ਚੰਡੀਗੜ੍ਹ,16 ਜੁਲਾਈ, Gee98 News service
-ਪੰਜਾਬ ਸਰਕਾਰ ਵੱਲੋਂ ਪੁਲਿਸ ਅਫ਼ਸਰਾਂ ਨੂੰ ਦਿੱਤੀਆਂ ਜਾ ਰਹੀਆਂ ਤਰੱਕੀਆਂ ਚਰਚਾ ਵਿੱਚ ਹਨ। ਛੋਟੇ ਸੂਬੇ ਪੰਜਾਬ ‘ਚ ਡੀਜੀਪੀ ਰੈਂਕ ਦੇ 20 ਅਧਿਕਾਰੀ ਹਨ ਜਦਕਿ ਪੰਜਾਬ ਦੇ ਜ਼ਿਲ੍ਹਿਆਂ ਦੀ ਕੁੱਲ ਗਿਣਤੀ 23 ਹੈ। ਇਸ ਵੇਲੇ ਪੰਜਾਬ ‘ਚ ਆਪਣੇ ਗੁਆਂਢੀ ਸੂਬਿਆਂ ਨਾਲੋਂ ਕਿਤੇ ਵੱਧ ਡੀਜੀਪੀ ਰੈਂਕ ਦੇ ਅਧਿਕਾਰੀ ਹਨ। ਉੱਤਰ ਪ੍ਰਦੇਸ਼ ਭਾਵੇਂ ਖੇਤਰਫਲ ‘ਚ ਪੰਜਾਬ ਤੋਂ ਲੱਗਭੱਗ 4 ਗੁਣਾ ਵੱਡਾ ਹੈ ਪ੍ਰੰਤੂ ਉੱਤਰ ਪ੍ਰਦੇਸ਼ ਵਿੱਚ ਡੀਜੀਪੀ ਰੈਂਕ ਦੇ 19 ਅਤੇ ਪੰਜਾਬ ਕੋਲ 20 ਅਧਿਕਾਰੀ ਹਨ। ਜੇਕਰ ਗਵਾਂਢੀ ਸੂਬਿਆਂ ਦੀ ਗੱਲ ਕੀਤੀ ਜਾਵੇ ਤਾਂ ਹਰਿਆਣਾ ‘ਚ 7 ਡੀਜੀਪੀ ਅਤੇ ਹਿਮਾਚਲ ਵਿੱਚ 3 ਡੀਜੀਪੀ ਰੈਂਕ ਦੇ ਅਧਿਕਾਰੀ ਹਨ। ਮਹਾਰਾਸ਼ਟਰ ਵਿੱਚ ਸਿਰਫ 3 ਡੀਜੀਪੀ ਰੈਂਕ ਦੇ ਅਧਿਕਾਰੀ ਹਨ। ਜ਼ਿਕਰਯੋਗ ਹੈ ਕਿ ਕੇਂਦਰ ਸਰਕਾਰ ਦੇ ਅਮਲਾ ਵਿਭਾਗ ਦੀ ਨੋਟਿਫਿਕੇਸ਼ਨ ਦੀਆਂ ਤਜਵੀਜ਼ਾਂ ਅਨੁਸਾਰ ਪੰਜਾਬ ‘ਚ ਸਿਰਫ ਦੋ ਡੀਜੀਪੀ ਅਸਾਮੀਆਂ ਮਨਜ਼ੂਰ ਕੀਤੀਆਂ ਗਈਆਂ ਹਨ। ਇਹ ਵੀ ਹੈਰਾਨੀਜਨਕ ਹੈ ਕਿ ਡੀਜੀਪੀ ਰੈਂਕ ਦੇ ਇੰਨੇ ਵੱਡੇ ਢਾਂਚੇ ਦੇ ਬਾਵਜੂਦ ਵੀ ਪੰਜਾਬ ‘ਚ ਹੁਣ ਤੱਕ ਕੋਈ ਪੱਕਾ ਡੀਜੀਪੀ ਨਿਯੁਕਤ ਨਹੀਂ ਕੀਤਾ ਗਿਆ, ਮੌਜੂਦਾ ਡੀਜੀਪੀ ਗੌਰਵ ਯਾਦਵ ਸਾਲ 2023 ਤੋਂ ਕਾਰਜਕਾਰੀ ਡੀਜੀਪੀ ਦੇ ਤੌਰ ‘ਤੇ ਕਾਰਜਸ਼ੀਲ ਹਨ।
