ਚੰਡੀਗੜ੍ਹ,30 ਨਵੰਬਰ, Gee98 news service
-ਪੰਜਾਬ ਪੁਲਿਸ ਨੇ ਇੱਕ ਢਾਬੇ ਦੇ ਮਾਲਕ ਨਾਲ ਤਕਰਾਰਬਾਜ਼ੀ ਦੀ ਘਟਨਾ ਨੂੰ ਲਾਈਵ ਕਰਨ ਵਾਲੇ ਪੱਤਰਕਾਰਾਂ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਇੱਕ ਪੱਤਰਕਾਰ ਨੂੰ ਗ੍ਰਿਫਤਾਰ ਵੀ ਕੀਤਾ ਹੈ। ਇਹ ਮਾਮਲਾ ਜਲੰਧਰ ਦੇ ਨਹਿਰੂ ਗਾਰਡਨ ਖੇਤਰ ਨਾਲ ਸੰਬੰਧਿਤ ਹੈ ਜਿੱਥੇ ਮੰਨੀ ਢਾਬੇ ਦੇ ਮਾਲਕ ਅਨਿਲ ਕੁਮਾਰ ਮੰਨੀ ਨਾਲ ਕੁਝ ਲੋਕਾਂ ਨੇ ਮਾੜੀਆਂ ਸਬਜ਼ੀਆਂ ਦੇ ਸੰਬੰਧ ‘ਚ ਤਕਰਾਰਬਾਜ਼ੀ ਕੀਤੀ। ਇਸ ਮੌਕੇ ਇੱਕ ਨਿਊਜ਼ ਪੋਰਟਲ ਦੇ ਪੱਤਰਕਾਰ ਵੀ ਨਾਲ ਸਨ ਜਿਨਾਂ ਨੇ ਸਾਰੀ ਘਟਨਾ ਨੂੰ ਲਾਈਵ ਕੀਤਾ। ਇਸ ਮਾਮਲੇ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਪੁਲਿਸ ਕਮਿਸ਼ਨਰ ਸਵਪਨ ਸ਼ਰਮਾ ਨੇ ਦੱਸਿਆ ਕਿ ਅਨਿਲ ਕੁਮਾਰ ਮੰਨੀ ਦੇ ਪੁੱਤਰ ਮਾਨਵ ਮੰਨੀ ਵਲੋਂ ਸ਼ਿਕਾਇਤ ਦਿੱਤੀ ਗਈ ਸੀ ਕਿ 20 ਨਵੰਬਰ, 2024 ਨੂੰ ਦੀਪਕ ਰਾਣਾ ਸਮੇਤ ਕੁਝ ਵਿਅਕਤੀਆਂ ਦੇ ਇਕ ਸਮੂਹ ਵਲੋਂ ਕਥਿਤ ਤੌਰ ‘ਤੇ ਕੀੜੇ-ਪ੍ਰਭਾਵਿਤ ਸਬਜ਼ੀਆਂ ਵੇਚਣ ਦਾ ਦੋਸ਼ ਲਗਾਇਆ ਗਿਆ ਅਤੇ ਉਸ ਦੇ ਪਿਤਾ ਨਾਲ ਲਗਾਤਾਰ ਤਕਰਾਰ ਕੀਤੀ ਗਈ, ਉਸ ਵਲੋਂ ਵਾਰ-ਵਾਰ ਬੇਨਤੀਆਂ ਕੀਤੀਆਂ ਗਈਆਂ ਕਿ ਅਨਿਲ ਕੁਮਾਰ ਦਿਲ ਦਾ ਮਰੀਜ਼ ਹੈ, ਪਰ ਪੱਤਰਕਾਰਾਂ ਦੇ ਸਮੂਹ ਵਲੋਂ ਉਸ ਦੇ ਪਿਤਾ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾਂਦਾ ਰਿਹਾ। ਵਧਦੀ ਹੋਈ ਤਕਰਾਰ ਨੇ ਉਸ ਦੇ ਪਿਤਾ ਨੂੰ ਗੰਭੀਰ ਤਣਾਅ ਪੈਦਾ ਕਰ ਦਿੱਤਾ, ਜਿਸ ਨਾਲ ਉਸ ਦੀ ਤਬੀਅਤ ਖ਼ਰਾਬ ਹੋਣ ਲੱਗੀ । ਪਿਤਾ ਦੀ ਖ਼ਰਾਬ ਤਬੀਅਤ ਦੇਖ ਕੇ ਉਹ ਉਸ ਨੂੰ ਹਸਪਤਾਲ ਲੈ ਜਾ ਰਿਹਾ ਸੀ, ਤਾਂ ਰਸਤੇ ‘ਚ ਹੀ ਉਸ ਦੇ ਪਿਤਾ ਦੀ ਦਰਦਨਾਕ ਮੌਤ ਹੋ ਗਈ ।ਇਸ ਸੰਬੰਧੀ ਥਾਣਾ ਡਵੀਜ਼ਨ ਨੰਬਰ 4 ਦੇ ਮੁਖੀ ਹਰਦੇਵ ਸਿੰਘ ਨੇ ਪੀੜਤ ਦੇ ਪੁੱਤਰ ਦੀ ਸ਼ਿਕਾਇਤ ਦੇ ਆਧਾਰ ‘ਤੇ ਕੁਝ ਪੱਤਰਕਾਰਾਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਅਤੇ ਇਸ ਮਾਮਲੇ ‘ਚ ਇੱਕ ਨਿਊਜ਼ ਪੋਰਟਲ ਦੇ ਰਿਪੋਰਟਰ ਦੀਪਕ ਰਾਣਾ ਉਰਫ਼ ਦੀਪਕ ਥਾਪਰ ਨੂੰ 27 ਨਵੰਬਰ ਨੂੰ ਕਾਂਗਰਸ ਭਵਨ ਨੇੜੇ ਗਿ੍ਫ਼ਤਾਰ ਕਰ ਲਿਆ । ਸਵਪਨ ਸ਼ਰਮਾ ਨੇ ਕਿਹਾ, ‘ਇਹ ਇਕ ਗੰਭੀਰ ਮਾਮਲਾ ਹੈ, ਜਿੱਥੇ ਪ੍ਰੇਸ਼ਾਨੀ ਨਾਲ ਸਿੱਧੇ ਤੌਰ ‘ਤੇ ਜਾਨ ਚਲੀ ਗਈ, ਉਨ੍ਹਾਂ ਕਿਹਾ ਕਿ ਉਹ ਇਸ ਮਾਮਲੇ ‘ਚ ਨਿਆਂ ਨੂੰ ਯਕੀਨੀ ਬਣਾਉਣਗੇ।