ਬਰਨਾਲਾ,7 ਜੁਲਾਈ (ਨਿਰਮਲ ਸਿੰਘ ਪੰਡੋਰੀ)-
ਸ਼ਹਿਰ ਦੇ ਗੱਡਾਖਾਨਾ ਚੌਂਕ ਵਿੱਚ ਪਬਲਿਕ ਪਾਰਕਿੰਗ ਬਣਨ ਤੋਂ ਬਾਅਦ ਸਦਰ ਬਾਜ਼ਾਰ ਸਮੇਤ ਬਰਨਾਲਾ ਦੇ ਹੰਡਿਆਇਆ ਬਾਜ਼ਾਰ, ਫਰਵਾਹੀ ਬਾਜ਼ਾਰ, ਕੱਚਾ ਕਾਲਜ ਰੋਡ ‘ਤੇ ਟਰੈਫਿਕ ਜਾਮ ਤੋਂ ਲੋਕਾਂ ਨੂੰ ਕੁਝ ਰਾਹਤ ਮਿਲਣ ਦੇ ਆਸਾਰ ਬਣੇ ਸਨ ਪ੍ਰੰਤੂ ਇਹ ਰਾਹਤ ਸਿਆਸੀ ਈਰਖਾ ਦੀ ਭੇਂਟ ਚੜਦੀ ਨਜ਼ਰ ਆ ਰਹੀ ਹੈ। ਗੱਡਾਖਾਨਾ ਵਾਲੀ ਜਗ੍ਹਾ ਨੂੰ ਪਾਰਕਿੰਗ ਵਿੱਚ ਬਦਲਣ ਲਈ ਸਾਰੀ ਲੋੜੀਂਦੀ ਪ੍ਰਕਿਰਿਆ ਤਹਿਤ ਕਾਰਵਾਈ ਮੁਕੰਮਲ ਕਰਕੇ ਪ੍ਰਸ਼ਾਸਨ ਨੇ ਇਹ ਜਗ੍ਹਾ ਠੇਕੇਦਾਰ ਗੁਰਦਿੱਤ ਸਿੰਘ ਨੂੰ ਠੇਕੇ ‘ਤੇ ਦੇ ਦਿੱਤੀ ਅਤੇ ਠੇਕੇਦਾਰ ਨੇ ਇਸਦੀ ਸਾਫ਼ ਸਫ਼ਾਈ ਕਰਕੇ ਇਸ ਨੂੰ ਪਾਰਕਿੰਗ ਲਈ ਤਿਆਰ ਕਰ ਦਿੱਤਾ ਪ੍ਰੰਤੂ ਇਸ ਦੇ ਬਾਵਜੂਦ ਵੀ ਬਾਜ਼ਾਰ ਵਿੱਚ ਗੱਡੀਆਂ ‘ਤੇ ਕੰਮਕਾਰ ਲਈ ਆਉਣ ਵਾਲੇ ਲੋਕ ਇਸ ਪਾਰਕਿੰਗ ਵਿੱਚ ਆਪਣੇ ਵਾਹਨ ਖੜੇ ਨਹੀਂ ਕਰ ਰਹੇ ਸਗੋਂ ਪਹਿਲਾਂ ਦੀ ਤਰ੍ਹਾਂ ਹੀ ਆਮ ਲੋਕਾਂ ਦੇ ਵਾਹਨ ਬਾਜ਼ਾਰ ਵਿੱਚ ਹੀ ਖੜੇ ਮਿਲਦੇ ਹਨ ਜਿਸ ਕਰਕੇ ਟਰੈਫਿਕ ਦੀ ਸਮੱਸਿਆ ਲੋਕਾਂ ਲਈ ਜਿਉਂ ਦੀ ਤਿਉਂ ਬਣੀ ਹੋਈ ਹੈ। ਇਸ ਪਿੱਛੇ ਇੱਕ ਵੱਡਾ ਕਾਰਨ ਇਹੀ ਸਾਹਮਣੇ ਆਇਆ ਹੈ ਕਿ ਭਾਵੇਂ ਕਿ ਠੇਕੇਦਾਰ ਨੇ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਕੇ ਇਹ ਜਗ੍ਹਾ ਠੇਕੇ ‘ਤੇ ਲਈ ਹੈ ਪ੍ਰੰਤੂ ਉਸਨੇ ਇਸ ਪਾਰਕਿੰਗ ਦਾ ਉਦਘਾਟਨ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਤੋਂ ਕਰਵਾ ਲਿਆ, ਜੋ ਸੱਤਾਧਾਰੀ ਪਾਰਟੀ ਦੇ ਸਥਾਨਕ ਆਗੂਆਂ ਨੂੰ ਰਾਸ ਨਹੀਂ ਆਇਆ।
