂ ਤੋਂ ਲੱਗਿਆ ਹੈ। ਇਨ੍ਹਾਂ ਕਾਰਡਾਂ ‘ਤੇ ਲੱਗੀਆਂ ਫੋਟੋਆਂ ਵਾਲੇ ਵਿਅਕਤੀ ਕਿਸੇ ਪਾਸਿਓਂ ਕਿਸਾਨ ਵੀ ਨਹੀ ਲੱਗਦੇ। ਟੋਲ ਪ੍ਰਬੰਧਕਾਂ ਨੇ ਟੋਲ ਪਲਾਜ਼ਾ ‘ਤੇ ਇੱਕ ਬੋਰਡ ਲਗਾ ਦਿੱਤਾ ਜਿਸ :ਤੇ ਲਿਖਿਆ ਹੋਇਆ ਹੈ ਕਿ ਵੀਆਈਪੀ ਲੇਨ ਤੋਂ ਇਲਾਵਾ ਹੋਰ ਕਿਸੇ ਲੇਨ ਵਿੱਚੋਂ ਕਿਸਾਨ ਕਾਰਡ ਵਾਲੇ ਵਾਹਨ ਨਹੀਂ ਲੰਘ ਸਕਦੇ। ਚੌਕੀਮਾਨ ਟੋਲ ਕੰਪਨੀ ਦੇ ਮੈਨੇਜਰ ਅਜੇ ਸਿੰਘ ਨੇ ਕਿਹਾ ਕਿ ਕੁਝ ਦਿਨਾਂ ‘ਚ ਹੀ ਨਕਲੀ ਕਿਸਾਨ ਕਾਰਡਾਂ ਦਾ ਫੜਿਆ ਜਾਣਾ ਬਹੁਤ ਕੁਝ ਬਿਆਨ ਕਰਦਾ ਹੈ ਜਿਸ ਕਰਕੇ ਬੋਰਡ ਲਾਏ ਗਏ ਹਨ। ਉਨ੍ਹਾਂ ਕਿਹਾ ਕਿ ‘ਅਸਲੀ’ ਕਿਸਾਨਾਂ ਨਾਲ ਉਹ ਸਤਿਕਾਰ ਕਰ ਰਹੇ ਹਨ। ਦੂਜੇ ਪਾਸੇ ਕਿਸਾਨ ਜਥੇਬੰਦੀਆਂ ਨੇ ਵੀ ਇਸ ਮੁੱਦੇ ਨੂੰ ਗੰਭੀਰਤਾ ਨਾਲ ਲੈਂਦੇ ਹੋਏ ਆਪਣੇ ਵਰਕਰਾਂ ਨੂੰ ਗੱਡੀਆਂ ਉੱਪਰ ਜਥੇਬੰਦੀ ਦੇ ਝੰਡੇ ਲਗਾ ਕੇ ਰੱਖਣ ਲਈ ਕਿਹਾ ਹੈ।









