ਕਾਲਾ ਢਿੱਲੋਂ ਦੀ ਜਿੱਤ ‘ਚ “ਬਾਠ ਫੈਕਟਰ” ਦਾ ਕੀ ਰਿਹਾ ਅਸਰ
ਬਰਨਾਲਾ,30 ਨਵੰਬਰ (ਨਿਰਮਲ ਸਿੰਘ ਪੰਡੋਰੀ)-
-ਵਿਧਾਨ ਸਭਾ ਹਲਕਾ ਬਰਨਾਲਾ ਦੀ ਜ਼ਿਮਨੀ ਚੋਣ ਦੇ ਨਤੀਜੇ ‘ਤੇ ਚਰਚਾਵਾਂ ਦਾ ਦੌਰ ਜਾਰੀ ਹੈ। ਇਹ ਅਤਿਕਥਨੀ ਨਹੀਂ ਕਿ ਪੰਜਾਬ ਦੀਆਂ ਚਾਰ ਹਲਕਿਆਂ ਦੀਆਂ ਜ਼ਿਮਨੀ ਚੋਣਾਂ ਦੇ ਨਤੀਜਿਆਂ ਤੋਂ ਜ਼ਿਮਨੀ ਚੋਣ ਬਰਨਾਲਾ ਦਾ ਨਤੀਜਾ ਵੱਧ ਚਰਚਾ ਵਿੱਚ ਹੈ, ਜਿੱਥੋਂ ਕਾਂਗਰਸ ਪਾਰਟੀ ਦੇ ਉਮੀਦਵਾਰ ਕਾਲਾ ਢਿੱਲੋਂ ਨੇ ਆਪ ਦੇ ਹਰਿੰਦਰ ਸਿੰਘ ਧਾਲੀਵਾਲ ਨੂੰ ਹਰਾ ਕੇ ਚੋਣ ਜਿੱਤੀ ਹੈ। ਆਪ ਉਮੀਦਵਾਰ ਦੀ ਚੋਣ ਮੁਹਿੰਮ ਨੂੰ ਸਾਬਕਾ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਹੇਅਰ ਨੇ ਆਪਣੇ ਪੂਰੇ ਕੰਟਰੋਲ ਹੇਠ ਰੱਖਿਆ ਹੋਇਆ ਸੀ। ਮੀਤ ਹੇਅਰ ਇਸ ਤੋਂ ਪਹਿਲਾਂ ਤਿੰਨ ਚੋਣਾਂ ਵਿੱਚ ਸ਼ਾਨਦਾਰ ਜਿੱਤ ਪ੍ਰਾਪਤ ਕਰ ਚੁੱਕੇ ਹਨ ਪ੍ਰੰਤੂ ਉਪ ਚੋਣ ਦੇ ਨਤੀਜੇ ਨੇ ਮੀਤ ਹੇਅਰ ਦੇ ਖ਼ੇਮੇ ‘ਚ ਨਿਰਾਸ਼ਤਾ ਦਾ ਆਲਮ ਭਰ ਦਿੱਤਾ ਹੈ। ਦੂਜੇ ਪਾਸੇ ਜੇਤੂ ਉਮੀਦਵਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਜਿੱਥੇ ਹਲਕੇ ‘ਚ ਆਧਾਰ ਮਜਬੂਤ ਹੋਇਆ ਉੱਥੇ ਉਪ ਚੋਣ ਦੀ ਜਿੱਤ ਨੇ ਕਾਲਾ ਢਿੱਲੋਂ ਦਾ ਸਿਆਸੀ ਕੱਦ ਕਾਂਗਰਸ ਪਾਰਟੀ ਦੇ ਪਲੇਟਫਾਰਮ ‘ਤੇ ਵੀ ਵੱਡਾ ਕੀਤਾ ਹੈ। ਬਰਨਾਲਾ ਉਪ ਚੋਣ ਦੇ ਨਤੀਜੇ ‘ਤੇ ਜਦੋਂ ਚਰਚਾ ਹੁੰਦੀ ਹੈ ਤਾਂ ਕਾਲਾ ਢਿੱਲੋਂ ਦੀ ਜਿੱਤ ਵਿੱਚ ਆਪ ਦੇ ਬਾਗੀ ਉਮੀਦਵਾਰ ਗੁਰਦੀਪ ਸਿੰਘ ਬਾਠ ਦੇ ਫੈਕਟਰ ਨੂੰ ਜਿਆਦਾ ਅਹਿਮੀਅਤ ਦਿੱਤੀ ਜਾ ਰਹੀ ਹੈ ਪ੍ਰੰਤੂ ਕਾਲਾ ਢਿੱਲੋਂ ਦੀ ਜਿੱਤ ਵਿੱਚ ਸਿਰਫ ਇਹੀ ਅਹਿਮ ਫੈਕਟਰ ਨਹੀਂ ਹੈ। ਇਹ ਮੰਨਣਯੋਗ ਹੈ ਕਿ ਗੁਰਦੀਪ ਸਿੰਘ ਬਾਠ ਨੇ ਆਪ ਦੇ ਵੋਟ ਬੈਂਕ ਵਿੱਚ ਵੱਡਾ ਨੁਕਸਾਨ ਕੀਤਾ ਪ੍ਰੰਤੂ ਬਾਠ ਦੇ ਬਗਾਵਤ ਵਾਲੇ ਫੈਕਟਰ ਨੂੰ ਕਾਲਾ ਢਿੱਲੋ ਦੀ ਜਿੱਤ ਦੇ ਵਿੱਚ ਅਹਿਮ ਫੈਕਟਰ ਮੰਨਣਾ ਵੀ ਠੀਕ ਨਹੀਂ ਹੈ। ਦਰਅਸਲ ਮੀਤ ਹੇਅਰ ਅਤੇ ਗੁਰਦੀਪ ਸਿੰਘ ਬਾਠ ਦੇ ਵਿਚਕਾਰ ਉਪ ਚੋਣ ਦੀ ਟਿਕਟ ਕਰਕੇ ਨਹੀਂ ਸਗੋਂ ਪਿਛਲੇ ਕਰੀਬ ਇੱਕ ਸਾਲ ਤੋਂ ਸਿਆਸੀ ਮਨ ਮੁਟਾਵ ਸ਼ੁਰੂ ਹੋ ਚੁੱਕਿਆ ਸੀ ਜਿਸ ਪਿੱਛੇ ਬਹੁਤ ਸਾਰੇ ਹੋਰ ਕਾਰਨ ਵੀ ਹਨ। ਇਸੇ ਸਮੇਂ ਦੌਰਾਨ ਗੁਰਦੀਪ ਸਿੰਘ ਬਾਠ ਨੇ ਆਪਣਾ ਧੜਾ ਮਜ਼ਬੂਤ ਕਰਨਾ ਸ਼ੁਰੂ ਕਰ ਦਿੱਤਾ ਅਤੇ ਉਹ ਕਾਫੀ ਹੱਦ ਤੱਕ ਆਮ ਆਦਮੀ ਪਾਰਟੀ ਵਿੱਚ ਆਪਣਾ ਧੜਾ ਮਜਬੂਤ ਕਰਨ ਵਿੱਚ ਕਾਮਯਾਬ ਵੀ ਰਿਹਾ ਪ੍ਰੰਤੂ ਦੂਜੇ ਪਾਸੇ ਇਸ ਦੀ ਭਿਣਕ ਮੀਤ ਹੇਅਰ ਦੇ ਖੇਮੇ ਨੂੰ ਬਿਲਕੁਲ ਵੀ ਨਹੀਂ ਲੱਗੀ ਜਾਂ ਦੂਜੇ ਸ਼ਬਦਾਂ ‘ਚ ਇੰਝ ਕਹਿ ਲਿਆ ਜਾਵੇ ਕਿ ਮੀਤ ਹੇਅਰ ਦੇ ਗਰੁੱਪ ਨੇ ਗੁਰਦੀਪ ਸਿੰਘ ਬਾਠ ਦੇ ਆਧਾਰ ਨੂੰ ਲੋੜ ਤੋਂ ਵੱਧ ਘਟਾ ਕੇ ਵੇਖਿਆ। ਮੀਤ ਹੇਅਰ ਅਤੇ ਗੁਰਦੀਪ ਸਿੰਘ ਬਾਠ ਦੇ ਇਸ ਸਿਆਸੀ ਮਨ ਮੁਟਾਵ ਦੀ ਭਿਣਕ ਕਾਂਗਰਸ ਪਾਰਟੀ ਦੀ ਟਿਕਟ ਦੇ ਮਜ਼ਬੂਤ ਅਤੇ ਇੱਕੋ ਇੱਕ ਦਾਅਵੇਦਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਨੂੰ ਵੀ ਸੀ ਜਿਸ ਨੇ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਹਲਕੇ ‘ਚ ਆਪਣਾ ਆਧਾਰ ਮਜਬੂਤ ਕਰਨ ਦੇ ਯਤਨ ਹੋਰ ਤੇਜ਼ ਕਰ ਦਿੱਤੇ। ਬਿਨਾਂ ਕਿਸੇ ਵੱਡੇ ਸਿਆਸੀ ਅਹੁਦੇ ਤੋਂ ਲੋਕਾਂ ਵਿੱਚ ਵਿਚਰਨਾ ਅਤੇ ਆਪਣੀ ਕਾਬਲੀਅਤ ਮੁਤਾਬਿਕ ਲੋਕਾਂ ਦੇ ਕੰਮ ਕਰਵਾਉਣੇ ਅਤੇ ਆਪਣੀ ਮਿਲਵਰਤਨ ਦੀ ਸ਼ੈਲੀ ਅਤੇ ਨਿਮਰਤਾ ਦੇ ਵਿਲੱਖਣ ਗੁਣ ਸਦਕਾ ਕਾਲਾ ਢਿੱਲੋਂ ਦੇ ਉਕਤ ਯਤਨਾਂ ਨੂੰ ਬੂਰ ਪੈਂਦਾ ਨਜ਼ਰ ਆਇਆ ਜਦੋਂ ਕਾਂਗਰਸ ਪਾਰਟੀ ਦੇ ਪਲੇਟਫਾਰਮ ਤੋਂ ਉੱਪਰ ਉੱਠ ਕੇ ਵੀ ਹੋਰ ਸਿਆਸੀ ਪਾਰਟੀਆਂ ਦੇ ਲੋਕਾਂ ਨੇ ਸਿਆਸੀ ਸਰਵੇਖਣਾਂ ਦੌਰਾਨ ਕਾਲਾ ਢਿੱਲੋਂ ਦੀ ਟਿਕਟ ਦੀ ਦਾਅਵੇਦਾਰੀ ਵਿੱਚ ਹੁੰਗਾਰਾ ਭਰਿਆ ਅਤੇ ਚੋਣਾਂ ਦੌਰਾਨ ਵੀ ਕਾਲਾ ਢਿੱਲੋਂ ਦੇ ਹੱਕ ਵਿੱਚ ਭੁਗਤੇ।

ਸਿਆਸੀ ਸਰਵੇਖਣਾਂ ਦੇ ਜਿਹੜੇ ਮਾਹਿਰ ਕਾਲਾ ਢਿੱਲੋਂ ਦੀ ਜਿੱਤ ਵਿੱਚ ਗੁਰਦੀਪ ਸਿੰਘ ਬਾਠ ਦੀ ਉਮੀਦਵਾਰੀ ਦਾ ਅਹਿਮ ਯੋਗਦਾਨ ਮੰਨ ਰਹੇ ਹਨ ਉਹ ਇਹ ਭੁੱਲ ਰਹੇ ਹਨ ਕਿ ਜੇਕਰ ਆਮ ਆਦਮੀ ਪਾਰਟੀ ਗੁਰਦੀਪ ਸਿੰਘ ਬਾਠ ਨੂੰ ਕਿਸੇ ਵੀ ਤਰੀਕੇ ਮਨਾਉਣ ਵਿੱਚ ਕਾਮਯਾਬ ਹੋ ਜਾਂਦੀ ਤਾਂ ਬਾਠ ਦੇ ਭਮੱਕੜਾਂ ਨੇ ਕਿਸੇ ਵੀ ਹਾਲਤ ਵਿੱਚ ਆਪਣੀ ਵੋਟ ਆਪ ਉਮੀਦਵਾਰ ਦੇ ਹੱਕ ਵਿੱਚ ਨਹੀਂ ਭਗਤਾਉਣੀ ਸੀ। ਅਦਾਰਾ Gee98 news ਵੱਲੋਂ ਪਿਛਲੇ ਦਿਨੀ ਗੁਰਦੀਪ ਸਿੰਘ ਬਾਠ ਦੀ ਚੋਣ ਮੁਹਿੰਮ ਦੇ 10 ਚੋਟੀ ਦੇ ਕਮਾਂਡਰਾਂ ਨਾਲ ਗੱਲਬਾਤ ਕੀਤੀ ਗਈ ਕਿ ਜੇਕਰ ਬਾਠ ਆਪ ਦੀ ਹਾਈਕਮਾਂਡ ਦੇ ਦਬਾਅ ਹੇਠ ਮੰਨ ਜਾਂਦਾ ਅਤੇ ਖੁਦ ਚੋਣ ਨਾ ਲੜਦਾ ਤਾਂ ਬਾਠ ਦੇ ਸਮਰਥਕਾਂ ਦਾ ਵੋਟ ਬੈਂਕ ਕਿਧਰ ਨੂੰ ਜਾਂਦਾ ਜਿਸ ਤੋਂ ਬਾਅਦ ਇਹਨਾਂ ਕਮਾਂਡਰਾਂ ਨੇ ਇਕਮੱਤ ਹੋ ਕੇ ਕਿਹਾ ਕਿ ਉਹ ਕਿਸੇ ਵੀ ਹਾਲਤ ਵਿੱਚ ਆਪਣੀ ਅਤੇ ਆਪਣੇ ਸਮਰਥਕਾਂ ਦੀ ਵੋਟ ਦਾ ਭੁਗਤਾਨ ਮੀਤ ਹੇਅਰ ਦੇ ਹੱਕ ਵਿੱਚ ਨਹੀਂ ਕਰਦੇ । ਬਾਠ ਦੇ ਇਹਨਾਂ ਕਮਾਂਡਰਾਂ ਨੇ ਕਿਹਾ ਕਿ ਉਹਨਾਂ ਦੀ ਪਹਿਲੀ ਪਸੰਦ ਕਾਲਾ ਢਿੱਲੋਂ ਹੀ ਹੁੰਦਾ, ਇਸ ਦੇ ਪਿੱਛੇ ਇੱਕ ਅਹਿਮ ਕਾਰਨ ਇਹ ਵੀ ਹੈ ਕਿ ਕਾਲਾ ਢਿੱਲੋਂ ਜਦ ਆਮ ਆਦਮੀ ਪਾਰਟੀ ਵਿੱਚ ਕੰਮ ਕਰ ਰਿਹਾ ਸੀ ਤਾਂ ਉਸ ਸਮੇਂ ਦੌਰਾਨ ਇਹਨਾਂ ਕਮਾਂਡਰਾਂ ਦੇ ਨਾਲ ਕਾਲਾ ਢਿੱਲੋਂ ਦੀ ਨੇੜਤਾ ਚੰਗੀ ਰਹੀ ਹੈ। ਬਰਨਾਲਾ ਉਪ ਚੋਣ ਨਤੀਜੇ ਤੋਂ ਬਾਅਦ ਜਿੱਤ ਹਾਰ ਦੇ ਸਮੀਕਰਨਾਂ ਦੇ ਕੀਤੇ ਸਰਵੇ ਦੌਰਾਨ ਬਾਠ ਦੇ ਸਮਰਥਕਾਂ ਨੇ ਹੀ ਨਹੀਂ ਸਗੋਂ ਬਾਠ ਦੇ ਹੱਕ ਵਿੱਚ ਭੁਗਤਣ ਵਾਲੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹੇਠਲੇ ਕਾਡਰ ਅਤੇ ਬਸਪਾ ਦੇ ਕਾਡਰ ਦੀ ਵੀ ਇੱਕੋ ਇੱਕ ਪਸੰਦ ਕਾਲਾ ਢਿੱਲੋਂ ਹੀ ਸੀ, ਇਹਨਾਂ ਸਮੀਕਰਨਾਂ ਨੂੰ ਠੇਠ ਪੰਜਾਬੀ ਵਿੱਚ ਇੰਝ ਲਿਖਿਆ ਜਾ ਸਕਦਾ ਹੈ ਕਿ ਜੇਕਰ ਗੁਰਦੀਪ ਸਿੰਘ ਬਾਠ ਖੁਦ ਚੋਣ ਨਾ ਲੜਦਾ ਤਾਂ ਬਾਠ ਦੇ ਸਮਰਥਕਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਕਾਡਰ ਤੇ ਬਸਪਾ ਦੇ ਕਾਡਰ ਦੀ ਬਹੁਤੀ ਵੋਟ ਕੁਲਦੀਪ ਸਿੰਘ ਕਾਲਾ ਢਿੱਲੋ ਨੂੰ ਹੀ ਭੁਗਤਣ ਦੇ ਵਧੇਰੇ ਆਸਾਰ ਸਨ। ਅਜਿਹੇ ਹਾਲਾਤਾਂ ‘ਚ ਕੁਲਦੀਪ ਸਿੰਘ ਕਾਲਾ ਢਿੱਲੋਂ ਅਤੇ ਆਪ ਉਮੀਦਵਾਰ ਦੀ ਸਿੱਧੀ ਟੱਕਰ ਹੁੰਦੀ ਅਤੇ ਜਿੱਤ ਦੇ ਵਧੇਰੇ ਆਸਾਰ ਵੀ ਕੁਲਦੀਪ ਸਿੰਘ ਕਾਲਾ ਢਿੱਲੋ ਦੇ ਹੀ ਬਣਦੇ ਸਨ। ਉਕਤ ਪਹਿਲੂਆਂ ਤੋਂ ਇਲਾਵਾ ਇੱਕ ਹੋਰ ਪੱਖ ਵੀ ਕੁਲਦੀਪ ਸਿੰਘ ਕਾਲਾ ਢਿੱਲੋ ਦੇ ਹੱਕ ਵਿੱਚ ਜਾਂਦਾ ਹੈ ਕਿ ਮੌਜੂਦਾ ਆਪ ਸਰਕਾਰ ਦੇ ਕਾਰਜਕਾਲ ਤੋਂ ਪੂਰੀ ਤਰ੍ਹਾਂ ਨਿਰਾਸ਼ ਅਤੇ ਸਥਾਨਕ ਆਪ ਆਗੂਆਂ ਦੇ ਕੰਮ ਕਰਨ ਦੇ ਢੰਗ ਤਰੀਕਿਆਂ ਤੋਂ ਨਾਰਾਜ਼ ਵੋਟ ਬੈਂਕ ਦੀ ਵੀ ਪਹਿਲੀ ਪਸੰਦ ਕਾਲਾ ਢਿੱਲੋਂ ਹੀ ਸੀ, ਅਜਿਹੇ ਹਾਲਾਤਾਂ ‘ਚ ਇਹ ਮੰਨਣਾ ਕਿ ਕਾਲਾ ਢਿੱਲੋਂ ਦੀ ਜਿੱਤ ਪਿੱਛੇ ਸਿਰਫ ਤੇ ਸਿਰਫ ਗੁਰਦੀਪ ਸਿੰਘ ਬਾਠ ਦੀ ਉਮੀਦਵਾਰੀ ਹੀ ਇੱਕੋ ਇੱਕ ਫੈਕਟਰ ਹੈ, ਤਾਂ ਇਹ ਜਾਇਜ਼ ਨਹੀਂ ਹੈ ਪਰ ਇਹ ਸੱਚ ਹੈ ਕਿ ਗੁਰਦੀਪ ਸਿੰਘ ਬਾਠ ਦੀ ਬਗਾਵਤ ਨੇ ਆਮ ਆਦਮੀ ਪਾਰਟੀ ਦੀ ਚੋਣ ਸਮੀਕਰਨ ਪੂਰੀ ਤਰ੍ਹਾਂ ਵਿਗਾੜ ਕੇ ਰੱਖੇ ਅਤੇ ਆਪ ਆਗੂਆਂ ਨੂੰ ਅਖੀਰਲੇ ਪੜਾਅ ਤੱਕ ਵੀ ਸੰਭਲਣ ਦਾ ਮੌਕਾ ਨਹੀਂ ਮਿਲਿਆ,ਇਸ ਸਥਿਤੀ ਦਾ ਫਾਇਦਾ ਚੁੱਕਣ ਵਿੱਚ ਕਾਲਾ ਢਿੱਲੋਂ ਦੇ ਕਮਾਂਡਰ ਕਾਮਯਾਬ ਰਹੇ ਅਤੇ ਉਹਨਾਂ ਨੇ ਲੋਕਾਂ ਸਾਹਮਣੇ ਕਾਲਾ ਢਿੱਲੋਂ ਨੂੰ ਜੇਤੂ ਚਿਹਰੇ ਦੇ ਰੂਪ ਵਿੱਚ ਪੇਸ਼ ਕੀਤਾ, ਜਿਸ ਨੂੰ ਲੋਕਾਂ ਨੇ ਬਰਨਾਲਾ ਹਲਕੇ ਦੇ ਸਮੀਕਰਨਾਂ ਅਨੁਸਾਰ ਆਪ ਸਰਕਾਰ ਦੇ ਵਿਰੋਧ ਦੇ ਇੱਕ ਬਦਲ ਵਜੋਂ ਚੁਣਿਆ।