ਇਸ ਪਾਰਕਿੰਗ ਲਈ ਟੈਂਡਰ ਭਰਨ ਤੋਂ ਪਹਿਲਾਂ ਠੇਕੇਦਾਰ ਨੂੰ ਪ੍ਰਸ਼ਾਸਨ ਨੇ ਭਰੋਸਾ ਦਿੱਤਾ ਸੀ ਕਿ ਸਾਰੇ ਵਾਹਨ ਚਾਲਕਾਂ ਨੂੰ ਇੱਥੇ ਵਾਹਨ ਖੜੇ ਕਰਨ ਦੇ ਲਈ ਕਿਹਾ ਜਾਵੇਗਾ ਪ੍ਰੰਤੂ ਅਜਿਹਾ ਨਹੀਂ ਹੋਇਆ ਕਿਉਂਕਿ ਸੱਤਾਧਾਰੀ ਆਗੂ ਕਾਂਗਰਸੀ ਵਿਧਾਇਕ ਵੱਲੋਂ ਉਦਘਾਟਨ ਕਰਨ ਤੋਂ ਔਖੇ ਹਨ। ਆਮ ਲੋਕ ਸੱਤਾਧਾਰੀ ਆਗੂਆਂ ਦੀ ਇਸ ਸਿਆਸੀ ਈਰਖਾ ਨੂੰ ਹੈਰਾਨੀ ਨਾਲ ਵੇਖ ਰਹੇ ਹਨ ਕਿਉਂਕਿ 2017 ਤੋਂ 2022 ਤੱਕ ਪੰਜਾਬ ਵਿਧਾਨ ਸਭਾ ਦੀ ਟਰਮ ਦੇ ਦੌਰਾਨ ਜਦੋਂ ਮੀਤ ਹੇਅਰ ਬਰਨਾਲਾ ਤੋਂ ਪਹਿਲੀ ਵਾਰ ਵਿਧਾਇਕ ਚੁਣੇ ਗਏ ਤਾਂ ਦੂਜੇ ਪਾਸੇ ਚੋਣ ਹਾਰਨ ਦੇ ਬਾਵਜੂਦ ਵੀ ਕੇਵਲ ਸਿੰਘ ਢਿੱਲੋਂ ਵੱਲੋਂ ਸਮਾਗਮਾਂ ਦੇ ਉਦਘਾਟਨ ਕੀਤੇ ਜਾ ਰਹੇ ਸਨ ਅਤੇ ਮੀਤ ਹੇਅਰ ਇਸਦਾ ਸ਼ਰੇਆਮ ਵਿਰੋਧ ਕਰ ਰਹੇ ਸਨ ਪ੍ਰੰਤੂ ਹੁਣ ਹੈਰਾਨੀ ਦੀ ਗੱਲ ਹੈ ਕਿ ਚੁਣੇ ਹੋਏ ਕਾਂਗਰਸੀ ਵਿਧਾਇਕ ਵੱਲੋਂ ਉਦਘਾਟਨੀ ਰਸਮਾਂ ਕੀਤੇ ਜਾਣ ਦੀ ਕਾਰਵਾਈ ਸੱਤਾਧਾਰੀ ਆਗੂਆਂ ਦੇ ਹਜ਼ਮ ਨਹੀਂ ਹੋ ਰਹੀ। ਆਮ ਲੋਕਾਂ ਨਾਲ ਜਦੋਂ ਇਸ ਸਮੁੱਚੇ ਮਾਮਲੇ ਬਾਰੇ ਗੱਲ ਕੀਤੀ ਗਈ ਤਾਂ ਲੋਕਾਂ ਨੇ ਇਹੀ ਤਰਕ ਦਿੱਤਾ ਕਿ ਮੀਤ ਹੇਅਰ ਮੈਂਬਰ ਪਾਰਲੀਮੈਂਟ ਨੂੰ ਇਸ ਤਰ੍ਹਾਂ ਦੀਆਂ ਹੋਛੀਆਂ ਸਿਆਸਤਾਂ ਵਿੱਚ ਨਹੀਂ ਉਲਝਣਾਂ ਚਾਹੀਦਾ। ਬਹੁਤੇ ਲੋਕਾਂ ਨੇ ਇਹ ਵਿਚਾਰ ਵੀ ਦਿੱਤਾ ਕਿ ਕਿਸੇ ਵੀ ਪਾਰਟੀ ਦੇ ਵੱਡੇ ਆਗੂ ਨੂੰ ਆਪਣੇ ਸਲਾਹਕਾਰਾਂ ਦੀ ਸਲਾਹ ਸੁਣਨੀ ਤਾਂ ਚਾਹੀਦੀ ਹੈ ਪ੍ਰੰਤੂ ਉਸ ਨੂੰ ਮੰਨਣਾ ਤਰਕ ਦੇ ਅਧਾਰ ‘ਤੇ ਹੀ ਚਾਹੀਦਾ ਹੈ ਪ੍ਰੰਤੂ ਆਮ ਤੌਰ ‘ਤੇ ਇਹ ਵੀ ਕਿਹਾ ਜਾਂਦਾ ਹੈ ਕਿ ਵੱਡੇ ਸਿਆਸੀ ਆਗੂ ਕੰਨਾਂ ਦੇ ਕੱਚੇ ਹੁੰਦੇ ਹਨ।
ਬਰਨਾਲਾ ਤੋਂ ਸੱਤਾਧਾਰੀ ਪਾਰਟੀ ਦੇ ਕਮਾਂਡਰਾਂ ਨੂੰ ਇਹ ਵੀ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਅਤੇ ਸੁਖਬੀਰ ਸਿੰਘ ਬਾਦਲ ਰਾਜਨੀਤੀ ਦੇ ਜਿਸ ਮੁਕਾਮ ‘ਤੇ ਮੌਜੂਦਾ ਹਾਲਾਤਾਂ ਵਿੱਚ ਪੁੱਜੇ ਹਨ ਇਸ ਪਿੱਛੇ ਉਹਨਾਂ ਦੇ ਸਲਾਹਕਾਰਾਂ ਦੀ ਵੱਡੀ ਭੂਮਿਕਾ ਹੈ। ਸੱਤਾਧਾਰੀ ਪਾਰਟੀ ਦੇ ਆਗੂਆਂ ਨੂੰ ਇਹ ਧਿਆਨ ਵਿੱਚ ਰੱਖਣਾ ਚਾਹੀਦਾ ਹੈ ਕਿ ਜਿਹੜੇ ਰੋਗ ਨਾਲ ਅਕਾਲੀਆਂ ਤੇ ਕਾਂਗਰਸੀਆਂ ਦੀ ‘ਬੱਕਰੀ’ ਮਰੀ ਉਹ ਰੋਗ ਆਪ ਦੇ ‘ਪਠੋਰੇ’ ਨੂੰ ਨਾ ਲੱਗੇ। ਦੂਜੇ ਪਾਸੇ ਕੁਝ ਸੱਤਾਧਾਰੀ ਆਗੂਆਂ ਨਾਲ ਇਸ ਮਾਮਲੇ ਸੰਬੰਧੀ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਅਸੀਂ ਕਿਸੇ ਨੂੰ ਨਹੀਂ ਰੋਕਿਆ ਤੇ ਉੱਥੇ ਵਾਹਨ ਖੜੇ ਨਾ ਕਰੋ ਪ੍ਰੰਤੂ ਦੂਜੇ ਪਾਸੇ ਚਰਚਾ ਇਹੀ ਹੋ ਰਹੀ ਹੈ ਕਿ ਸੱਤਾਧਾਰੀ ਧਿਰ ਵਾਲੇ ਪਾਸੇ ਤੋਂ ਕਾਂਗਰਸੀ ਵਿਧਾਇਕ ਵੱਲੋਂ ਗੱਡਾਖਾਨਾ ਦੀ ਪਾਰਕਿੰਗ ਦਾ ਉਦਘਾਟਨ ਕਰਨ ਤੋਂ ਬਾਅਦ ਸਿਆਸੀ ਈਰਖਾਵਾਦ ਦੀਆਂ ਅਜਿਹੀਆਂ ਲਹਿਰਾਂ ਉੱਠੀਆਂ ਜਿਹੜੀਆਂ ਪ੍ਰਸ਼ਾਸਨ ਦੇ ਮੱਥੇ ‘ਤੇ ਵੱਜੀਆਂ, ਜਿਸ ਤੋਂ ਬਾਅਦ ਟ੍ਰੈਫਿਕ ਪੁਲਿਸ ਵੱਲੋਂ ਠੇਕੇਦਾਰ ਨੂੰ ਸਹਿਯੋਗ ਨਹੀਂ ਦਿੱਤਾ ਜਾ ਰਿਹਾ ਜਦ ਕਿ ਲੋਕ ਸਰਕਾਰੀ ਪਾਰਕਿੰਗ ਬਣਨ ਦੇ ਬਾਵਜੂਦ ਵੀ ਬਜ਼ਾਰਾਂ ਵਿੱਚ ਵਾਹਨ ਟੇਢੇ ਮੇਢੇ ਪਹਿਲਾਂ ਦੀ ਤਰ੍ਹਾਂ ਹੀ ਖੜਾ ਰਹੇ ਹਨ। ਹੁਣ ਇਹ ਤਾਂ ਸਪੱਸ਼ਟ ਹੈ ਕਿ ਜਾਂ ਤਾਂ ਪੁਲਿਸ ਆਪਣੀ ਡਿਊਟੀ ਇਮਾਨਦਾਰੀ ਨਾਲ ਨਹੀਂ ਨਿਭਾ ਰਹੀ ਜਾਂ ਫਿਰ ਉਹਨਾਂ ਨੂੰ ਰੋਕਿਆ ਗਿਆ ਹੈ।