ਚੰਡੀਗੜ੍ਹ, 6 ਜੁਲਾਈ, Gee98 news service
ਦੋ ਧਿਰਾਂ ਦੀ ਲੜਾਈ ਦੇ ਮਾਮਲੇ ਵਿੱਚ ਗ਼ਲਤ ਮੈਡੀਕਲ ਰਿਪੋਰਟ ਦੇਣ ਵਾਲੇ ਡਾਕਟਰ ਦੇ ਖ਼ਿਲਾਫ਼ ਧੋਖਾਧੜੀ ਦੀਆਂ ਧਰਾਵਾਂ ਤਹਿਤ ਮੁਕੱਦਮਾ ਦਰਜ ਕੀਤਾ ਗਿਆ ਹੈ। ਇਹ ਮਾਮਲਾ ਲੁਧਿਆਣਾ ਦੇ ਥਾਣਾ ਸਰਾਭਾ ਨਗਰ ਵਿੱਚ 11 ਅਪ੍ਰੈਲ 2024 ਨੂੰ ਦਰਜ ਹੋਏ ਇੱਕ ਮੁਕੱਦਮੇ ਨਾਲ ਜੁੜਿਆ ਹੋਇਆ ਹੈ। ਥਾਣਾ ਸਰਾਭਾ ਨਗਰ ਦੀ ਪੁਲਿਸ ਦੇ ਮੁਤਾਬਕ ਨਾਮਜ਼ਦ ਕੀਤੇ ਗਏ ਡਾਕਟਰ ਦੀ ਪਛਾਣ ਸਰਾਭਾ ਨਗਰ ਦੇ ਵਾਸੀ ਜਸਵੀਰ ਸਿੰਘ ਕਥੂਰੀਆ ਵੱਜੋਂ ਹੋਈ ਹੈ। ਥਾਣਾ ਸਰਾਭਾ ਨਗਰ ਅਧੀਨ ਪੈਂਦੇ ਖੇਤਰ ਵਿੱਚ ਦੋ ਧਿਰਾਂ ਦੀ ਆਪਸ ਵਿੱਚ ਲੜਾਈ ਹੋਈ ਸੀ ਜਿਸ ਸਬੰਧੀ ਇੱਕ ਧਿਰ ਦੇ ਬਿਆਨਾਂ ‘ਤੇ 11 ਅਪ੍ਰੈਲ 2024 ਨੂੰ ਥਾਣਾ ਸਰਾਭਾ ਨਗਰ ਵਿੱਚ 325, 323, 341, 506 ਤੇ 34 IPC ਦੇ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। ਜਾਣਕਾਰੀ ਦਿੰਦਿਆਂ ਤਫਤੀਸ਼ੀ ਅਫਸਰ ਉਮੇਸ਼ ਕੁਮਾਰ ਨੇ ਦੱਸਿਆ ਇੱਕ ਧਿਰ ਦੇ ਲੱਗੀਆਂ ਸੱਟਾਂ ਸਬੰਧੀ ਡਾਕਟਰ ਜਸਵੀਰ ਸਿੰਘ ਕਥੂਰੀਆ ਵੱਲੋਂ ਓਪੀਨੀਅਨ ਰਿਪੋਰਟ ਤਿਆਰ ਕਰਕੇ ਦਿੱਤੀ ਗਈ ਪਰ ਦੂਸਰੀ ਧਿਰ ਨੂੰ ਰਿਪੋਰਟ ‘ਤੇ ਸ਼ੱਕ ਸੀ ਅਤੇ ਉਨ੍ਹਾਂ ਨੇ ਮਾਨਯੋਗ ਅਦਾਲਤ ਦਾ ਦਰਵਾਜ਼ਾ ਖੜਕਾਇਆ ਜਿਸ ਤੋਂ ਬਾਅਦ ਸਿਵਲ ਸਰਜਨ ਨੇ ਡਾਕਟਰ ਜਸਬੀਰ ਸਿੰਘ ਵੱਲੋਂ ਤਿਆਰ ਕੀਤੀ ਮੈਡੀਕਲ ਰਿਪੋਰਟ ਦੀ ਪੜ੍ਹਤਾਲ ਕੀਤੀ ਤਾਂ ਸਿਵਲ ਸਰਜਨ ਦੀ ਪੜ੍ਹਤਾਲ ਦੇ ਦੌਰਾਨ ਓਪੀਨੀਅਨ ਰਿਪੋਰਟ ਗਲਤ ਪਾਈ ਗਈ। ਜਿਸ ਤੋਂ ਬਾਅਦ ਸਿਵਲ ਸਰਜਨ ਦੀ ਸ਼ਿਕਾਇਤ ‘ਤੇ ਗ਼ਲਤ ਮੈਡੀਕਲ ਓਪੀਨੀਅਨ ਰਿਪੋਰਟ ਦੇਣ ਵਾਲੇ ਡਾਕਟਰ ਦੇ ਖ਼ਿਲਾਫ਼ ਐਫਆਈਆਰ ਦਰਜ ਕਰ ਲਈ ਗਈ ਹੈ। । ਜਾਂਚ ਅਧਿਕਾਰੀ ਉਮੇਸ਼ ਕੁਮਾਰ ਨੇ ਦੱਸਿਆ ਕਿ ਜਲਦੀ ਹੀ ਮੁਲਜ਼ਮ ਡਾਕਟਰ ਨੂੰ ਗ੍ਰਿਫਤਾਰ ਕੀਤਾ ਜਾਵੇਗਾ।