ਚੰਡੀਗੜ੍ਹ,16 ਜੁਲਾਈ, Gee98 news service
-ਕੁਝ ਮਹੀਨੇ ਪਹਿਲਾਂ ਪਟਿਆਲਾ ਵਿਖੇ ਫੌਜ ਦੇ ਇੱਕ ਕਰਨਲ ਪੁਸ਼ਪਿੰਦਰ ਸਿੰਘ ਬਾਠ ਦੀ ਕੁੱਟਮਾਰ ਕਰਨ ਵਾਲੇ ਪੁਲਿਸ ਅਫ਼ਸਰਾਂ ਦੀਆਂ ਮੁਸ਼ਕਿਲਾਂ ਵੱਧ ਸਕਦੀਆਂ ਹਨ। ਇਹ ਘਟਨਾ ਵਾਪਰਨ ਤੋਂ ਲੈ ਕੇ ਹੁਣ ਤੱਕ ਪੰਜਾਬ ਪੁਲਿਸ ਆਪਣੇ ਅਫ਼ਸਰਾਂ ਨੂੰ ਬਚਾਉਣ ਲਈ ਹਰ ਹੀਲਾ ਵਸੀਲਾ ਵਰਤ ਰਹੀ ਸੀ ਪ੍ਰੰਤੂ ਹੁਣ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਇਹ ਮਾਮਲਾ ਸੀਬੀਆਈ ਨੂੰ ਸੌਂਪ ਦਿੱਤਾ ਹੈ। ਦੱਸ ਦੇਈਏ ਕਿ ਇਸ ਮਾਮਲੇ ਦੀ ਜਾਂਚ ਪੰਜਾਬ ਪੁਲਿਸ ਦੀ ਬਜਾਏ ਪਹਿਲਾਂ ਹਾਈਕੋਰਟ ਦੇ ਹੁਕਮਾਂ ‘ਤੇ ਚੰਡੀਗੜ੍ਹ ਪੁਲਿਸ ਨੂੰ ਦਿੱਤੀ ਗਈ ਸੀ ਪ੍ਰੰਤੂ ਤਿੰਨ ਮਹੀਨੇ ਬੀਤਣ ਦੇ ਬਾਵਜੂਦ ਵੀ ਚੰਡੀਗੜ੍ਹ ਪੁਲਿਸ ਨੇ ਇਸ ਮਾਮਲੇ ਦੀ ਜਾਂਚ ਨੂੰ ਕਿਸੇ ਸਿਰੇ ਨਹੀਂ ਲਗਾਇਆ ਇਥੋਂ ਤੱਕ ਕਿ ਦੋਸ਼ੀ ਪੁਲਿਸ ਅਫ਼ਸਰਾਂ ਦੀ ਗ੍ਰਿਫ਼ਤਾਰੀ ਵੀ ਨਹੀਂ ਕੀਤੀ। ਕਰਨਲ ਬਾਠ ਨੇ ਹਾਈਕੋਰਟ ਤੱਕ ਪੁੱਜ ਕੇ ਇੱਕ ਸਪੈਸ਼ਲ ਪਟੀਸ਼ਨ ਦਾਇਰ ਕੀਤੀ ਸੀ ਕਿ ਚੰਡੀਗੜ੍ਹ ਪੁਲਿਸ ਵੀ ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ਦੇ ਦਬਾਅ ਹੇਠ ਦੋਸ਼ੀ ਪੁਲਿਸ ਅਫ਼ਸਰਾਂ ਦੇ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਹੀ। ਕਰਨਲ ਬਾਠ ਨੇ ਹਾਈ ਕੋਰਟ ਤੋਂ ਮੰਗ ਕੀਤੀ ਸੀ ਕਿ ਉਹਨਾਂ ਨਾਲ ਹੋਈ ਕੁੱਟਮਾਰ ਅਤੇ ਦੁਰਵਿਹਾਰ ਦੀ ਘਟਨਾ ਦੀ ਜਾਂਚ ਸੀਬੀਆਈ ਤੋਂ ਕਰਵਾਈ ਜਾਵੇ। ਕਰਨਲ ਬਾਠ ਦੀ ਇਸ ਸਪੈਸ਼ਲ ਪਟੀਸ਼ਨ ਦੀ ਸੁਣਵਾਈ ਕਰਦੇ ਹੋਏ ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਚੰਡੀਗੜ੍ਹ ਪੁਲਿਸ ਨੂੰ ਫਟਕਾਰ ਵੀ ਲਗਾਈ ਸੀ ਅਤੇ ਅੱਜ ਹਾਈ ਕੋਰਟ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪਣ ਦੇ ਹੁਕਮ ਦਿੱਤੇ ਹਨ, ਜਿਸ ਤੋਂ ਬਾਅਦ ਇਸ ਮਾਮਲੇ ਦੇ ਦੋਸ਼ੀ ਪੁਲਿਸ ਅਫ਼ਸਰਾਂ ਦੀਆਂ ਮੁਸ਼ਕਿਲਾਂ ਵੱਧ ਗਈਆਂ ਹਨ। ਹਾਈਕੋਰਟ ਵੱਲੋਂ ਜਲਦੀ ਹੀ ਸੀਬੀਆਈ ਨੂੰ ਵੱਖਰੇ ਹੁਕਮ ਦਿੱਤੇ ਜਾਣਗੇ ਕਿ ਇਸ ਮਾਮਲੇ ਦੀ ਜਾਂਚ ਕਿੰਨੇ ਸਮੇਂ ਵਿੱਚ ਪੂਰੀ ਕਰਨੀ ਹੈ।
ਫੋਟੋ ਕੈਪਸ਼ਨ-ਘਟਨਾ ਤੋਂ ਬਾਅਦ ਕਰਨਲ ਬਾਠ ਸੱਟਾਂ ਦੇ ਨਿਸ਼ਾਨ ਦਿਖਾਉਂਦੇ ਹੋਏ










