ਚੰਡੀਗੜ੍ਹ,5 ਅਗਸਤ, Gee98 News service
ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਇੱਕ ਵਾਰ ਫੇਰ 40 ਦਿਨਾਂ ਦੀ ਪੈਰੋਲ ਦਿੱਤੀ ਗਈ ਹੈ। ਡੇਰਾ ਮੁਖੀ ਅੱਜ ਮੰਗਲਵਾਰ ਸਵੇਰੇ ਹਰਿਆਣਾ ਦੀ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਡੇਰਾ ਸਿਰਸਾ ਲਈ ਰਵਾਨਾ ਹੋਇਆ। ਡੇਰਾ ਮੁਖੀ ਨੂੰ 40 ਦਿਨਾਂ ਦੀ ਪੈਰੋਲ ਮਿਲਣ ਤੋਂ ਬਾਅਦ ਮੰਗਲਵਾਰ ਸਵੇਰੇ 6 ਵਜੇ ਲਗਜ਼ਰੀ ਗੱਡੀਆਂ ਦਾ ਇੱਕ ਕਾਫਲਾ, ਜਿਸ ਵਿੱਚ ਦੋ ਬੁਲਟ ਪਰੂਫ ਲੈਂਡ ਕਰੂਜ਼ਰ, ਦੋ ਫਾਰਚੂਨਰ ਅਤੇ ਹੋਰ ਗੱਡੀਆਂ ਸ਼ਾਮਿਲ ਸਨ, ਡੇਰਾ ਮੁਖੀ ਨੂੰ ਲੈ ਕੇ ਡੇਰਾ ਸਿਰਸਾ ਲਈ ਰਵਾਨਾ ਹੋਇਆ। ਪੈਰੋਲ ਮਿਲਣ ਤੋਂ ਬਾਅਦ ਸਿਰਸਾ ਡੇਰਾ ਪੁੱਜਣ ‘ਤੇ ਡੇਰਾ ਮੁਖੀ ਨੇ ਆਪਣੇ ਸ਼ਰਧਾਲੂਆਂ ਨੂੰ ਪੈਗ਼ਾਮ ਵੀ ਦਿੱਤਾ। ਮੰਨਿਆ ਜਾ ਰਿਹਾ ਹੈ ਕਿ ਇਸ ਵਾਰ 15 ਅਗਸਤ ਨੂੰ ਡੇਰਾ ਮੁਖੀ ਆਪਣਾ 58ਵਾਂ ਜਨਮ ਦਿਨ ਡੇਰਾ ਸਿਰਸਾ ਵਿਖੇ ਮਨਾਏਗਾ। ਸੁਨਾਰੀਆ ਜੇਲ੍ਹ ਵਿੱਚ ਬੰਦ ਡੇਰਾ ਮੁਖੀ 24 ਅਕਤੂਬਰ 2020 ਨੂੰ ਪਹਿਲੀ ਵਾਰ ਹਸਪਤਾਲ ਵਿੱਚ ਦਾਖਲ ਆਪਣੀ ਮਾਂ ਨੂੰ ਮਿਲਣ ਲਈ ਇੱਕ ਦਿਨ ਦੀ ਪੈਰੋਲ ‘ਤੇ ਬਾਹਰ ਆਇਆ ਸੀ ਅਤੇ ਉਦੋਂ ਤੋਂ ਲੈ ਕੇ ਹੁਣ ਤੱਕ ਡੇਰਾ ਮੁਖੀ ਨੂੰ ਚੌਦਵੀਂ ਵਾਰ ਪੈਰੋਲ ਮਿਲੀ ਹੈ।