ਚੰਡੀਗੜ੍ਹ, 10 ਜੁਲਾਈ, Gee98 news service
– ਕੁੜਤੇ ਪਜਾਮੇ ਦੀ ਸਿਲਾਈ ਅਤੇ ਕੱਪੜੇ ਲਈ ਮਸ਼ਹੂਰ ਅਬੋਹਰ ਦੇ ਕੱਪੜਾ ਵਪਾਰੀ ਸੰਜੇ ਵਰਮਾ ਦੇ ਕਤਲ ਤੋਂ ਬਾਅਦ ਪੁਲਿਸ ਵੱਲੋਂ ਦੋ ਮੁਲਜ਼ਮਾਂ ਦੀ ਕੀਤੇ ਐਨਕਾਉਂਟਰ ਸਬੰਧੀ ਦਰਜ FIR ਵਿੱਚ ਐਨਕਾਊਂਟਰ ਸਬੰਧੀ ਪੁਲਿਸ ਨੇ ਅਜਿਹਾ ਖੁਲਾਸਾ ਕੀਤਾ ਜਿਸ ਨਾਲ ਸਮੁੱਚੀ ਪੰਜਾਬ ਪੁਲਿਸ ਹੀ ਘੇਰੇ ਵਿੱਚ ਫਸਦੀ ਨਜ਼ਰ ਆ ਰਹੀ ਹੈ। ਇਸ ਪੁਲਿਸ ਐਨਕਾਉਂਟਰ ਸਬੰਧੀ ਪੰਜਾਬ ਪੁਲਿਸ ਦੀ ਅਜੀਬ ਜਿਹੀ ਕਹਾਣੀ ਕਿਸੇ ਦੇ ਵੀ ਹਜ਼ਮ ਨਹੀਂ ਹੋ ਰਹੀ। ਪੁਲਿਸ ਐਨਕਾਉਂਟਰ ਤੋਂ ਬਾਅਦ ਪੁਲਿਸ ਅਧਿਕਾਰੀਆਂ ਨੇ ਕਿਹਾ ਸੀ ਕਿ ਫੜੇ ਗਏ ਦੋ ਮੁਲਜ਼ਮਾਂ ਨੂੰ ਹਥਿਆਰਾਂ ਦੀ ਰਿਕਵਰੀ ਲਈ ਲਿਜਾਇਆ ਜਾ ਰਿਹਾ ਸੀ ਜਿੱਥੇ ਉਹਨਾਂ ਨੇ ਪੁਲਿਸ ਪਾਰਟੀ ‘ਤੇ ਫਾਇਰਿੰਗ ਕਰ ਦਿੱਤੀ ਹੈ ਤੇ ਜਵਾਬੀ ਫਾਇਰਿੰਗ ਵਿੱਚ ਦੋਵੇਂ ਮਾਰੇ ਗਏ। ਹੁਣ ਇਸ ਪੁਲਿਸ ਐਨਕਾਉਂਟਰ ਸਬੰਧੀ ਦਰਜ FIR ਤੋਂ ਬਾਅਦ ਨਵੀਂ ਕਹਾਣੀ ਸਾਹਮਣੇ ਆ ਰਹੀ ਹੈ।
ਪੁਲਿਸ ਐਫਆਈਆਰ ਅਨੁਸਾਰ ਜਸਪ੍ਰੀਤ ਅਤੇ ਰਾਮ ਰਤਨ ਦੀ ਮੌਤ ਘਟਨਾ ਸਥਾਨ ਨੇੜੇ ਝਾੜੀਆਂ ‘ਚ ਲੁਕੇ ਉਨ੍ਹਾਂ ਦੇ ਦੋ ਸਾਥੀਆਂ ਅਤੇ ਪੁਲਿਸ ਦਰਮਿਆਨ ਗੋਲੀਬਾਰੀ ਵਿੱਚ ਹੋਈ। FIR ਅਨੁਸਾਰ ਪੁਲਿਸ ਗ੍ਰਿਫ਼ਤਾਰ ਕੀਤੇ ਦੋਵੇਂ ਮੁਲਜ਼ਮਾਂ ਜਸਪ੍ਰੀਤ ਸਿੰਘ ਅਤੇ ਰਾਮ ਰਤਨ ਨੂੰ ਹਥਿਆਰਾਂ ਦੀ ਰਿਕਵਰੀ ਲਈ ਲੈ ਕੇ ਗਈ ਸੀ। ਜਦੋਂ ਪੁਲਿਸ ਮੁਲਜ਼ਮਾਂ ਨੂੰ ਨਿਸ਼ਾਨਦੇਹੀ ‘ਤੇ ਝਾੜੀਆਂ ਵੱਲ ਲੈ ਕੇ ਜਾਣ ਲੱਗੀ ਤਾਂ ਝਾੜੀਆਂ ਵਿੱਚ ਪਹਿਲਾਂ ਤੋਂ ਹੀ ਇਨ੍ਹਾਂ ਦੇ ਦੋ ਅਣਪਛਾਤੇ ਸਾਥੀ ਲੁਕੇ ਹੋਏ ਸਨ, ਜਿਨ੍ਹਾਂ ਨੇ ਅਚਾਨਕ ਪੁਲਿਸ ‘ਤੇ ਫਾਇਰਿੰਗ ਕਰ ਦਿੱਤੀ, ਜਵਾਬ ਵਿੱਚ ਪੁਲਿਸ ਨੇ ਵੀ ਗੋਲੀਬਾਰੀ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਦੋਵੇਂ ਪਾਸਿਆਂ ਤੋਂ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿੱਚ ਜਸਪ੍ਰੀਤ ਸਿੰਘ ਅਤੇ ਰਾਮ ਰਤਨ ਦੇ ਗੋਲੀਆਂ ਲੱਗੀਆਂ, ਜਿਸ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਦੂਜੇ ਪਾਸੇ ਮੁਲਜ਼ਮਾਂ ਦੇ ਦੋਵੇਂ ਹਮਲਾਵਰ ਸਾਥੀ ਝਾੜੀਆਂ ਦੀ ਆੜ ‘ਚ ਖੇਤਾਂ ਵਿਚੋਂ ਹੁੰਦੇ ਹੋਏ ਫਰਾਰ ਹੋ ਗਏ।
FIR ‘ਚ ਇਹ ਵੀ ਕਿਹਾ ਗਿਆ ਹੈ ਕਿ ਇਨ੍ਹਾਂ ਨਾਮਾਲੂਮ ਵਿਅਕਤੀਆਂ ਵੱਲੋਂ ਪੁਲਿਸ ਪਾਰਟੀ ‘ਤੇ ਜਾਨਲੇਵਾ ਹਮਲਾ ਕੀਤਾ ਗਿਆ, ਜਿਸ ਵਿੱਚ ਜਸਪ੍ਰੀਤ ਸਿੰਘ ਅਤੇ ਰਾਮ ਰਤਨ ਦੀ ਮੌਤ ਹੋ ਗਈ, ਜਦਕਿ ਹਮਲਾਵਰਾਂ ਦੀ ਭੱਜਣ ਸਮੇਂ ਇਕ ਦੇਸੀ ਪਿਸਟਲ 30 ਬੋਰ ਵੀ ਡਿੱਗ ਗਈ ਸੀ। ਅਬੋਹਰ ਦੇ ਕੱਪੜਾ ਵਪਾਰੀ ਦੇ ਕਤਲ ਕਾਂਡ ਵਿੱਚ ਸ਼ੂਟਰਾਂ ਨੂੰ ਮਦਦ ਕਰਨ ਵਾਲੇ ਦੋਵੇਂ ਮੁਲਜ਼ਮਾਂ ਦੇ ਐਨਕਾਊਂਟਰ ਤੋਂ ਬਾਅਦ ਪੁਲਿਸ ਦੀ ਇਸ ਨਵੀਂ ਕਹਾਣੀ ਤੋਂ ਵੱਡੇ ਸਵਾਲ ਖੜੇ ਹੁੰਦੇ ਹਨ ਕਿ ਜਸਪ੍ਰੀਤ ਅਤੇ ਰਾਮ ਰਤਨ ਦੇ ਦੋਵੇਂ ਸਾਥੀ ਆਖਿਰ ਪੁਲਿਸ ‘ਤੇ ਗੋਲੀਆਂ ਚਲਾਉਣ ਤੋਂ ਬਾਅਦ ਕਿਵੇਂ ਫਰਾਰ ਹੋ ਗਏ ? ਕੀ ਪੁਲਿਸ ਰਿਕਵਰੀ ਦੌਰਾਨ ਪੁਖਤਾ ਪ੍ਰਬੰਧਾਂ ਨਾਲ ਨਹੀਂ ਗਈ ? ਕੀ ਪੁਲਿਸ ਫਰਾਰ ਹੋਏ ਹਮਲਾਵਰਾਂ ਨੂੰ ਪਿੱਛਾ ਕਰਕੇ ਫੜ ਨਹੀਂ ਸਕਦੀ ਸੀ ? ਜੇਕਰ ਉਹ ਮੌਕੇ ‘ਤੇ ਨਹੀਂ ਫੜੇ ਗਏ ਤਾਂ ਆਖ਼ਰ ਦੋ ਦਿਨ ਬੀਤਣ ਦੇ ਬਾਵਜੂਦ ਵੀ ਉਹ ਕਿੱਥੇ ਲੁਕੇ ਹੋਏ ਹਨ ?