ਪਿੰਡ ਪੰਡੋਰੀ ਦੇ ਨੌਜਵਾਨ ਨੇ ਪਾਈ ਇੰਗਲੈਂਡ ਦੀ ਫੌਜ ਦੀ ਵਰਦੀ…ਪਿੰਡ ‘ਚ ਖੁਸ਼ੀ ਦੀ ਲਹਿਰ…DC ਨੇ ਪਰਿਵਾਰ ਨੂੰ ਦਿੱਤੀ ਵਧਾਈ
ਬਰਨਾਲਾ,29 ਨਵੰਬਰ (ਨਿਰਮਲ ਸਿੰਘ ਪੰਡੋਰੀ)-
-ਇੱਕ ਪਾਸੇ ਜਿੱਥੇ ਪੰਜਾਬ ਦੇ ਨੌਜਵਾਨਾਂ ਨੂੰ ਨਸ਼ੇ ਦੀ ਬਿਮਾਰੀ ਨੇ ਬੁਰੀ ਤਰ੍ਹਾਂ ਆਪਣੀ ਜਕੜ ਵਿੱਚ ਲਿਆ ਹੋਇਆ ਉੱਥੇ ਅਜੇ ਵੀ ਪੰਜਾਬ ਦੇ ਕੁਝ ਜਜ਼ਬੇ ਵਾਲੇ ਨੌਜਵਾਨ ਹਨ ਜਿਹੜੇ ਭਾਰਤ ਹੀ ਨਹੀਂ ਸਗੋਂ ਭਾਰਤ ਤੋਂ ਬਾਹਰ ਵਿਦੇਸ਼ਾਂ ਦੀ ਧਰਤੀ ‘ਤੇ ਵੀ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਹਨ। ਅਜਿਹੀ ਇੱਕ ਮਿਸਾਲ ਬਰਨਾਲਾ ਜ਼ਿਲ੍ਹੇ ਦੇ ਪਿੰਡ ਪੰਡੋਰੀ ਦੇ ਜੰਮਪਲ ਨੌਜਵਾਨ ਦਵਿੰਦਰ ਸਿੰਘ ਨੇ ਪੈਦਾ ਕੀਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇੱਕ ਮੱਧਵਰਗੀ ਕਿਸਾਨੀ ਪਰਿਵਾਰ ਨਾਲ ਸਬੰਧਿਤ ਦਵਿੰਦਰ ਸਿੰਘ ਨੇ ਇੰਗਲੈਂਡ ਦੀ ਫੌਜ ਵਿੱਚ ਭਰਤੀ ਹੋ ਕੇ ਜਿੱਥੇ ਪੰਜਾਬ ਅਤੇ ਆਪਣੇ ਪਿੰਡ ਦਾ ਨਾਮ ਰੌਸ਼ਨ ਕੀਤਾ ਉੱਥੇ ਇੱਕ ਵੱਡਾ ਪੈਗ਼ਾਮ ਵੀ ਨੌਜਵਾਨ ਵਰਗ ਲਈ ਦਿੱਤਾ ਹੈ ਕਿ ਜੇਕਰ ਇਨਸਾਨ ਵਿੱਚ ਕੁਝ ਕਰਨ ਦਾ ਜਜ਼ਬਾ ਹੋਵੇ ਤਾਂ ਹੱਦਾਂ ਅਤੇ ਸਰਹੱਦਾਂ ਕੋਈ ਮਾਇਨੇ ਨਹੀਂ ਰੱਖਦੀਆਂ। ਇਸ ਸਬੰਧੀ ਦੱਸਦੇ ਹੋਏ ਦਵਿੰਦਰ ਸਿੰਘ ਦੇ ਭਰਾ ਹਰਮਨਜੋਤ ਸਿੰਘ ਨੇ ਦੱਸਿਆ ਕਿ ਦਵਿੰਦਰ ਕਰੀਬ ਡੇਢ ਕੁ ਸਾਲ ਪਹਿਲਾਂ ਆਈਲੈਟਸ ਕਰਕੇ ਸਟੱਡੀ ਬੇਸ ‘ਤੇ ਇੰਗਲੈਂਡ ਗਿਆ ਸੀ, ਜਿੱਥੇ ਉਸ ਨੇ ਆਰਮੀ ‘ਚ ਭਰਤੀ ਹੋਣ ਲਈ ਫਾਰਮ ਭਰੇ ਅਤੇ ਟਰਾਇਲ ਪਾਸ ਕੀਤੇ। ਪਿੰਡ ਦੇ ਜੰਮਪਲ ਨੌਜਵਾਨ ਦੀ ਇਸ ਵੱਡੀ ਪ੍ਰਾਪਤੀ ‘ਤੇ ਸਮੁੱਚੇ ਪਿੰਡ ‘ਚ ਖੁਸ਼ੀ ਦੀ ਲਹਿਰ ਹੈ ਅਤੇ ਪਰਿਵਾਰ ਨੂੰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਦਵਿੰਦਰ ਸਿੰਘ ਦੇ ਪਰਿਵਾਰਿਕ ਪਿਛੋਕੜ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਨਿਆਣੀ ਉਮਰੇ ਪਿਤਾ ਦਾ ਸਾਇਆ ਸਿਰ ਤੋਂ ਉੱਠ ਗਿਆ ਸੀ, ਅਜਿਹੇ ਹਾਲਾਤਾਂ ‘ਚ ਮਾਂ ਨੇ ਦੋਵੇਂ ਪੁੱਤਰਾਂ ਨੂੰ ਸਮੇਂ ਦੀਆਂ ਨਜ਼ਰਾਂ ਤੋਂ ਬਚਾ ਕੇ ਪਾਲਣ ਪੋਸ਼ਣ ਕੀਤਾ ਅਤੇ ਚੰਗੀ ਸਿੱਖਿਆ ਦਿੱਤੀ। ਮਾਂ ਦੇ ਵਿਸ਼ਵਾਸ ‘ਤੇ ਖਰਾ ਉਤਰਦੇ ਹੋਏ ਦਵਿੰਦਰ ਸਿੰਘ ਨੇ ਵਿਦੇਸ਼ੀ ਧਰਤੀ ‘ਤੇ ਵੱਡੀ ਪ੍ਰਾਪਤੀ ਕਰਕੇ ਨੌਜਵਾਨ ਵਰਗ ਲਈ ਇੱਕ ਵੱਡਾ ਪੈਗ਼ਾਮ ਦਿੱਤਾ ਹੈ। ਬਰਨਾਲਾ ਦੇ ਡਿਪਟੀ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਨੇ ਦਵਿੰਦਰ ਸਿੰਘ ਦੀ ਪ੍ਰਾਪਤੀ ‘ਤੇ ਪਰਿਵਾਰ ਨੂੰ ਵਧਾਈ ਦਿੰਦੇ ਹੋਏ ਨੌਜਵਾਨ ਵਰਗ ਨੂੰ ਅਜਿਹੇ ਜਜ਼ਬੇ ਵਾਲੇ ਨੌਜਵਾਨਾਂ ਦੀਆਂ ਪ੍ਰਾਪਤੀਆਂ ਤੋਂ ਪ੍ਰੇਰਨਾ ਲੈਣ ਦਾ ਸੰਦੇਸ਼ ਦਿੱਤਾ।
