ਚੰਡੀਗੜ੍ਹ,10 ਜੁਲਾਈ, Gee98 news service
-ਪੰਜਾਬ ਦੇ ਮੰਤਰੀ ਮੰਡਲ ਵਿੱਚ ਸੰਜੀਵ ਅਰੋੜਾ ਦੀ ਸ਼ਮੂਲੀਅਤ ਤੋਂ ਬਾਅਦ ਮੰਤਰੀ ਮੰਡਲ ਦੀ ਤਿਆਰ ਕੀਤੀ ਸੀਨੀਅਆਰਤਾ ਸੂਚੀ ਚਰਚਾ ਵਿੱਚ ਹੈ। ਮੰਤਰੀ ਮੰਡਲ ਦੀ ਨਵੀਂ ਸੀਨੀਆਰਤਾ ਸੂਚੀ ਵਿੱਚ ਸੰਜੀਵ ਅਰੋੜਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ, ਅਮਨ ਅਰੋੜਾ ਅਤੇ ਬਲਜੀਤ ਕੌਰ ਤੋਂ ਬਾਅਦ ਪੰਜਵੇਂ ਨੰਬਰ ‘ਤੇ ਰੱਖਿਆ ਗਿਆ ਹੈ। ਸੰਜੀਵ ਅਰੋੜਾ ਦੇ ਹੇਠਾਂ 11 ਮੰਤਰੀ ਹਨ ਜਿਨਾਂ ਵਿੱਚ ਆਮ ਆਦਮੀ ਪਾਰਟੀ ਦੇ ਕਈ ਸੀਨੀਅਰ ਆਗੂ ਵੀ ਹਨ। ਇਹਨਾਂ ਵਿੱਚ ਕੁਝ ਅਜਿਹੇ ਮੰਤਰੀ ਵੀ ਹਨ ਜਿਹੜੇ ਸੰਜੀਵ ਅਰੋੜਾ ਤੋਂ ਪਹਿਲਾਂ ਵਿਧਾਇਕ ਅਤੇ ਮੰਤਰੀ ਬਣੇ ਤੇ ਆਮ ਆਦਮੀ ਪਾਰਟੀ ਦੇ ਜਥੇਬੰਦਕ ਢਾਂਚੇ ਵਿੱਚ ਵੀ ਉਹਨਾਂ ਦਾ ਉੱਚਾ ਸਥਾਨ ਹੈ।
ਆਮ ਤੌਰ ‘ਤੇ ਮੰਤਰੀ ਮੰਡਲ ਦੇ ਮੰਤਰੀਆਂ ਦੀ ਸੀਨੀਆਰਤਾ ਸੂਚੀ ਤਿਆਰ ਕਰਨ ਸਮੇਂ ਵਿਧਾਇਕਾਂ ਦੀ ਸੀਨੀਆਰਤਾ ਅਤੇ ਅਲਾਟ ਕੀਤੇ ਗਏ ਵਿਭਾਗਾਂ ਦੀ ਅਹਿਮੀਅਤ ਨੂੰ ਧਿਆਨ ਵਿੱਚ ਰੱਖਿਆ ਜਾਂਦਾ ਹੈ, ਪ੍ਰੰਤੂ ਸੰਜੀਵ ਅਰੋੜਾ ਦੇ ਮਾਮਲੇ ‘ਚ ਇਹਨਾਂ ਨਿਯਮਾਂ ਨੂੰ ਅੱਖੋਂ ਪਰੋਖੇ ਕੀਤਾ ਗਿਆ ਹੈ। ਭਾਵੇਂ ਕਿ ਮੰਤਰੀ ਮੰਡਲ ਦੀ ਸੀਨੀਆਰਤਾ ਸੂਚੀ ਤਿਆਰ ਕਰਨ ਲਈ ਕੋਈ ਪੱਕੇ ਨਿਯਮ ਤਾਂ ਨਹੀਂ ਹਨ ਅਤੇ ਇਹ ਮੁੱਖ ਮੰਤਰੀ ‘ਤੇ ਹੀ ਨਿਰਭਰ ਕਰਦਾ ਹੈ ਕਿ ਉਹ ਕਿਹੜੇ ਮੰਤਰੀ ਨੂੰ ਸੀਨੀਆਰਤਾ ਸੂਚੀ ਵਿੱਚ ਕਿਹੜੇ ਸਥਾਨ ‘ਤੇ ਰੱਖਦੇ ਹਨ ਪ੍ਰੰਤੂ ਜ਼ਿਮਨੀ ਚੋਣ ਜਿੱਤ ਕੇ ਵਿਧਾਇਕ ਬਣੇ ਸੰਜੀਵ ਅਰੋੜਾ ਨੂੰ ਸੀਨੀਆਰਤਾ ਸੂਚੀ ਵਿੱਚ ਪੰਜਵੇਂ ਨੰਬਰ ‘ਤੇ ਰੱਖੇ ਜਾਣ ਤੋਂ ਬਾਅਦ ਕਈ ਸੀਨੀਅਰ ਮੰਤਰੀ ਨਿਰਾਸ਼ ਵੀ ਦੱਸੇ ਜਾ ਰਹੇ ਹਨ।
ਦੱਸ ਦੇਈਏ ਕਿ ਮੰਤਰੀ ਮੰਡਲ ਦੀ ਸੀਨੀਅਰਤਾ ਸੂਚੀ ਦੇ ਅਨੁਸਾਰ ਹੀ ਕੈਬਨਿਟ ਮੀਟਿੰਗ ਵਿੱਚ ਮੰਤਰੀ ਦੀ ਸੀਟ ਨਿਸ਼ਚਿਤ ਹੁੰਦੀ ਹੈ ਅਤੇ ਵਿਧਾਨ ਸਭਾ ਵਿੱਚ ਵੀ ਇਸੇ ਸੂਚੀ ਅਨੁਸਾਰ ਹੀ ਸੀਟ ਅਲਾਟ ਹੁੰਦੀ ਹੈ। ਹੁਣ ਸੰਜੀਵ ਅਰੋੜਾ ਕੈਬਨਿਟ ਮੀਟਿੰਗ ਵਿੱਚ ਮੁੱਖ ਮੰਤਰੀ ਦੇ ਖੱਬੇ ਪਾਸੇ ਦੂਜੀ ਸੀਟ ‘ਤੇ ਬੈਠਣਗੇ ਅਤੇ ਵਿਧਾਨ ਸਭਾ ਵਿੱਚ ਤੀਜੇ ਬੈਂਚ ਦੀ ਪੰਜ ਨੰਬਰ ਸੀਟ ‘ਤੇ ਬੈਠਣਗੇ। ਬਹਰਹਾਲ ! ਕਈ ਸੀਨੀਅਰ ਮੰਤਰੀਆਂ ਦਾ ਪੱਤਾ ਕੱਟ ਕੇ ਸੰਜੀਵ ਅਰੋੜਾ ‘ਤੇ ਹੋਈ ਮਿਹਰਬਾਨੀ ਜਿੱਥੇ ਚਰਚਾ ਵਿੱਚ ਹੈ ਉਥੇ ਸਿਆਸੀ ਅਤੇ ਪ੍ਰਸ਼ਾਸਨਿਕ ਹਲਕਿਆਂ ਵਿੱਚ ਹੈਰਾਨੀ ਵੀ ਹੈ।