ਸਤਿਕਾਰ ਕਮੇਟੀ ਤੇ ਏਕ ਨੂਰ ਖਾਲਸਾ ਦੇ ਸਿੰਘਾਂ ਨੇ ਜਾਰੀ ਕੀਤੀ ਵੀਡੀਓ ਤੇ ਕੀਤੀ ਪੁਲਿਸ ਸ਼ਿਕਾਇਤ
ਚੰਡੀਗੜ੍ਹ,1 ਮਾਰਚ, Gee98 news service
-ਜਗਰਾਓਂ ਦੇ ਠਾਠ ਨਾਨਕਸਰ ਦੇ ਸ਼ੀਸ਼ ਮਹਿਲ ਵਿੱਚ ਇੱਕ ਪਾਠੀ ਸਿੰਘ ਦੁਆਰਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦਾ ਮਾਮਲਾ ਸਤਿਕਾਰ ਕਮੇਟੀ ਵਲੋਂ ਸਾਹਮਣੇ ਲਿਆਂਦਾ ਗਿਆ ਹੈ। ਜਿਸ ਦੇ ਚਲਦੇ ਉਨਾਂ ਵਲੋਂ ਇਸ ਮਾਮਲੇ ਦੀ ਸ਼ਿਕਾਇਤ ਥਾਣਾ ਸਿਟੀ ਜਗਰਾਓਂ ਵਿਖੇ ਵੀ ਦਿੱਤੀ ਗਈ ਹੈ ਤੇ ਜਲਦੀ ਇਸ ਮਾਮਲੇ ਵਿਚ ਕਾਰਵਾਈ ਨਾ ਕਰਨ ‘ਤੇ ਸਤਿਕਾਰ ਕਮੇਟੀ ਵਲੋਂ ਪੁਲਿਸ ਨੂੰ ਸੰਘਰਸ਼ ਦੀ ਚਿਤਾਵਨੀ ਵੀ ਦਿੱਤੀ ਹੈ। ਸਤਿਕਾਰ ਕਮੇਟੀ ਵਲੋਂ ਜਾਰੀ ਕੀਤੀ ਗਈ ਵੀਡੀਉ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਗੁਰਦੁਆਰਾ ਦੇ ਸ਼ੀਸ਼ ਮਹਿਲ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੁਰੂ ਸਾਹਿਬ ਦੇ ਉੱਪਰ ਡਿੱਗਿਆ ਪਿਆ ਹੈ ਤੇ ਪਤਾ ਨਹੀਂ ਚਲ ਰਿਹਾ ਕਿ ਇਹ ਨਸ਼ੇ ਦੀ ਲੋਰ ਵਿਚ ਡਿੱਗਿਆ ਹੋਇਆ ਹੈ ਜਾਂ ਨੀਂਦ ਵਿੱਚ ਡਿੱਗਿਆ ਪਿਆ ਹੈ। ਸਤਿਕਾਰ ਕਮੇਟੀ ਦੇ ਮੈਂਬਰ ਨੇ ਗੁਰੂ ਸਾਹਿਬ ਉੱਪਰ ਉਲਟੀ ਕੀਤੇ ਜਾਣ ਦੀ ਗੱਲ ਵੀ ਕੀਤੀ ਹੈ ਤੇ ਮੰਜੀ ਸਾਹਿਬ ਵੱਲ ਪੈਰ ਕਰਕੇ ਡਿੱਗ ਕੇ ਘਰਾੜੇ ਮਾਰਨ ਦੀ ਵੀ ਵੀਡੀਓ ਦਿਖਾਈ ਹੈ। ਇਸ ਬਾਰੇ ਸ਼ੀਸ਼ ਮਹਿਲ ਵਾਲੇ ਬਾਬਾ ਸਤਨਾਮ ਸਿੰਘ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨਾਂ ਨਾਲ ਕੋਈ ਸੰਪਰਕ ਨਹੀਂ ਹੋ ਸਕਿਆ। ਇਸ ਬਾਰੇ ਸਤਿਕਾਰ ਕਮੇਟੀ ਤੇ ਏਕ ਨੂਰ ਖਾਲਸਾ ਦੇ ਸਿੰਘਾਂ ਨੇ ਥਾਣਾ ਸਿਟੀ ਜਗਰਾਓਂ ਦੇ ਐਸਐਚਓ ਅਮਰਜੀਤ ਸਿੰਘ ਨੂੰ ਇਸ ਮਾਮਲੇ ਦੀ ਸ਼ਿਕਾਇਤ ਦੇ ਦਿੱਤੀ ਹੈ ਤੇ ਪੁਲਿਸ ਨੇ ਜਲਦੀ ਇਸ ਮਾਮਲੇ ਵਿਚ ਜਾਂਚ ਕਰਕੇ ਬਣਦੀ ਕਾਰਵਾਈ ਕਰਨ ਦੀ ਗੱਲ ਕਹੀ ਹੈ।