ਪੰਜਾਬ ਪੁਲਿਸ ਦੀ ਵੈਬਸਾਈਟ ‘ਤੇ ਉਪਲਬਧ ਆਈਪੀਐੱਸ ਗ੍ਰੇਡੇਸ਼ਨ ਸੂਚੀ ਦੇ ਅਨੁਸਾਰ, ਮੌਜੂਦਾ 12 ਅਧਿਕਾਰੀ ਡੀਜੀਪੀ ਰੈਂਕ ‘ਤੇ ਕਾਰਜਸ਼ੀਲ ਹਨ। ਪੰਜਾਬ ਪੁਲਿਸ ਦੇ ਉੱਚ ਅਧਿਕਾਰੀਆਂ ‘ਤੇ ਸਰਕਾਰ ਦੀ ਮਿਹਰਬਾਨੀ ‘ਤੇ ਜੇਕਰ ਨਜ਼ਰ ਮਾਰੀ ਜਾਵੇ ਤਾਂ ਸਾਹਮਣੇ ਆ ਰਿਹਾ ਹੈ ਕਿ ਪੰਜਾਬ ‘ਚ ਉੱਚ ਪੱਧਰ ਦੇ ਅਧਿਕਾਰੀਆਂ ਦੀ ਭੀੜ ਲੱਗ ਰਹੀ ਹੈ ਪਰ ਦਰਮਿਆਨੇ ਪੱਧਰ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੇ ਖਾਲੀ ਅਹੁਦਿਆਂ ਕਾਰਨ ਕਾਨੂੰਨੀ ਵਿਵਸਥਾ ਪ੍ਰਭਾਵਿਤ ਹੋ ਰਹੀ ਹੈ। ਭਾਵੇਂ ਕਿ ਪੰਜਾਬ ਪੁਲਿਸ ਦੇ ਨਿਯਮਾਂ ਅਨੁਸਾਰ ਕੋਈ ਵੀ ਅਧਿਕਾਰੀ 18 ਸਾਲ ਦੀ ਸੇਵਾ ‘ਤੇ ਆਈਜੀ, 25 ਸਾਲ ‘ਤੇ ਏਡੀਜੀਪੀ ਅਤੇ 30 ਸਾਲ ‘ਤੇ ਡੀਜੀਪੀ ਅਹੁਦੇ ਲਈ ਯੋਗ ਹੁੰਦਾ ਹੈ। ਪੰਜਾਬ ਸਰਕਾਰ ਦਾ ਵਧੇਰੇ ਧਿਆਨ ਪੁਲਿਸ ਦੇ ਉੱਚ ਅਧਿਕਾਰੀਆਂ ਦੀਆਂ ਪ੍ਰਮੋਸ਼ਨਾਂ ਵੱਲ ਹੀ ਲੱਗਿਆ ਹੋਇਆ ਹੈ ਜਦਕਿ ਕਾਨੂੰਨ ਵਿਵਸਥਾ ਦਾ ਸਿੱਧਾ ਪ੍ਰਬੰਧ ਹੇਠਲੇ ਪੱਧਰ ‘ਤੇ ਫੀਲਡ ਵਿੱਚ ਡਿਊਟੀ ਕਰਨ ਵਾਲੇ ਪੁਲਿਸ ਕਰਮਚਾਰੀਆਂ ਦੀ ਗਿਣਤੀ ‘ਤੇ ਨਿਰਭਰ ਕਰਦਾ ਹੈ। ਇੱਥੇ ਇਸ ਗੱਲ ਦਾ ਜ਼ਿਕਰ ਕਰਨਾ ਬਣਦਾ ਹੈ ਕਿ ਪੰਜਾਬ ਦੇ ਬਹੁਤੇ ਥਾਣੇ ਅਜਿਹੇ ਹਨ ਜਿੱਥੇ ਲੋੜੀਂਦੇ ਇਨਕੁਇਰੀ ਅਫ਼ਸਰ ਹੀ ਨਹੀਂ ਹਨ, ਜਿਸ ਕਰਕੇ ਸੰਵੇਦਨਸ਼ੀਲ ਮਾਮਲਿਆਂ ਦੀ ਪੜ੍ਹਤਾਲ ਵੀ ਪ੍ਰਭਾਵਿਤ ਹੋ ਰਹੀ ਹੈ। ਜਿੱਥੇ ਇੱਕ ਪਾਸੇ ਪੰਜਾਬ ਸਰਕਾਰ ਪੁਲਿਸ ਦੇ ਉੱਚ ਅਧਿਕਾਰੀਆਂ ‘ਤੇ ਮਿਹਰਬਾਨ ਹੈ ਉਥੇ ਦੂਜੇ ਪਾਸੇ ਹੇਠਲੇ ਪੱਧਰ ‘ਤੇ ਸਿਪਾਹੀ ਤੋਂ ਲੈ ਕੇ ਇੰਸਪੈਕਟਰ ਤੱਕ ਦੇ ਪੁਲਿਸ ਕਰਮਚਾਰੀ ਸਮੇਂ ਤੋਂ ਪਹਿਲਾਂ ਸੇਵਾ ਮੁਕਤੀ ਲੈ ਰਹੇ ਹਨ ਜਿਸ ਦਾ ਕਾਰਨ ਕੰਮ ਦਾ ਬੋਝ ਦੱਸਿਆ ਜਾ ਰਿਹਾ ਹੈ। ਭਾਵੇਂ ਕਿ ਪੰਜਾਬ ਸਰਕਾਰ ਨਿਯਮਾਂ ਅਨੁਸਾਰ ਉੱਚ ਅਧਿਕਾਰੀਆਂ ਨੂੰ ਤਰੱਕੀ ਦੇ ਸਕਦੀ ਹੈ ਪ੍ਰੰਤੂ ਰਾਜਨੀਤਿਕ ਅਤੇ ਪ੍ਰਸ਼ਾਸਨਿਕ ਹਲਕਿਆਂ ਵੱਲੋਂ ਪੰਜਾਬ ਦੇ ਉੱਚ ਪੁਲਿਸ ਅਧਿਕਾਰੀਆਂ ਨੂੰ ਦਿੱਤੀਆਂ ਜਾ ਰਹੀਆਂ ਤਰੱਕੀਆਂ ਨੂੰ ਤਿਰਛੀ ਨਜ਼ਰ ਨਾਲ ਵੇਖਿਆ ਜਾ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਦੀ ਉੱਚ ਪੁਲਿਸ ਅਧਿਕਾਰੀਆਂ ‘ਤੇ ਮਿਹਰਬਾਨੀ ਪਹਿਲਾਂ ਵੀ ਚਰਚਾ ‘ਚ ਰਹੀ ਹੈ ਪ੍ਰੰਤੂ ਹੁਣ ਪਿਛਲੇ ਦਿਨੀਂ ਡੀਜੀਪੀ ਰੈਂਕ ‘ਤੇ ਦਿੱਤੀਆਂ ਤਰੱਕੀਆਂ ਤੋਂ ਬਾਅਦ ਇਸ ਮੁੱਦੇ ‘ਤੇ ਵਧੇਰੇ ਚਰਚਾ ਹੋ ਰਹੀ ਹੈ।