ਚੰਡੀਗੜ੍ਹ,5 ਅਗਸਤ, Gee98 News service
ਸਾਲ 1993 ਦੇ ਇੱਕ ਫਰਜ਼ੀ ਪੁਲਿਸ ਮੁਕਾਬਲੇ ਸੰਬੰਧੀ ਮੋਹਾਲੀ ਦੀ ਸੀਬੀਆਈ ਵਿਸ਼ੇਸ਼ ਅਦਾਲਤ ਵੱਲੋਂ ਦਿੱਤੇ ਗਏ ਫੈਸਲੇ ਨੇ ਸਭ ਦਾ ਧਿਆਨ ਖਿੱਚਿਆ ਹੈ। ਮਾਨਯੋਗ ਅਦਾਲਤ ਨੇ ਲੱਗਭੱਗ 32 ਸਾਲ ਬਾਅਦ ਸੇਵਾਮੁਕਤ ਐਸਐਸਪੀ ਭੁਪਿੰਦਰਜੀਤ ਸਿੰਘ, ਡੀਐਸਪੀ ਦਵਿੰਦਰ ਸਿੰਘ, ਇੰਸਪੈਕਟਰ ਸੂਬਾ ਸਿੰਘ, ਏਐਸਆਈ ਰਘਵੀਰ ਸਿੰਘ ਅਤੇ ਏਐਸਆਈ ਗੁਲਬਰਗ ਸਿੰਘ ਨੂੰ ਦੋਸ਼ੀ ਠਹਿਰਾਉਂਦੇ ਹੋਏ ਉਮਰ ਕੈਦ ਦੀ ਸਜ਼ਾ ਸੁਣਾਈ ਹੈ, ਇਸ ਤੋਂ ਇਲਾਵਾ ਦੋਸ਼ੀਆਂ ਨੂੰ ਜੁਰਮਾਨਾ ਵੀ ਕੀਤਾ ਗਿਆ ਹੈ। ਚੇਤੇ ਰਹੇ ਕਿ ਪਿਛਲੇ ਪੰਜ ਛੇ ਮਹੀਨਿਆਂ ਤੋਂ ਅਜਿਹੇ ਫੈਸਲੇ ਅਦਾਲਤਾਂ ਵੱਲੋਂ ਦਿੱਤੇ ਜਾ ਰਹੇ ਹਨ ਜਿਨਾਂ ‘ਚ ਲੱਗਭੱਗ 30 ਸਾਲ ਤੋਂ ਚੱਲ ਰਹੇ ਅਦਾਲਤੀ ਕੇਸਾਂ ਦਾ ਨਿਪਟਾਰਾ ਕਰਦੇ ਹੋਏ ਸੰਬੰਧਿਤ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਸਖ਼ਤ ਸਜ਼ਾਵਾਂ ਦਿੱਤੀਆਂ ਜਾ ਰਹੀਆਂ ਹਨ। ਮੋਹਾਲੀ ਦੀ ਸੀਬੀਆਈ ਦੀ ਵਿਸ਼ੇਸ਼ ਅਦਾਲਤ ਵੱਲੋਂ ਦਿੱਤੇ ਗਏ ਇਸ ਤਾਜ਼ਾ ਫੈਸਲੇ ਤੋਂ ਬਾਅਦ ਪੰਜਾਬ ‘ਚ ਇੱਕ ਵਾਰੀ ਫੇਰ ਪੰਜਾਬ ਪੁਲਿਸ ਦੀ ਭੂਮਿਕਾ ‘ਤੇ ਉਂਗਲ ਖੜੀ ਹੋਈ ਹੈ। ਪੰਜਾਬ ‘ਚ ਮੌਜੂਦਾ ਦੌਰ ਵਿੱਚ ਵੀ ਪੰਜਾਬ ਪੁਲਿਸ ਵੱਲੋਂ ਪੁਲਿਸ ਮੁਕਾਬਲਿਆਂ ਦੀਆਂ ਖ਼ਬਰਾਂ ਰੋਜ਼ਾਨਾ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ ਅਤੇ ਇਹਨਾਂ ਮੁਕਾਬਲਿਆਂ ਦੇ ਸੱਚੇ ਝੂਠੇ ਹੋਣ ‘ਤੇ ਵੀ ਸਵਾਲ ਵੀ ਉੱਠ ਰਹੇ ਹਨ।
ਯਕੀਨਨ ਅਦਾਲਤਾਂ ਵੱਲੋਂ ਲੱਗਭੱਗ 30-30 ਸਾਲਾਂ ਤੋਂ ਚੱਲ ਰਹੇ ਕੇਸਾਂ ਦੇ ਨਿਪਟਾਰੇ ਕਰਦੇ ਹੋਏ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਜਾਂਦੀ ਸਖ਼ਤ ਸਜ਼ਾ ਦੇ ਮਾਮਲੇ ਤੋਂ ਮੌਜੂਦਾ ਦੌਰ ‘ਚ ਵੀ ਪੰਜਾਬ ਪੁਲਿਸ ਦੇ ਅਧਿਕਾਰੀ ਅਤੇ ਮੁਲਾਜ਼ਮ ਸਹਿਮ ਦੇ ਮਾਹੌਲ ਵਿੱਚ ਹੋਣਗੇ ਭਾਵੇਂ ਕਿ ਕੁਝ ਚਾਪਲੂਸ ਕਿਸਮ ਦੇ ਅਧਿਕਾਰੀ ਅਤੇ ਮੁਲਾਜ਼ਮਾਂ ‘ਤੇ “ਐਨਕਾਊਂਟਰ ਸਪੈਸ਼ਲਿਸਟ” ਦੇ ਟੈਗ ਵੀ ਲੱਗੇ ਹੋਏ ਹਨ। ਇੱਕ ਸੇਵਾਮੁਕਤ ਪੁਲਿਸ ਅਧਿਕਾਰੀ ਨੇ ਅਦਾਲਤਾਂ ਵੱਲੋਂ ਪੁਲਿਸ ਅਧਿਕਾਰੀਆਂ ਨੂੰ ਦਿੱਤੀ ਜਾ ਰਹੀ ਸਜ਼ਾ ਦੇ ਮਾਮਲੇ ‘ਤੇ ਟਿੱਪਣੀ ਕਰਦੇ ਹੋਏ ਕਿਹਾ ਕਿ “ਹਕੂਮਤਾਂ ਦੇ ਹੁਕਮਾਂ ‘ਤੇ ਕੁਝ ਅਫ਼ਸਰ ਗ਼ਲਤ ਕਦਮ ਚੁੱਕ ਲੈਂਦੇ ਹਨ ਪ੍ਰੰਤੂ ਬਾਅਦ ਵਿੱਚ ਭੁਗਤਣੀ ਇਕੱਲੇ ਅਫ਼ਸਰਾਂ ਨੂੰ ਪੈਂਦੀ ਹੈ ਅਤੇ ਹਕੂਮਤਾਂ ਸਜ਼ਾ ਦੇਣ ਵਾਲੇ ਪਾਸੇ ਖੜ ਜਾਂਦੀਆਂ ਹਨ”। ਉਹਨਾਂ ਕਿਹਾ ਕਿ ਮੋਹਾਲੀ ਦੀ ਵਿਸ਼ੇਸ਼ ਅਦਾਲਤ ਵੱਲੋਂ ਸੁਣਾਏ ਫੈਸਲੇ ਤਹਿਤ ਐਸਐਸਪੀ ਦੇ ਅਹੁਦੇ ਤੋਂ ਰਿਟਾਇਰ ਹੋਏ ਭੁਪਿੰਦਰਜੀਤ ਸਿੰਘ ਨੂੰ ਹੁਣ ਜੇਲ੍ਹ ਦੀਆਂ ਰੋਟੀਆਂ ਖਾਣੀਆਂ ਪੈਣਗੀਆਂ ਜਿਹੜਾ ਕੁਝ ਦਿਨ ਪਹਿਲਾਂ ਆਪਣੇ ਪਰਿਵਾਰ ਵਿੱਚ ਵਨਸਵੰਨੇ ਭੋਜਨ ਖਾਂਦਾ ਸੀ। ਇਸ ਸੇਵਾਮੁਕਤ ਅਧਿਕਾਰੀ ਨੇ ਮੌਜੂਦਾ ਦੌਰ :ਚ ਪੁਲਿਸ ਅਫਸਰਾਂ ਤੇ ਮੁਲਾਜ਼ਮਾਂ ਨੂੰ ਸਲਾਹ ਦਿੱਤੀ ਕਿ ਹਕੂਮਤਾਂ ਦੀ ਅਦਲਾ ਬਦਲੀ ‘ਚ ਸਿਰਫ਼ ਪੱਗਾਂ ਦੀ ਅਦਲਾ ਬਦਲੀ ਹੀ ਹੁੰਦੀ ਹੈ ਅਤੇ ਨੀਤੀਆਂ ਉਹੀ ਰਹਿੰਦੀਆਂ ਹਨ, ਇਸ ਲਈ ਪੁਲਿਸ ਅਧਿਕਾਰੀਆਂ ਅਤੇ ਮੁਲਾਜ਼ਮਾਂ ਨੂੰ ਕਾਨੂੰਨ ਦੇ ਦਾਇਰੇ ਵਿੱਚ ਹੀ ਰਹਿ ਕੇ ਆਪਣੀ ਡਿਊਟੀ ਕਰਨੀ ਚਾਹੀਦੀ ਹੈ ਤਾਂ ਜੋ ਸੇਵਾ ਮੁਕਤੀ ਤੋਂ ਬਾਅਦ ਬੁਢਾਪੇ ਦੀ ਉਮਰ ਆਪਣੇ ਪਰਿਵਾਰ ਵਿੱਚ ਹੀ ਗੁਜ਼ਾਰੀ ਜਾ ਸਕੇ।