ਬਰਨਾਲਾ,28 ਨਵੰਬਰ (ਨਿਰਮਲ ਸਿੰਘ ਪੰਡੋਰੀ)-
-ਪੰਜਾਬ ਵਿਜੀਲੈਂਸ ਯੂਨਿਟ ਬਰਨਾਲਾ ਵੱਲੋਂ ਤਹਿਸੀਲ ਤਪਾ ਦੇ ਤਹਿਸੀਲਦਾਰ ਸੁਖਚਰਨ ਸਿੰਘ ਨੂੰ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਸੂਬੇ ਦੇ ਮਾਲ ਅਧਿਕਾਰੀਆਂ ‘ਚ ਹੜਕੰਪ ਮਚਿਆ ਹੋਇਆ ਹੈ ਕਿਉਂਕਿ ਗ੍ਰਿਫ਼ਤਾਰ ਕੀਤਾ ਸੁਖਚਰਨ ਸਿੰਘ ਪੰਜਾਬ ਦੇ ਮਾਲ ਅਧਿਕਾਰੀਆਂ ਦੀ ਜਥੇਬੰਦੀ ਦਾ ਸੂਬਾ ਪ੍ਰਧਾਨ ਹੈ। ਇਸ ਘਟਨਾ ਤੋਂ ਬਾਅਦ ਪੰਜਾਬ ਦੇ ਮਾਲ ਅਧਿਕਾਰੀ ਅਤੇ ਵਿਜੀਲੈਂਸ ਆਹਮੋ ਸਾਹਮਣੇ ਆ ਗਏ ਹਨ। ਪੰਜਾਬ ਰੈਵੀਨਿਊ ਆਫਿਸਰ ਐਸੋਸੀਏਸ਼ਨ ਨੇ ਵਿਜੀਲੈਂਸ ਵੱਲੋਂ ਤਹਿਸੀਲਦਾਰ ਤਪਾ ਸੁਖਚਰਨ ਸਿੰਘ ਦੀ ਗ੍ਰਿਫਤਾਰੀ ਨੂੰ ਧੱਕੇਸ਼ਾਹੀ ਕਰਾਰ ਦਿੰਦੇ ਹੋਏ 28 ਨਵੰਬਰ ਨੂੰ ਸਮੂਹਿਕ ਛੁੱਟੀ ‘ਤੇ ਜਾਣ ਦਾ ਫੈਸਲਾ ਕਰਦੇ ਹੋਏ ਵਿਜੀਲੈਂਸ ਦਫਤਰ ਬਰਨਾਲਾ ਸਾਹਮਣੇ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਨ ਦਾ ਐਲਾਨ ਵੀ ਕਰ ਦਿੱਤਾ ਹੈ। ਦੱਸ ਦੇਈਏ ਕਿ ਬੀਤੇ ਕੱਲ੍ਹ ਵਿਜੀਲੈਂਸ ਦੀ ਯੂਨਿਟ ਬਰਨਾਲਾ ਨੇ ਤਪਾ ਤੇ ਤਹਿਸੀਲਦਾਰ ਨੂੰ ਰਿਸ਼ਵਤ 20 ਹਜ਼ਾਰ ਦੀ ਰਿਸ਼ਵਤ ਲੈਂਦੇ ਹੋਏ ਟਰੈਪ ਲਗਾ ਕੇ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ ਸੀ। ਸੁਖਚਰਨ ਸਿੰਘ ਮਾਲ ਅਫ਼ਸਰਾਂ ਦੀ ਜਥੇਬੰਦੀ ਦਾ ਸੂਬਾ ਪ੍ਰਧਾਨ ਹੈ ਜਿਸ ਤੋਂ ਬਾਅਦ ਸੂਬੇ ਦੇ ਮਾਲ ਅਫ਼ਸਰਾਂ ‘ਚ ਇਸ ਗ੍ਰਿਫ਼ਤਾਰੀ ਸਬੰਧੀ ਤਰਥੱਲੀ ਮੱਚਣੀ ਸੁਭਾਵਿਕ ਹੀ ਸੀ। ਤਪਾ ਤਹਿਸੀਲਦਾਰ ਸੁਖਚਰਨ ਸਿੰਘ ਦੀ ਗ੍ਰਿਫ਼ਤਾਰੀ ਤੋਂ ਬਾਅਦ ਜਥੇਬੰਦੀ ਦੀ ਆਨਲਾਈਨ ਮੀਟਿੰਗ ਲਛਮਣ ਸਿੰਘ ਮੀਤ-ਪ੍ਰਧਾਨ, ਸ੍ਰੀਮਤੀ ਅਰਚਨਾ ਸ਼ਰਮਾ, ਮੀਤ-ਪ੍ਰਧਾਨ, ਨਵਦੀਪ ਸਿੰਘ ਭੋਗਲ ਮੀਤ-ਪ੍ਰਧਾਨ ਅਤੇ ਲਾਰਸਨ ਮੀਤ-ਪ੍ਰਧਾਨ ਦੀ ਹਾਜ਼ਰੀ ਵਿੱਚ ਹੋਈ ਮੀਟਿੰਗ ਵਿੱਚ ਲਵਪ੍ਰੀਤ ਸਿੰਘ ਡੀ.ਐਸ. ਪੀ. ਵਿਜੀਲੈਂਸ ਵਿਭਾਗ, ਬਰਨਾਲਾ ਵੱਲੋਂ ਕਥਿਤ ਤੌਰ ਧੱਕੇਸ਼ਾਹੀ ਕਰਦੇ ਹੋਏ ਪੰਜਾਬ ਰੈਵੀਨਿਊ ਆਫਿਸਰ ਐਸੋਸੀਏਸਨ ਪੰਜਾਬ ਦੇ ਪ੍ਰਧਾਨ ਸੁਖਚਰਨ ਸਿੰਘ ਚੰਨੀ ਨੂੰ ਗ੍ਰਿਫ਼ਤਾਰ ਕਰਨ ਦੀ ਨਿਖੇਧੀ ਕੀਤੀ ਗਈ। ਐਸੋਸੀਏਸ਼ਨ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਸਾਰੇ ਰੈਵੀਨਿਊ ਆਫਿਸਰ (ਜਿਲਾ ਮਾਲ ਅਫਸਰ, ਸਬ ਰਜਿਸਟਰਾਰ, ਤਹਿਸੀਲਦਾਰ, ਨਾਇਬ ਤਹਿਸੀਲਦਾਰ) ਮਿਤੀ 28.11.2024 ਨੂੰ ਸਮੂਹਿਕ ਛੁੱਟੀ ‘ਤੇ ਜਾਣਗੇ ਅਤੇ ਸਵੇਰੇ 10:00 ਵਜੇ ਡੀ.ਐਸ.ਪੀ. ਵਿਜੀਲੈਂਸ ਦਫਤਰ, ਬਰਨਾਲਾ ਦੇ ਬਾਹਰ ਇਕੱਠੇ ਹੋ ਕੇ ਰੋਸ ਪ੍ਰਦਰਸ਼ਨ ਕਰਨਗੇ। ਮਾਲ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਰੋਸ ਪ੍ਰਦਰਸ਼ਨ ਦੌਰਾਨ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਆਉਣ ਵਾਲੀ ਸਮੱਸਿਆ ਦੀ ਜ਼ਿੰਮੇਵਾਰ ਵਿਜੀਲੈਂਸ ਵਿਭਾਗ ਅਤੇ ਸਰਕਾਰ ਹੋਵੇਗੀ। ਦੂਜੇ ਪਾਸੇ ਇਸ ਗੱਲ ਦੀ ਹੈਰਾਨੀ ਮੰਨੀ ਜਾ ਰਹੀ ਹੈ ਕਿ ਤਹਿਸੀਲਦਾਰ ਦੀ ਗ੍ਰਿਫਤਾਰੀ ਤੋਂ ਕੁਝ ਘੰਟੇ ਬਾਅਦ ਹੀ ਜਥੇਬੰਦੀ ਨੇ ਆਨਲਾਈਨ ਮੀਟਿੰਗ ਕਰਕੇ ਥੋੜੇ ਸਮੇਂ ‘ਚ ਵਿਜੀਲੈਂਸ ਦੀ ਕਾਰਵਾਈ ਨੂੰ ਧੱਕੇਸ਼ਾਹੀ ਕਿਵੇਂ ਕਰਾਰ ਦੇ ਦਿੱਤਾ ਜਦਕਿ ਵਿਜੀਲੈਂਸ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸ਼ਿਕਾਇਤ ਦੇ ਆਧਾਰ ‘ਤੇ ਟਰੈਪ ਲਗਾ ਕੇ ਪੂਰੇ ਤੱਥਾਂ ਸਹਿਤ ਤਹਿਸੀਲਦਾਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਜਦੋਂ ਤਹਿਸੀਲ ਦਫ਼ਤਰ ਵਿੱਚ ਤਹਿਸੀਲਦਾਰ ਨੂੰ ਗ੍ਰਿਫਤਾਰ ਕੀਤਾ ਗਿਆ ਉਸ ਵੇਲੇ ਆਮ ਲੋਕ ਵੀ ਆਪਣੇ ਕੰਮ ਕਾਰਾਂ ਸਬੰਧੀ ਤਹਿਸੀਲ ਦਫਤਰ ਵਿੱਚ ਆਏ ਹੋਏ ਸਨ ਜਿਨਾਂ ਦੇ ਸਾਹਮਣੇ ਤਹਿਸੀਲਦਾਰ ਦੀ ਗ੍ਰਿਫਤਾਰੀ ਹੋਈ। ਸਵਾਲ ਇਹ ਵੀ ਹੈ ਕਿ ਕਿਸੇ ਵੀ ਜਥੇਬੰਦੀ ਦਾ ਆਪਣੇ ਕਿਸੇ ਸੂਬਾ ਆਗੂ ਜਾਂ ਮੈਂਬਰ ਦੇ ਖ਼ਿਲਾਫ਼ ਸਰਕਾਰ ਵੱਲੋਂ ਕੀਤੀ ਗਈ ਗ੍ਰਿਫ਼ਤਾਰੀ ਤੋਂ ਕੁਝ ਘੰਟੇ ਦੇ ਬਾਅਦ ਹੀ ਪ੍ਰਦਰਸ਼ਨ ਦਾ ਐਲਾਨ ਕਰਨਾ ਜਾਇਜ਼ ਹੈ। ਜਥੇਬੰਦੀ ਦੇ ਆਗੂਆਂ ਨੇ ਆਨਲਾਈਨ ਮੀਟਿੰਗ ਕਰਕੇ ਹੀ ਆਪਣੇ ਪ੍ਰਧਾਨ ਤਹਿਸੀਲਦਾਰ ਦੀ ਗ੍ਰਿਫ਼ਤਾਰੀ ਸਬੰਧੀ ਆਨਲਾਈਨ ਹੀ ਤੱਥਾਂ ਦੀ ਖੋਜ ਕਿਵੇਂ ਕਰ ਲਈ। ਮਾਲ ਅਧਿਕਾਰੀਆਂ ਲਈ ਇੱਕ ਜਥੇਬੰਦੀ ਦੇ ਇੱਕ ਆਗੂ ਨੇ ਆਪਣਾ ਨਾਮ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ ਕਿ ਤਹਿਸੀਲਦਾਰ ਨੂੰ ਵਿਜੀਲੈਂਸ ਦੀ ਗ੍ਰਿਫ਼ਤ ਵਿੱਚੋਂ ਛੁਡਵਾ ਕੇ ਹੀ ਦਮ ਲਵਾਂਗੇ ਕਿਉਂਕਿ ਇਹ ਧੱਕੇਸ਼ਾਹੀ ਹੈ, ਪਰੰਤੂ ਦੂਜੇ ਪਾਸੇ ਇਹ ਵੀ ਸ਼ੀਸ਼ੇ ਵਾਂਗ ਸਾਫ ਹੈ ਕਿ ਵਿਜੀਲੈਂਸ ਨੇ ਤੱਥਾਂ ਦੇ ਅਧਾਰ ‘ਤੇ ਹੀ ਤਹਿਸੀਲਦਾਰ ਦੀ ਗ੍ਰਿਫਤਾਰੀ ਕੀਤੀ ਹੈ। ਇਸ ਲਈ ਹੁਣ ਗੇਂਦ ਪੰਜਾਬ ਸਰਕਾਰ ਦੇ ਵਿਹੜੇ ਵਿੱਚ ਵੀ ਹੈ ਕਿ ਸਰਕਾਰ ਭ੍ਰਿਸ਼ਟਾਚਾਰ ਦੇ ਇਸ ਮੁੱਦੇ ‘ਤੇ ਮਾਲ ਅਧਿਕਾਰੀਆਂ ਅੱਗੇ ਝੁੱਕਦੀ ਹੈ ਜਾਂ ਨਹੀਂ। ਜੇਕਰ ਸਰਕਾਰ ਮਾਲ ਅਧਿਕਾਰੀਆਂ ਅੱਗੇ ਝੁੱਕਦੀ ਹੈ ਤਾਂ ਸਰਕਾਰ ਦੀ ਛਵੀ ਲੋਕਾਂ ਵਿੱਚ ਖਰਾਬ ਹੋਣੀ ਸੁਭਾਵਿਕ ਹੈ ਅਤੇ ਵਿਜੀਲੈਂਸ ਦੇ ਅਧਿਕਾਰੀਆਂ ਦੇ ਹੌਸਲੇ ਵੀ ਪਸਤ ਹੋਣਗੇ। ਦੂਜੇ ਪਾਸੇ ਇਹ ਵੀ ਸਾਹਮਣੇ ਆ ਰਿਹਾ ਹੈ ਕਿ ਗ੍ਰਿਫਤਾਰ ਕੀਤਾ ਤਹਿਸੀਲਦਾਰ ਦਾ ਸਹੁਰਾ ਵਿਜੀਲੈਂਸ ਦਾ ਸਾਬਕਾ ਡੀਐਸਪੀ ਰਿਹਾ ਹੈ। ਜਾਣਕਾਰੀ ਇਹ ਵੀ ਸਾਹਮਣੇ ਆਈ ਹੈ ਕਿ ਗ੍ਰਿਫਤਾਰ ਕੀਤਾ ਤਹਿਸੀਲਦਾਰ ਸੁਖਚਰਨ ਸਿੰਘ ਬਰਨਾਲਾ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦੇ ਇੱਕ ਆਗੂ ਦਾ ਭਤੀਜ ਜਵਾਈ ਹੈ।ਇਹ ਵੀ ਅੰਦਰਲੀ ਖ਼ਬਰ ਹੈ ਕਿ ਬਰਨਾਲਾ ਜ਼ਿਲ੍ਹੇ ਨਾਲ ਸੰਬੰਧਿਤ ਆਮ ਆਦਮੀ ਪਾਰਟੀ ਦਾ ਉਕਤ ਆਗੂ ਤਹਿਸੀਲਦਾਰ ਦੀ ਗ੍ਰਿਫਤਾਰੀ ਤੋਂ ਬਾਅਦ ਵਿਜੀਲੈਂਸ ਬਰਨਾਲਾ ਦੇ ਦਫਤਰ ਵੀ ਪੁੱਜ ਗਿਆ ਸੀ ਅਤੇ ਉਸ ਵੱਲੋਂ ਗ੍ਰਿਫਤਾਰ ਕੀਤੇ ਤਹਿਸੀਲਦਾਰ ਨਾਲ ਮੁਲਾਕਾਤ ਦੇ ਚਰਚੇ ਵੀ ਹਨ। ਇਹ ਵੀ ਚਰਚਾ ਹੈ ਕਿ ਸੂਬੇ ਦੇ ਕੁਝ ਮਾਲ ਅਧਿਕਾਰੀਆਂ ਨੇ ਵੀ ਤਹਿਸੀਲਦਾਰ ਦੀ ਗ੍ਰਿਫਤਾਰੀ ਤੋਂ ਕੁਝ ਸਮਾਂ ਬਾਅਦ ਹੀ ਵਿਜੀਲੈਂਸ ਦਫਤਰ ਬਰਨਾਲਾ ਪੁੱਜ ਕੇ ਆਪਣੇ ਪ੍ਰਧਾਨ ਦੀ ਗਿਰਿਫਤਾਰੀ ਸਬੰਧੀ ਵਿਜੀਲੈਂਸ ਅਧਿਕਾਰੀਆਂ ਨਾਲ ਮੁਲਾਕਾਤ ਕੀਤੀ।








