ਚੰਡੀਗੜ੍ਹ, 28 ਨਵੰਬਰ, Gee98 news service
ਲੰਮਾ ਸਮਾਂ ਕਿਸੇ ਮਰਦ ਨਾਲ ਸਬੰਧਾਂ ਵਿੱਚ ਰਹਿਣ ਤੋਂ ਬਾਅਦ ਕੋਈ ਔਰਤ ਉਸ ਮਰਦ ‘ਤੇ ਬਲਾਤਕਾਰ ਦਾ ਕੇਸ ਦਰਜ ਨਹੀਂ ਕਰਵਾ ਸਕਦੀ। ਅਜਿਹੇ ਇੱਕ ਮਾਮਲੇ ਨਾਲ ਜੁੜੀ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਮਾਨਯੋਗ ਸੁਪਰੀਮ ਕੋਰਟ ਨੇ ਕਿਹਾ ਕਿ ਜੇਕਰ ਕਿਸੇ ਔਰਤ ਦੇ ਕਿਸੇ ਮਰਦ ਨਾਲ ਸਾਲਾਂ ਤੱਕ ਸਹਿਮਤੀ ਨਾਲ ਸੰਬੰਧ ਹਨ ਤਾਂ ਉਹ ਬਾਅਦ ‘ਚ ਉਸ ‘ਤੇ ਬਲਾਤਕਾਰ ਦਾ ਦੋਸ਼ ਨਹੀਂ ਲਗਾ ਸਕਦੀ। ਸੁਪਰੀਮ ਕੋਰਟ ਨੇ ਕਿਹਾ ਕਿ ਬਲਾਤਕਾਰ ਦਾ ਮਾਮਲਾ ਸਿਰਫ਼ ਇਸ ਲਈ ਨਹੀਂ ਬਣਾਇਆ ਜਾ ਸਕਦਾ ਕਿਉਂਕਿ ਵਿਅਕਤੀ ਨੇ ਵਿਆਹ ਦਾ ਝੂਠਾ ਵਾਅਦਾ ਕੀਤਾ ਸੀ। ਅਦਾਲਤ ਨੇ ਅਜਿਹੇ ਮਾਮਲਿਆਂ ‘ਤੇ ਚਿੰਤਾ ਜ਼ਾਹਰ ਕੀਤੀ ਹੈ, ਜਿੱਥੇ ਰਿਸ਼ਤੇ ਖਰਾਬ ਹੋਣ ‘ਤੇ ਅਪਰਾਧਿਕ ਮਾਮਲੇ ਦਰਜ ਕੀਤੇ ਜਾਂਦੇ ਹਨ।ਸੁਪਰੀਮ ਕੋਰਟ ਵਿੱਚ, ਜਸਟਿਸ ਬੀਵੀ ਨਾਗਰਥਨਾ ਅਤੇ ਜਸਟਿਸ ਐਨ ਕੋਟੇਸ਼ਵਰ ਸਿੰਘ ਦੇ ਬੈਂਚ ਨੇ ਮੁੰਬਈ ਦੇ ਖਾਰਘਰ ਪੁਲਿਸ ਸਟੇਸ਼ਨ ਵਿੱਚ ਮਹੇਸ਼ ਦਾਮੂ ਖਰੇ ਦੇ ਖਿਲਾਫ ਵਨੀਤਾ ਐਸ ਜਾਧਵ ਦੁਆਰਾ ਦਰਜ 7 ਸਾਲ ਪੁਰਾਣੀ ਐਫਆਈਆਰ ਨੂੰ ਰੱਦ ਕਰ ਦਿੱਤਾ। ਇਸ ਦੌਰਾਨ ਬੈਂਚ ਨੇ ਕਿਹਾ ਕਿ ਇਹ ਚਿੰਤਾਜਨਕ ਰੁਝਾਨ ਹੈ ਕਿ ਜਦੋਂ ਲੰਬੇ ਸਮੇਂ ਤੋਂ ਚੱਲ ਰਹੇ ਸਹਿਮਤੀ ਵਾਲੇ ਸਬੰਧਾਂ ਵਿੱਚ ਖਟਾਸ ਆ ਜਾਂਦੀ ਹੈ ਤਾਂ ਇਸ ਨੂੰ ਅਪਰਾਧਿਕ ਬਣਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਵਿਆਹ ਦੇ ਝੂਠੇ ਵਾਅਦੇ ਦੇ ਆਧਾਰ ‘ਤੇ ਦਰਜ ਕੀਤੀ ਗਈ ਸ਼ਿਕਾਇਤ ‘ਤੇ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ ਨਾ ਕਿ ਸਾਲਾਂ ਦੇ ਸਰੀਰਕ ਸਬੰਧਾਂ ਤੋਂ ਬਾਅਦ ਅਜਿਹੀ ਕੋਈ ਕਾਰਵਾਈ ਹੋਣੀ ਚਾਹੀਦੀ ਹੈ। ਇੱਕ ਰਿਪੋਰਟ ਮੁਤਾਬਕ ਮਹੇਸ਼ ਦਾਮੂ ਖਰੇ ਵਿਆਹਿਆ ਹੋਇਆ ਹੈ ਅਤੇ ਵਨੀਤਾ ਐਸ ਜਾਧਵ ਵਿਧਵਾ ਹੈ। ਦੋਵਾਂ ਦਾ ਅਫੇਅਰ 2008 ‘ਚ ਸ਼ੁਰੂ ਹੋਇਆ ਸੀ। ਔਰਤ ਵਨੀਤਾ ਜਾਧਵ ਨੇ ਦੱਸਿਆ ਕਿ ਮਹੇਸ਼ ਦਾਮੂ ਖਰੇ ਨੇ ਵਿਆਹ ਦਾ ਵਾਅਦਾ ਕੀਤਾ ਸੀ, ਜਿਸ ਤੋਂ ਬਾਅਦ ਦੋਵਾਂ ਵਿਚਾਲੇ ਸਰੀਰਕ ਸਬੰਧ ਬਣ ਗਏ। ਦੋਵਾਂ ਵਿਚਕਾਰ ਸਬੰਧ ਵਿਗੜਨ ਤੋਂ ਬਾਅਦ ਮਾਰਚ 2017 ‘ਚ ਜਾਧਵ ਨੇ ਖਰੇ ‘ਤੇ ਬਲਾਤਕਾਰ ਦਾ ਮਾਮਲਾ ਦਰਜ ਕਰਵਾ ਦਿੱਤਾ ਸੀ।ਜਦੋਂ ਇਹ ਮਾਮਲਾ ਸੁਪਰੀਮ ਕੋਰਟ ਗਿਆ ਤਾਂ ਸੁਪਰੀਮ ਕੋਰਟ ਵੀ ਸਾਰੀ ਕਹਾਣੀ ਜਾਣ ਕੇ ਹੈਰਾਨ ਰਹਿ ਗਈ। ਸੁਪਰੀਮ ਕੋਰਟ ਨੇ ਬਲਾਤਕਾਰ ਦੀ ਐਫਆਈਆਰ ਰੱਦ ਕਰ ਦਿੱਤੀ ਹੈ। ਸੁਪਰੀਮ ਕੋਰਟ ਨੇ ਕਿਹਾ ਕਿ ਅਜਿਹੀ ਸਥਿਤੀ ਵਿੱਚ ਜਿੱਥੇ ਇੱਕ ਔਰਤ ਜਾਣਬੁੱਝ ਕੇ ਲੰਬੇ ਸਮੇਂ ਤੱਕ ਸਰੀਰਕ ਸਬੰਧ ਬਣਾਈ ਰੱਖਦੀ ਹੈ, ਇਹ ਯਕੀਨ ਨਾਲ ਨਹੀਂ ਕਿਹਾ ਜਾ ਸਕਦਾ ਹੈ ਕਿ ਇਹ ਰਿਸ਼ਤਾ ਕੇਵਲ ਆਦਮੀ ਵੱਲੋਂ ਵਿਆਹ ਦੇ ਵਾਅਦੇ ਕਾਰਨ ਹੀ ਸੀ।










