ਬਰਨਾਲਾ,29 ਨਵੰਬਰ (ਨਿਰਮਲ ਸਿੰਘ ਪੰਡੋਰੀ)-
-ਜ਼ਿਲ੍ਹੇ ਦੇ ਪਿੰਡ ਖੁੱਡੀ ਕਲਾਂ ਵਿਖੇ ਪਿਛਲੇ ਦਿਨੀ ਇੱਕ ਬਜ਼ੁਰਗ ਔਰਤ ਦੀ ਕੁੱਟਮਾਰ ਦੀ ਵੀਡੀਓ ਸਬੰਧੀ ਸਖ਼ਤ ਕਾਰਵਾਈ ਕਰਦੇ ਹੋਏ ਬਰਨਾਲਾ ਪੁਲਿਸ ਨੇ ਕੁੱਟਮਾਰ ਕਰਨ ਵਾਲੀ ਔਰਤ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀ ਸੋਸ਼ਲ ਮੀਡੀਆ ‘ਤੇ ਇੱਕ ਬਜ਼ੁਰਗ ਔਰਤ ਦੀ ਕੁੱਟਮਾਰ ਕਰਨ ਦੀ ਇੱਕ ਵੀਡੀਓ ਵਾਇਰਲ ਹੋ ਰਹੀ ਸੀ ਜਿਸ ਵਿੱਚ ਇੱਕ ਔਰਤ, ਬਜ਼ੁਰਗ ਔਰਤ ਦੀ ਬਾਲਟੀ ਨਾਲ ਕੁੱਟਮਾਰ ਕਰ ਰਹੀ ਹੈ ਅਤੇ ਉਸਨੂੰ ਵਾਲਾਂ ਤੋਂ ਫੜ ਕੇ ਘੜੀਸ ਕੇ ਬਾਥਰੂਮ ਵਿੱਚ ਵਾੜ ਰਹੀ ਹੈ। ਵੀਡੀਓ ਵਿੱਚ ਬਜ਼ੁਰਗ ਔਰਤ ਕਾਫੀ ਰੋ ਕੁਰਲਾ ਕੇ ਤਰਲੇ ਮਿੰਨਤਾਂ ਕਰ ਰਹੀ ਹੈ ਪ੍ਰੰਤੂ ਕੁੱਟਮਾਰ ਕਰਨ ਵਾਲੀ ਔਰਤ ਉਸ ਨੂੰ ਧਮਕਾ ਰਹੀ ਹੈ। ਜਦ ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਜੰਗਲ ਦੀ ਅੱਗ ਵਾਂਗ ਵਾਇਰਲ ਹੋ ਗਈ ਤਾਂ ਸਥਾਨਕ ਪੁਲਿਸ ਨੇ ਇਸ ਦਾ ਨੋਟਿਸ ਲਿਆ ਅਤੇ ਵੀਡੀਓ ਦੀ ਪੜਤਾਲ ਤੋਂ ਬਾਅਦ ਸਾਹਮਣੇ ਆਇਆ ਕਿ ਬਜ਼ੁਰਗ ਔਰਤ ਸ਼ਿੰਦਰ ਕੌਰ ਪਤਨੀ ਮੁਖਤਿਆਰ ਸਿੰਘ ਵਾਸੀ ਸਟੇਸ਼ਨ ਬਸਤੀ ਖੁੱਡੀ ਕਲਾਂ ਹੈ ਅਤੇ ਅਤੇ ਉਸ ਦੀ ਕੁੱਟਮਾਰ ਕਰਨ ਵਾਲੀ ਔਰਤ ਬਲਵਿੰਦਰ ਕੌਰ ਪਤਨੀ ਜਗਸੀਰ ਸਿੰਘ ਉਰਫ ਸੀਰਾ ਹੈ, ਜੋ ਪੀੜ੍ਹਤ ਔਰਤ ਸਿੰਦਰ ਕੌਰ ਦੀ ਰਿਸ਼ਤੇ ਵਿੱਚ ਨੂੰਹ ਲੱਗਦੀ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਕੁੱਟਮਾਰ ਕਰਨ ਵਾਲੀ ਦੋਸ਼ੀ ਔਰਤ ਬਲਵਿੰਦਰ ਕੌਰ ਦੇ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਹੈ।










