ਬਰਨਾਲਾ,7 ਜੁਲਾਈ, (ਨਿਰਮਲ ਸਿੰਘ ਪੰਡੋਰੀ)-
–ਆਂਗਨਵਾੜੀ ਮੁਲਾਜ਼ਮ ਯੂਨੀਅਨ (ਸੀਟੂ) ਵੱਲੋਂ 9 ਜੁਲਾਈ ਨੂੰ 9ਵੀਂ ਦੇਸ਼ ਵਿਆਪੀ ਹੜ੍ਹਤਾਲ ਵਿੱਚ ਵੱਡੀ ਪੱਧਰ ‘ਤੇ ਸ਼ਮੂਲੀਅਤ ਕੀਤੀ ਜਾਵੇਗੀ। ਇਸ ਹੜ੍ਹਤਾਲ ਵਿੱਚ ਬਰਨਾਲਾ ਜ਼ਿਲ੍ਹੇ ਦੀਆਂ ਆਂਗਣਵਾੜੀ ਵਰਕਰਾਂ ਅਤੇ ਹੈਲਪਰਾਂ ਵੱਡੀ ਗਿਣਤੀ ਵਿੱਚ ਸ਼ਾਮਿਲ ਹੋ ਕੇ ਚਿਰਾਂ ਤੋਂ ਸਰਕਾਰ ਵੱਲੋਂ ਅੱਖੋਂ ਪਰੋਖੇ ਕੀਤੇ ਜਾ ਰਹੀਆਂ ਆਪਣੀਆਂ ਮੰਗਾਂ ਪ੍ਰਤੀ ਆਵਾਜ਼ ਬੁਲੰਦ ਕਰਨਗੀਆਂ। ਇਹ ਜਾਣਕਾਰੀ ਦਿੰਦੇ ਹੋਏ ਆਂਗਨਵਾੜੀ ਮੁਲਾਜ਼ਮ ਯੂਨੀਅਨ ਸੀਟੂ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਬਲਰਾਜ ਕੌਰ ਅਤੇ ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਬਾਵਾ ਨੇ ਦੱਸਿਆ ਕਿ ਆਂਗੜਵਾੜੀ ਕੇਂਦਰਾਂ ਵਿੱਚ ਪੋਸ਼ਣ ਅਭਿਆਨ ਤੇ ਪੋਸ਼ਣ ਟਰੈਕ ਐਪਲੀਕੇਸ਼ਨ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਲੋੜੀਦੀਆਂ ਸਹੂਲਤਾਂ ਦੀ ਮੰਗ ਅਤੇ ਐਫਆਰਐਸ ਤੋਂ ਇਲਾਵਾ ਈ-ਕੇਵਾਈਸੀ ਵਰਗੀਆਂ ਸ਼ਰਤਾਂ ‘ਤੇ ਰੋਕ ਲਗਾਉਣ ਸਬੰਧੀ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਦੀਆਂ ਬਹੁਤ ਸਾਰੀਆਂ ਅਜਿਹੀਆਂ ਮੰਗਾਂ ਹਨ ਜਿਨਾਂ ਪ੍ਰਤੀ ਸਰਕਾਰ ਨੇ ਵਾਰ-ਵਾਰ ਮੰਗ ਪੱਤਰ ਦੇਣ ਅਤੇ ਧਰਨੇ ਲਗਾਉਣ ਦੇ ਬਾਵਜੂਦ ਵੀ ਚੁੱਪੀਧਾਰੀ ਹੋਈ ਹੈ। ਆਗੂਆਂ ਨੇ ਕਿਹਾ ਕਿ ਆਂਗਨਵਾੜੀ ਵਰਕਰਾਂ ਤੇ ਹੈਲਪਰਾਂ ਵੱਲੋਂ ਨਿਗੂਣੀਆਂ ਤਨਖਾਹਾਂ ਮਿਲਣ ਦੇ ਬਾਵਜੂਦ ਵੀ ਆਪਣੀ ਡਿਊਟੀ ਦੇ ਨਾਲ ਨਾਲ ਹੋਰ ਬਹੁਤ ਸਾਰੀਆਂ ਅਜਿਹੀਆਂ ਵਾਧੂ ਡਿਊਟੀਆਂ ਨਿਭਾਈਆਂ ਜਾ ਰਹੀਆਂ ਹਨ ਜਿਹੜੀਆਂ ਕਿ ਉਹਨਾਂ ਦੀਆਂ ਸੇਵਾਵਾਂ ਦੇ ਘੇਰੇ ਵਿੱਚ ਵੀ ਨਹੀਂ ਆਉਂਦੀਆਂ। ਆਗੂਆਂ ਨੇ ਕਿਹਾ ਕਿ ਕੇਂਦਰਾਂ ਨਾਲ ਸੰਬੰਧਿਤ ਬਹੁਤ ਸਾਰਾ ਡਾਟਾ ਅਪਲੋਡ ਕਰਨ ਲਈ ਮੋਬਾਇਲ ਫੋਨ ਦੀ ਵਰਤੋਂ ਕਰਨੀ ਪੈਂਦੀ ਹੈ। ਉਹਨਾਂ ਨੇ ਦੱਸਿਆ ਕਿ ਭਾਰਤ ਸਰਕਾਰ ਨੇ ਮੋਬਾਈਲ ਖਰੀਦਣ ਲਈ ਬਜਟ ਵੀ ਜਾਰੀ ਕੀਤਾ ਹੈ ਪ੍ਰੰਤੂ ਸੱਤ ਸਾਲ ਬੀਤਣ ਦੇ ਬਾਵਜੂਦ ਵੀ ਮੋਬਾਇਲ ਨਹੀਂ ਖਰੀਦੇ ਗਏ। ਉਹਨਾਂ ਦੱਸਿਆ ਕਿ ਆਂਗਣਵਾੜੀ ਵਰਕਰਾਂ ਆਪਣੇ ਮੋਬਾਈਲ ਅਤੇ ਡਾਟਾ ਦਾ ਇਸਤੇਮਾਲ ਕਰਕੇ ਸਰਕਾਰ ਦੇ ਪ੍ਰੋਗਰਾਮ ਨੂੰ ਲਾਗੂ ਕਰ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਪੋਸ਼ਣ ਟਰੈਕ ਤੇ ਐਫਫਾਰਐਸ ਈਕੇਵਾਈਸੀ ਕਾਰਨ ਆ ਪਰੇਸ਼ਾਨੀਆਂ ਦੇ ਕਾਰਨ ਆਂਗਣਵਾੜੀ ਵਰਕਰ ਤੇ ਹੈਲਪਰ 9 ਜੁਲਾਈ ਨੂੰ ਦੇਸ਼ ਵਿਆਪੀ ਹੜ੍ਹਤਾਲ ਕਰਨਗੇ। ਉਹਨਾਂ ਦੱਸਿਆ ਕਿ ਹੜ੍ਹਤਾਲ ਨੂੰ ਕਾਮਯਾਬ ਬਣਾਉਣ ਲਈ ਆਂਗਨਵਾੜੀ ਵਰਕਰ ਤੇ ਹੈਲਪਰ ਸਮੂਹਿਕ ਛੁੱਟੀ ‘ਤੇ ਜਾਣਗੇ। ਇਸ ਮੌਕੇ ਖਜ਼ਾਨਚੀ ਊਸ਼ਾ ਰਾਣੀ ਤੋਂ ਇਲਾਵਾ ਰਾਜੇਸ਼ ਰਾਣੀ, ਗੁਰਮੀਤ ਕੌਰ, ਕਰਮਜੀਤ ਕੌਰ, ਸਰਬਜੀਤ ਕੌਰ ਮੌੜ, ਨਸੀਬ ਕੌਰ, ਵੀਰਪਾਲ ਕੌਰ ਚੀਮਾ, ਸੁਖਪਾਲ ਕੌਰ, ਰਜਨੀ ਆਦਿ ਵੀ ਹਾਜ਼ਰ ਸਨ।