ਚੰਡੀਗੜ੍ਹ,17 ਜੁਲਾਈ, Gee98 news service
–ਪੰਜਾਬ ਸਰਕਾਰ ਨੇ ਇੱਕ ਸ਼ਲਾਘਾਯੋਗ ਫੈਸਲਾ ਲੈਂਦੇ ਹੋਏ ਸੜਕਾਂ ‘ਤੇ ਭੀਖ ਮੰਗਣ ਵਾਲੇ ਬੱਚਿਆਂ ਦਾ ਡੀਐਨਏ ਟੈਸਟ ਕਰਵਾਉਣ ਦਾ ਫੈਸਲਾ ਕੀਤਾ ਹੈ। ਸਰਕਾਰ ਵੱਲੋਂ ਉਹਨਾਂ ਲੋਕਾਂ ਦਾ ਡੀਐਨਏ ਟੈਸਟ ਵੀ ਕਰਵਾਇਆ ਜਾਵੇਗਾ ਜਿਨਾਂ ਨਾਲ ਇਹ ਬੱਚੇ ਰਹਿ ਰਹੇ ਹਨ ਅਤੇ ਜਿਹੜੇ ਲੋਕ ਇਹਨਾਂ ਬੱਚਿਆਂ ਦੇ ਮਾਂ ਪਿਓ ਹੋਣ ਦਾ ਦਾਅਵਾ ਕਰਦੇ ਹਨ। ਪੰਜਾਬ ਸਰਕਾਰ ਨੇ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ ਨੂੰ ਸਖ਼ਤ ਹੁਕਮ ਜਾਰੀ ਕੀਤੇ ਹਨ ਕਿ ਭੀਖ ਮੰਗਣ ਵਾਲੇ ਬੱਚਿਆਂ ਦੇ ਡੀਐਨਏ ਟੈਸਟ ਜਲਦੀ ਕਰਵਾਏ ਜਾਣ। ਸੂਬੇ ਦੇ ਕੈਬਨਿਟ ਮੰਤਰੀ ਬਲਜੀਤ ਕੌਰ ਨੇ ਦੱਸਿਆ ਕਿ ਡੀਐਨਏ ਟੈਸਟ ਕਰਵਾਉਣ ਤੋਂ ਬਾਅਦ ਬੱਚਿਆਂ ਨੂੰ ਅਤੇ ਉਹਨਾਂ ਦੇ ਮਾਪਿਆਂ ਜਾਂ ਉਹਨਾਂ ਦੇ ਨਾਲ ਰਹਿ ਰਹੇ ਬਾਲਗਾਂ ਨੂੰ ਉਹਨਾਂ ਸਮਾਂ ਚਾਇਲਡ ਵੈਲਫੇਅਰ ਕਮੇਟੀਆਂ ਦੀ ਨਿਗਰਾਨੀ ਹੇਠ ਰੱਖਿਆ ਜਾਵੇਗਾ ਜਿੰਨਾਂ ਸਮਾਂ ਡੀਐਨਏ ਟੈਸਟ ਦੀ ਰਿਪੋਰਟ ਨਹੀਂ ਮਿਲਦੀ।
ਕੈਬਨਿਟ ਮੰਤਰੀ ਬਲਜੀਤ ਕੌਰ ਨੇ ਕਿਹਾ ਡੀਐਨਏ ਟੈਸਟ ਤੋਂ ਬਾਅਦ ਉਹਨਾਂ ਨੂੰ ਬਾਲ ਘਰਾਂ ‘ਚ ਰੱਖਾਂਗੇ ਤੇ ਜਿਹੜੇ ਲੋਕ ਹਨ, ਜੋ ਆਪਣੇ ਆਪ ਏਨਾਂ ਬੱਚਿਆਂ ਦੇ ਮਾਪੇ ਹੋਣ ਦਾ ਦਾਅਵਾ ਕਰਦੇ ਹਨ, ਉਹਨਾਂ ਨੂੰ ਅਸੀਂ ਉਨੀ ਦੇਰ ਤੱਕ ਨਾਲ ਰੱਖਾਂਗੇ, ਜਿੰਨੀ ਦੇਰ ਤੱਕ ਡੀਐਨਏ ਟੈਸਟ ਦੀ ਰਿਪੋਰਟ ਨਹੀਂ ਆ ਜਾਂਦੀ। ਜੇਕਰ ਇਹ ਸਾਬਤ ਹੋ ਜਾਂਦਾ ਹੈ ਕਿ ਜਿਹੜੇ ਲੋਕਾਂ ਦੇ ਨਾਲ ਭੀਖ ਮੰਗਣ ਵਾਲੇ ਬੱਚੇ ਰਹਿ ਰਹੇ ਹਨ, ਉਹ ਇਹਨਾਂ ਬੱਚਿਆਂ ਦੇ ਮਾਪੇ ਨਹੀਂ ਹਨ ਤਾਂ ਇਹਨਾਂ ਲੋਕਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ “ਅਸੀਂ ਬਹੁਤ ਸਖ਼ਤੀ ਨਾਲ ਇਹ ਕਦਮ ਚੁੱਕ ਰਹੇ ਹਾਂ ਕਿ ਜਿਹੜੇ ਬੱਚੇ ਪੰਜਾਬ ਦੇ ਵਿੱਚ ਸੜਕਾਂ ‘ਤੇ ਭੀਖ ਮੰਗਦੇ ਨੇ, ਉਨ੍ਹਾਂ ਨੂੰ ਅਸੀਂ ਪੂਰਨ ਤੌਰ ‘ਤੇ ਸੜਕਾਂ ਤੋਂ ਪਾਸੇ ਕਰਕੇ ਸਕੂਲਾਂ ਵੱਲ ਲੈ ਕੇ ਜਾਈਏ”।
ਦੱਸ ਦੇਈਏ ਕਿ ਅਜਿਹੇ ਮਾਮਲੇ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ ਜਿੰਨਾਂ ਚਿਰ ਬੱਚਾ ਚੋਰ ਗਿਰੋਹ ਵੱਲੋਂ ਬੱਚੇ ਚੋਰੀ ਕਰਕੇ ਉਹਨਾਂ ਤੋਂ ਭੀਖ ਮੰਗਵਾਉਣ ਦਾ ਕੰਮ ਕਰਵਾਇਆ ਜਾਂਦਾ ਹੈ। ਬੱਚਾ ਚੋਰ ਗਿਰੋਹ ਵੱਲੋਂ ਇਹ ਬੱਚੇ ਬਹੁਤ ਛੋਟੀ ਉਮਰ ਵਿੱਚ ਚੋਰੀ ਕੀਤੇ ਜਾਂਦੇ ਹਨ ਜਿਸ ਕਰਕੇ ਇਹਨਾਂ ਬੱਚਿਆਂ ਨੂੰ ਆਪਣੇ ਪਿਛੋਕੜ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਅਤੇ ਉਹ ਆਪਣੇ ਆਪ ਨੂੰ ਭੀਖ ਮੰਗਵਾਉਣ ਵਾਲਿਆਂ ਦੇ ਪਰਿਵਾਰ ਦਾ ਮੈਂਬਰ ਹੀ ਸਮਝਦੇ ਰਹਿੰਦੇ ਹਨ। ਪੰਜਾਬ ਸਰਕਾਰ ਦੇ ਇਸ ਉਦਮ ਦੀ ਸਾਰੇ ਪਾਸੇ ਤੋਂ ਸ਼ਲਾਘਾ ਹੋ ਰਹੀ ਹੈ, ਲੋੜ ਹੈ ਕਿ ਡੀਐਨਏ ਟੈਸਟ ਦੀ ਰਿਪੋਰਟ ਜੇਕਰ ਗੜਬੜੀ ਵਾਲੀ ਆਉਂਦੀ ਹੈ ਤਾਂ ਜ਼ਿੰਮੇਵਾਰ ਲੋਕਾਂ ਦੇ ਖ਼ਿਲਾਫ਼ ਮਿਸਾਲੀ ਕਾਰਵਾਈ ਕੀਤੀ ਜਾਵੇ।