ਬਰਨਾਲਾ,15 ਅਗਸਤ, Gee98 news service
-ਆਜ਼ਾਦੀ ਦਿਵਸ ਮੌਕੇ ਪੁਲਿਸ ਥਾਣਾ ਮਹਿਲ ਕਲਾਂ ਅਧੀਨ ਪੈਂਦੇ ਪਿੰਡ ਪੰਡੋਰੀ ਵਿੱਚ ਘਰਾਂ ਦੀਆਂ ਕੰਧਾਂ ‘ਤੇ ਖਾਲਿਸਤਾਨ ਪੱਖੀ ਦੇ ਨਾਅਰੇ ਲਿਖਣ ਦਾ ਮਾਮਲਾ ਸਾਹਮਣੇ ਆਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦਿਨ ਚੜਦੇ ਹੀ ਲੋਕਾਂ ਨੇ ਘਰਾਂ ਦੀਆਂ ਕੰਧਾਂ ‘ਤੇ “ਖਾਲਿਸਤਾਨ ਜ਼ਿੰਦਾਬਾਦ ਅਤੇ 15 ਅਗਸਤ ਕਾਲਾ ਦਿਨ” ਲਿਖਿਆ ਹੋਇਆ ਪੜਿਆ, ਜਿਸ ਦੀ ਸੂਚਨਾ ਮਿਲਣ ਤੋਂ ਬਾਅਦ ਥਾਣਾ ਮਹਿਲ ਕਲਾਂ ਦੀ ਪੁਲਿਸ ਪਾਰਟੀ ਮੌਕੇ ‘ਤੇ ਪੁੱਜੀ ਅਤੇ ਰੰਗ ਨਾਲ “ਖਾਲਿਸਤਾਨ ਜ਼ਿੰਦਾਬਾਦ” ਦੇ ਲਿਖੇ ਨਾਅਰੇ ਮਿਟਾ ਦਿੱਤੇ। ਪ੍ਰਾਪਤ ਜਾਣਕਾਰੀ ਅਨੁਸਾਰ 15 ਅਗਸਤ ਸਵੇਰੇ ਦਿਨ ਚੜਦੇ ਹੀ ਜਦੋਂ ਕੰਧਾਂ ਉੱਪਰ ਕਿਸੇ ਨੇ “ਖਾਲਿਸਤਾਨ ਜ਼ਿੰਦਾਬਾਦ” ਲਿਖਿਆ ਦੇਖਿਆ ਤਾਂ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ ਜਿਸ ਤੋਂ ਬਾਅਦ ਪੁਲਿਸ ਪਾਰਟੀ ਨੇ ਮੌਕੇ ‘ਤੇ ਪੁੱਜ ਕੇ ਰੰਗ ਫੇਰ ਕੇ ਨਾਅਰੇ ਮਿਟਾ ਦਿੱਤੇ।
ਇਹ ਵੀ ਜਾਣਕਾਰੀ ਸਾਹਮਣੇ ਆ ਰਹੀ ਹੈ ਕਿ ਹਲਕਾ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਜੱਦੀ ਮਕਾਨ ਦੀ ਬਾਹਰਲੀ ਕੰਧ ਉੱਪਰ ਵੀ ਅਜਿਹੇ ਸ਼ਬਦ ਲਿਖੇ ਗਏ ਸਨ ਜਿਨਾਂ ਉੱਪਰ ਸਵੇਰੇ ਰੰਗ ਫੇਰਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪਿੰਡ ਪੰਡੋਰੀ ਵਿੱਚ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਅਤੇ ਖਾਸ ਕਰਕੇ ਜਿਨਾਂ ਥਾਵਾਂ ‘ਤੇ ਇਹ ਸ਼ਬਦ ਲਿਖੇ ਗਏ ਹਨ, ਉਥੇ ਨੇੜੇ ਹੀ ਕੈਮਰੇ ਲੱਗੇ ਹਨ, ਜਿਨਾਂ ਕੈਮਰਿਆਂ ਵਿੱਚ ਇਹ ਸ਼ਬਦ ਲਿਖਣ ਦੀ ਘਟਨਾ ਕੈਦ ਵੀ ਹੋਈ ਹੈ ਪ੍ਰੰਤੂ ਪਿੰਡ ਵਿੱਚ ਲੱਗੇ ਸੀਸੀਟੀਵੀ ਕੈਮਰਿਆਂ ਦਾ ਕੰਟਰੋਲ ਵਿਧਾਇਕ ਦੇ ਨਿੱਜੀ ਘਰ ਵਿੱਚ ਹੋਣ ਕਾਰਨ ਇਸ ਸਬੰਧੀ ਕੋਈ ਸੀਸੀਟੀਵੀ ਫੁਟੇਜ ਬਾਹਰ ਨਹੀਂ ਕੱਢੀ ਜਾ ਰਹੀ। ਵਿਧਾਇਕ ਬਣਨ ਤੋਂ ਪਹਿਲਾਂ ਲੰਮਾ ਸਮਾਂ “ਪਹਿਰੇਦਾਰ” ਅਖ਼ਬਾਰ ਦੀ ਪੱਤਰਕਾਰੀ ਕਰਦੇ ਰਹੇ ਕੁਲਵੰਤ ਸਿੰਘ ਪੰਡੋਰੀ ਦੇ ਪਿੰਡ ਵਿੱਚ ਖਾਲਿਸਤਾਨ ਪੱਖੀ ਸ਼ਬਦ ਲਿਖੇ ਜਾਣ ਦੀ ਘਟਨਾ ਸਬੰਧੀ ਸੋਸ਼ਲ ਮੀਡੀਆ ‘ਤੇ ਵੱਖ ਵੱਖ ਤਰ੍ਹਾਂ ਦੀਆਂ ਟਿੱਪਣੀਆਂ ਸਾਹਮਣੇ ਆ ਰਹੀਆਂ ਹਨ। ਦੂਜੇ ਪਾਸੇ ਆਪ ਵਿਧਾਇਕ ਦੇ ਘਰ ਅਤੇ ਪਿੰਡ ‘ਚ ਕੰਧਾਂ ਉੱਪਰ ਖਾਲਿਸਤਾਨ ਪੱਖੀ ਨਾਅਰੇ ਲਿਖੇ ਜਾਣ ਬਾਰੇ ਵਿਦੇਸ਼ ਬੈਠੇ ਖਾਲਿਸਤਾਨ ਪੱਖੀ ਗੁਰਪਤਵੰਤ ਸਿੰਘ ਪੰਨੂ ਦੀ ਇੱਕ ਆਡੀਓ ਵੀ ਵਾਇਰਲ ਹੋ ਰਹੀ ਹੈ ਜਿਸ ਵਿੱਚ ਪੰਨੂ ਵਿਧਾਇਕ ਪੰਡੋਰੀ ਦੇ ਮਕਾਨ ਉੱਪਰ ਖਾਲਿਸਤਾਨ ਪੱਖੀ ਨਾਅਰੇ ਲਿਖਣ ਦੀ ਜ਼ਿੰਮੇਵਾਰੀ ਲੈ ਰਿਹਾ ਹੈ।
ਧਿਆਨ ਰਹੇ ਕਿ ਜਦੋਂ ਪੰਜਾਬ ‘ਚ ਹੋਰ ਕਿਧਰੇ ਅਜਿਹੇ ਸ਼ਬਦ ਲਿਖਣ ਦੀਆਂ ਘਟਨਾਵਾਂ ਸਾਹਮਣੇ ਆਉਂਦੀਆਂ ਹਨ ਤੁਰੰਤ ਵੀਡੀਓ ਅਤੇ ਫੋਟੋਆਂ ਵਾਇਰਲ ਹੋ ਜਾਂਦੀਆਂ ਹਨ ਅਤੇ ਪੁਲਿਸ ਦੀ ਪ੍ਰਤੀਕਿਰਿਆ ਵੀ ਸਾਹਮਣੇ ਆ ਜਾਂਦੀ ਹੈ ਪਰੰਤੂ ਵਿਧਾਇਕ ਦੇ ਜੱਦੀ ਪਿੰਡ ਵਿੱਚ ਵਾਪਰੀ ਇਸ ਘਟਨਾ ਦੀ ਕੋਈ ਵੀਡੀਓ ਫੁਟੇਜ ਜਾਰੀ ਨਹੀਂ ਕੀਤੀ ਜਾ ਰਹੀ। ਖ਼ਬਰ ਲਿਖੇ ਜਾਣ ਤੱਕ ਵੀ ਵਿਧਾਇਕ ਦੀ ਖ਼ੁਦ ਦੀ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ। ਪੁਲਿਸ ਇਸ ਕਾਰਵਾਈ ਨੂੰ ਸ਼ਰਾਰਤੀ ਅਨਸਰਾਂ ਵੱਲੋਂ ਮਾਹੌਲ ਖਰਾਬ ਕਰਨ ਦੇ ਯਤਨ ਵਜੋਂ ਦੇਖ ਰਹੀ ਹੈ। ਇਸ ਮਾਮਲੇ ਸਬੰਧੀ ਐਸਐਚਓ ਸ਼ੇਰਵਿੰਦਰ ਸਿੰਘ ਨੇ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਇਸ ਮਾਮਲੇ ਦੀ ਡੁੰਘਾਈ ਨਾਲ ਪੜ੍ਹਤਾਲ ਕੀਤੀ ਜਾ ਰਹੀ ਹੈ ਅਤੇ ਮਾਹੌਲ ਖਰਾਬ ਕਰਨ ਵਾਲੇ ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ।ਦੂਜੇ ਪਾਸੇ ਇਸ ਮਾਮਲੇ ਸਬੰਧੀ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਥੇਦਾਰ ਨਾਥ ਸਿੰਘ ਹਮੀਦੀ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਸਬੰਧੀ ਵੀਡੀਓ ਫੁਟੇਜ ਜਾਰੀ ਕਰਕੇ ਮਾਮਲੇ ਦੀ ਅਸਲ ਸੱਚਾਈ ਲੋਕਾਂ ਸਾਹਮਣੇ ਰੱਖੀ ਜਾਵੇ।
ਫੋਟੋ ਕੈਪਸ਼ਨ- ਖਾਲਿਸਤਾਨ ਪੱਖੀ ਨਾਅਰੇ ਲਿਖੇ ਜਾਣ ਵਾਲੀ ਕੰਧ ਉੱਪਰ ਮਾਰਿਆ ਕਾਲਾ ਰੰਗ ਅਤੇ ਉੱਪਰ ਫੇਰੀ ਮਿੱਟੀ ਦੀ ਤਸਵੀਰ।







