ਬਰਨਾਲਾ,16 ਜੁਲਾਈ (ਨਿਰਮਲ ਸਿੰਘ ਪੰਡੋਰੀ)-
ਨਗਰ ਕੌਂਸਲ ਬਰਨਾਲਾ ਦੇ ਕੁਝ ਕੌਂਸਲਰਾਂ ਨੇ ਸ਼ਹਿਰ ਵਿੱਚ ਸੀਵਰੇਜ ਦੀ ਸਫ਼ਾਈ ਦੀ ਜ਼ਿੰਮੇਵਾਰ ਕੰਪਨੀ ਦੇ ਮੈਨੇਜਰ ਦੇ ਖ਼ਿਲਾਫ਼ ਉਚ ਅਧਿਕਾਰੀਆਂ ਨੂੰ ਲਿਖ਼ਤੀ ਸ਼ਿਕਾਇਤ ਦਿੱਤੀ ਹੈ। ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦੇ ਹੋਏ ਕੌਂਸਲਰ ਜੁਗਰਾਜ ਸਿੰਘ ਪੰਡੋਰੀ ਨੇ ਦੱਸਿਆ ਕਿ ਸ਼ਹਿਰ ਵਿੱਚ ਸੀਵਰੇਜ ਦਾ ਪਾਣੀ ਗਲੀਆਂ ਦੇ ਵਿੱਚ ਆਮ ਹੀ ਤੁਰਿਆ ਫਿਰਦਾ ਜਿਸ ਸਬੰਧੀ ਉਹ ਪਹਿਲਾਂ ਵੀ ਕਈ ਵਾਰ ਉਚ ਅਧਿਕਾਰੀਆਂ ਨੂੰ ਮਿਲ ਚੁੱਕੇ ਹਨ ਪਰੰਤੂ ਬੀਤੇ ਦਿਨੀ ਪਏ ਮੀਂਹ ਨੇ ਸਾਰੇ ਸ਼ਹਿਰ ਵਿੱਚ ਸੀਵਰੇਜ ਦੇ ਪ੍ਰਬੰਧਾਂ ਦੀ ਪੋਲ ਖੋਲ੍ਹ ਦਿੱਤੀ ਹੈ। ਉਹਨਾਂ ਦੱਸਿਆ ਕਿ ਸ਼ਹਿਰ ਵਿੱਚ ਸੀਵਰੇਜ ਅਤੇ ਵਾਟਰ ਸਪਲਾਈ ਸਬੰਧੀ ਕੰਮ ਦਾ ਠੇਕਾ ਗਿਰਧਾਰੀ ਲਾਲ ਐਂਡ ਕੰਪਨੀ ਨੇ ਲਿਆ ਹੋਇਆ ਪ੍ਰੰਤੂ ਇਸ ਕੰਪਨੀ ਵੱਲੋਂ ਸੀਵਰੇਜ ਦੀ ਸਫਾਈ ਸਬੰਧੀ ਕੋਈ ਕੰਮ ਨਹੀਂ ਕੀਤਾ ਜਾਂਦਾ। ਉਹਨਾਂ ਦੱਸਿਆ ਕਿ ਸੀਵਰੇਜ ਦੇ ਮਾੜੇ ਪ੍ਰਬੰਧਾਂ ਸਬੰਧੀ ਜਦ ਉਕਤ ਕੰਪਨੀ ਦੇ ਮੈਨੇਜਰ ਸੁਰਿੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਹਨਾਂ ਗੱਲ ਸੁਣਨ ਦੀ ਬਜਾਏ ਕੌਂਸਲਰਾਂ ਦੇ ਨਾਲ ਮਾੜਾ ਵਿਵਹਾਰ ਕੀਤਾ ਅਤੇ ਗਲਤ ਸ਼ਬਦਾਵਲੀ ਦੀ ਵਰਤੋਂ ਕੀਤੀ।
ਕੌਂਸਲਰ ਜੁਗਰਾਜ ਸਿੰਘ ਪੰਡੋਰੀ ਦੇ ਨਾਲ ਕੌਂਸਲਰ ਜੀਵਨ ਕਮਾਰ, ਹਰਬਖਸੀਸ ਸਿੰਘ ਗੋਨੀ, ਕਮਲਜੀਤ ਸਿੰਘ ਸ਼ੀਤਲ, ਜਸਮੇਲ ਸਿੰਘ ਡੈਅਰੀਵਾਲਾ, ਗੁਰਦਰਸ਼ਨ ਸਿੰਘ ਬਰਾੜ, ਪਰਮਜੀਤ ਪੱਖੋਂ, ਸੋਨੀ ਜਾਗਲ, ਗੁਰਪ੍ਰੀਤ ਸੋਨੀ ਸੰਘੇੜਾ ਅਤੇ ਗੁਰਪ੍ਰੀਤ ਕਾਕਾ ਨੇ ਕਿਹਾ ਕਿ ਸੀਵਰੇਜ ਤੇ ਵਾਟਰ ਸਪਲਾਈ ਵਿਭਾਗ ਦੇ ਅਧਿਕਾਰੀ ਵੀ ਸਮੇਂ ਸਿਰ ਦਫਤਰਾਂ ਵਿੱਚ ਨਹੀਂ ਵੜਦੇ ਅਤੇ ਮਾੜੇ ਸੀਵਰੇਜ ਪ੍ਰਬੰਧਾਂ ਸਬੰਧੀ ਲੋਕਾਂ ਦੀਆਂ ਸਮੱਸਿਆਵਾਂ ਨਹੀਂ ਸੁਣਦੇ। ਕੌਂਸਲਰਾਂ ਨੇ ਚੇਤਾਵਨੀ ਭਰੇ ਲਹਿਜ਼ੇ ਵਿੱਚ ਕਿਹਾ ਕਿ ਲੋਕਾਂ ਦੇ ਕੰਮ ਨਾ ਕਰਨ ਵਾਲੇ ਅਧਿਕਾਰੀਆਂ ਦੇ ਖ਼ਿਲਾਫ਼ ਆਮ ਲੋਕਾਂ ਨੂੰ ਨਾਲ ਲੈ ਕੇ ਸੰਘਰਸ਼ ਵਿੱਢਣ ਤੋਂ ਵੀ ਗੁਰੇਜ ਨਹੀਂ ਕੀਤਾ ਜਾਵੇਗਾ। ਉਕਤ ਕੌਂਸਲਰਾਂ ਨੇ ਜ਼ਿਲ੍ਹੇ ਦੇ ਉੱਚ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਗਿਰਧਾਰੀ ਲਾਲ ਐਂਡ ਕੰਪਨੀ ਦੇ ਮੈਨੇਜਰ ਸੁਰਿੰਦਰ ਸਿੰਘ ਵੱਲੋਂ ਕੌਂਸਲਰਾਂ ਨਾਲ ਕੀਤੇ ਮਾੜੇ ਵਿਹਾਰ ਅਤੇ ਗਲਤ ਸ਼ਬਦਾਵਲੀ ਸਬੰਧੀ ਕਾਰਵਾਈ ਵੀ ਕੀਤੀ ਜਾਵੇ।
੍ਹਇਥੇ ਇਹ ਵੀ ਜ਼ਿਕਰਯੋਗ ਹੈ ਕਿ ਗਿਰਧਾਰੀ ਲਾਲ ਐਂਡ ਕੰਪਨੀ ਦੀਆਂ ਸ਼ਿਕਾਇਤਾਂ ਪਿਛਲੇ ਕਾਫੀ ਸਮੇਂ ਤੋਂ ਸੱਤਾਧਾਰੀ ਆਗੂਆਂ ਤੱਕ ਸਿੱਧੀਆਂ ਵੀ ਪੁੱਜੀਆਂ ਹਨ ਪ੍ਰੰਤੂ ਇਹ ਸਮਝ ਤੋਂ ਪਰ੍ਹੇ ਹੈ ਕਿ ਸ਼ਹਿਰ ਵਿੱਚ ਸੀਵਰੇਜ ਦੀ ਵੱਡੀ ਸਮੱਸਿਆ ਦੇ ਬਾਵਜੂਦ ਗਿਰਧਾਰੀ ਲਾਲ ਕੰਪਨੀ ਦੇ ਖ਼ਿਲਾਫ਼ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਜਾ ਰਹੀ। ਸ਼ਹਿਰ ਵਿੱਚ ਸੀਵਰੇਜ ਦੇ ਇੰਨੇ ਮਾੜੇ ਪ੍ਰਬੰਧ ਹਨ ਕਿ ਸਾਰੇ ਸ਼ਹਿਰ ਵਿੱਚ ਗਿਰਧਾਰੀ ਲਾਲ…ਗਿਰਧਾਰੀ ਲਾਲ ਹੋਈ ਪਈ ਹੈ ਪ੍ਰੰਤੂ ਸੱਤਾਧਾਰੀ ਆਗੂਆਂ ਦੇ ਆਸ਼ੀਰਵਾਦ ਸਦਕਾ ਉਕਤ ਕੰਪਨੀ ਦਾ ਗਿਰਧਾਰੀ ਲਾਲ ਪੰਜਾਬੀ ਬੋਲੀਆਂ,ਗੀਤਾਂ ਵਾਲੇ ਗਿਰਧਾਰੀ ਲਾਲ ਵਾਂਗੂ ਸ਼ਾਵਾ ਬਈ ਗਿਰਧਾਰੀ ਲਾਲ…ਬੱਲੇ ਵੀ ਗਿਰਧਾਰੀ ਲਾਲ ਹੋਈ ਪਈ ਹੈ।
ਫੋਟੋ ਕੈਪਸ਼ਨ-ਗੁਰਧਾਰੀ ਲਾਲ ਐਂਡ ਕੰਪਨੀ ਦੇ ਮੈਨੇਜਰ ਖ਼ਿਲਾਫ਼ ਉੱਚ ਅਧਿਕਾਰੀਆਂ ਨੂੰ ਸ਼ਿਕਾਇਤ ਦਿੰਦੇ ਹੋਏ ਕੁਝ ਕੌਂਸਲਰ










