Gee 98News

ਚੇਅਰਮੈਨ ਦੇ ਹਲਕੇ ‘ਚੋਂ ਬੀਡੀਪੀਓ ਹੀਰਾ ਸਿੰਘ ਦੀ ਬਦਲੀ ਆਖ਼ਰ ਹੋ ਹੀ ਗਈ…!

ਬਰਨਾਲਾ,14 ਅਗਸਤ, Gee98 News service
-ਬਰਨਾਲਾ ਜ਼ਿਲ੍ਹੇ ਦੇ ਦੋ ਬਲਾਕ ਮਹਿਲ ਕਲਾਂ ਤੇ ਸ਼ਹਿਣਾ ਦੇ ਬੀਡੀਪੀਓ ਦੀ ਬਦਲੀ ਕਰ ਦਿੱਤੀ ਗਈ ਹੈ। ਬਲਾਕ ਸ਼ਹਿਣਾ ਦੇ ਬੀਡੀਪੀਓ ਹੀਰਾ ਸਿੰਘ ਨੂੰ ਬਦਲ ਕੇ ਸਤਿੰਦਰਪਾਲ ਸਿੰਘ ਨੂੰ ਬੀਡੀਪੀਓ ਸ਼ਹਿਣਾ ਲਗਾਇਆ ਗਿਆ ਹੈ। ਦੱਸ ਦੇਈਏ ਕਿ ਸਤਿੰਦਰਪਾਲ ਸਿੰਘ ਇਸ ਤੋਂ ਪਹਿਲਾਂ ਬੀਡੀਪੀਓ ਦਫ਼ਤਰ ਨੂਰਪੁਰ ਬੇਦੀ ਵਿੱਚ ਬਤੌਰ ਸੀਨੀਅਰ ਸਹਾਇਕ (ਲੇਖਾ) ਕੰਮ ਕਰ ਰਹੇ ਸਨ। ‌ ਇਸੇ ਤਰ੍ਹਾਂ ਬਲਾਕ ਮਹਿਲ ਕਲਾਂ ਦੇ ਬੀਡੀਪੀਓ ਭੂਸ਼ਣ ਕੁਮਾਰ ਨੂੰ ਬਦਲ ਕੇ ਬਲਾਕ ਸ਼ੇਰਪੁਰ ਵਿੱਚ ਭੇਜਿਆ ਗਿਆ ਹੈ ਅਤੇ ਉਹਨਾਂ ਦੀ ਜਗ੍ਹਾ ‘ਤੇ ਜਲਾਲਾਬਾਦ ਦੇ ਬੀਡੀਪੀਓ ਗੁਰਜਿੰਦਰ ਸਿੰਘ ਨੂੰ ਮਹਿਲ ਕਲਾਂ ਦਾ ਵਾਧੂ ਚਾਰਜ ਦਿੱਤਾ ਗਿਆ ਹੈ। ‌ ਜ਼ਿਕਰਯੋਗ ਹੈ ਕਿ ਸ਼ਹਿਣਾ ਤੋਂ ਬਦਲੇ ਗਏ ਬੀਡੀਪੀਓ ਹੀਰਾ ਸਿੰਘ ਵਿਧਾਨ ਸਭਾ ਦੀ ਵਿਸ਼ੇਸ਼ ਅਧਿਕਾਰ ਕਮੇਟੀ ਦੇ ਰਾਡਾਰ ‘ਤੇ ਰਹੇ ਹਨ। ‌ ਵਿਸ਼ੇਸ਼ ਅਧਿਕਾਰ ਕਮੇਟੀ ਨੇ ਵਿਧਾਇਕ ਅਰੁਣਾ ਚੌਧਰੀ ਦੀ ਸ਼ਿਕਾਇਤ ਦੇ ਸੰਬੰਧ ਵਿੱਚ ਹੁਕਮ ਦਿੰਦੇ ਹੋਏ ਕਿਹਾ ਸੀ ਕਿ ਹੀਰਾ ਸਿੰਘ ਨੂੰ ਕਿਸੇ ਵੀ ਪਬਲਿਕ ਡੀਲਿੰਗ ਵਾਲੀ ਪੋਸਟ ਉੱਪਰ ਨਾ ਲਗਾਇਆ ਜਾਵੇ। ਇਸ ਦੇ ਬਾਵਜੂਦ ਵਿਭਾਗ ਨੇ ਹੀਰਾ ਸਿੰਘ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਦੇ ਹਲਕੇ ਵਿੱਚ ਹੀ ਬੀਡੀਪੀਓ ਲਗਾ ਦਿੱਤਾ ਸੀ। ਜਿਸ ਤੋਂ ਬਾਅਦ ਇਸ ਨਿਯੁਕਤੀ ਦੀ ਕਾਫੀ ਚਰਚਾ ਹੋਈ ਸੀ। ਹੁਣ ਭਾਵੇਂ ਹੀਰਾ ਸਿੰਘ ਨੂੰ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਦੇ ਹਲਕੇ ਵਿੱਚੋਂ ਤਾਂ ਬਦਲ ਦਿੱਤਾ ਗਿਆ ਪ੍ਰੰਤੂ ਹੈਰਾਨੀ ਦੀ ਗੱਲ ਹੈ ਕਿ ਉਹਨਾਂ ਨੂੰ ਫਿਰ ਸਿੱਧੀ ਪਬਲਿਕ ਡੀਲਿੰਗ ਵਾਲੀ ਪੋਸਟ ‘ਤੇ ਹੀ ਬੀਡੀਪੀਓ ਤਲਵਾੜਾ ਲਗਾਇਆ ਗਿਆ ਹੈ। ਇਸ ਤਰ੍ਹਾਂ ਇਹ ਦੂਜੀ ਵਾਰ ਹੈ ਜਦੋਂ ਵਿਸ਼ੇਸ਼ ਅਧਿਕਾਰ ਕਮੇਟੀ ਦੇ ਚੇਅਰਮੈਨ ਦੇ ਹੁਕਮਾਂ ਨੂੰ ਪੰਚਾਇਤ ਵਿਭਾਗ ਨੇ ਛਿੱਕੇ ‘ਤੇ ਟੰਗਿਆ ਹੈ।

error: Content is protected !!