Gee 98News

ਅਮਨ ਅਰੋੜਾ ਨੇ ਵੀ ਸਿਸੋਦੀਆ ਦੀ ਪੈੜ ਵਿੱਚ ਪੈਰ ਰੱਖ ਲਿਆ…ਸਾਮ ਦਾਮ, ਦੰਡ ਭੇਦ ਦੀ ਨੀਤੀ ਦੀ ਕੀਤੀ ਹਮਾਇਤ

ਚੰਡੀਗੜ੍ਹ,20 ਅਗਸਤ, Gee98 news service

-ਆਮ ਆਦਮੀ ਪਾਰਟੀ ਦੇ ਪੰਜਾਬ ਇੰਚਾਰਜ ਮੁਨੀਸ਼ ਸਿਸੋਦੀਆ ਵੱਲੋਂ ਪਾਰਟੀ ਦੇ ਮਹਿਲਾ ਵਿੰਗ ਦੀ ਸਮਾਗਮ ਦੌਰਾਨ ਸਾਮ ਦਾਮ, ਦੰਡ ਭੇਦ ਸਬੰਧੀ ਕੀਤੀਆਂ ਗੱਲਾਂ ਦਾ ਵੀਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਆਮ ਆਦਮੀ ਪਾਰਟੀ ਬੈਕਫੁੱਟ ‘ਤੇ ਹੈ। ਪਾਰਟੀ ਨੂੰ ਸੋਸ਼ਲ ਮੀਡੀਆ ‘ਤੇ ਵੱਡੇ ਪੱਧਰ ‘ਤੇ ਟਰੋਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਹੁਣ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਮਨ ਅਰੋੜਾ ਨੇ ਮੁਨੀਸ਼ ਸਿਸੋਦੀਆ ਦੇ ਬਿਆਨ ਨੂੰ ਉਹਨਾਂ ਦਾ ਨਿੱਜੀ ਬਿਆਨ ਕਹਿ ਕੇ ਪੱਲਾ ਝਾੜਨ ਦੀ ਕੋਸ਼ਿਸ਼ ਕੀਤੀ ਹੈ ਪ੍ਰੰਤੂ ਇਹ ਪੱਲਾ ਇੰਨਾ ਉਲਝ ਚੁੱਕਿਆ ਹੈ ਕਿ ਇਸ ਦੀਆਂ ਚਾਰੇ ਕੰਨੀਆਂ ਫੜ ਕੇ ਵੀ ਨਹੀਂ ਝਾੜਿਆ ਜਾ ਸਕਦਾ। ਦਰਅਸਲ ਮੁਨੀਸ਼ ਸਿਸੋਦੀਆ ਦੇ ਬਿਆਨ ਨੇ ਰਾਜਨੀਤੀ ਪ੍ਰਤੀ ਆਮ ਆਦਮੀ ਪਾਰਟੀ ਦੀ ਅੰਦਰੂਨੀ ਰਣਨੀਤੀ ਨੂੰ ਉਜਾਗਰ ਕਰ ਦਿੱਤਾ ਹੈ।

                     ਮੁਨੀਸ਼ ਸਿਸੋਦੀਆ ਨੇ ਆਮ ਆਦਮੀ ਪਾਰਟੀ ਦੀਆਂ ਮਹਿਲਾਵਾਂ ਨੂੰ 2027 ਦੀਆਂ ਚੋਣਾਂ ‘ਚ ਮੁੜ ਸੱਤਾ ‘ਤੇ ਕਾਬਜ਼ ਹੋਣ ਲਈ ਸਾਮ ਦਾਮ, ਦੰਡ ਭੇਦ, ਲੜਾਈ ਝਗੜੇ ਲਈ ਉਤਸ਼ਾਹਿਤ ਕੀਤਾ। ਸਿਸੋਦੀਆ ਦੀ ਇਹ ਧਾਰਨਾ ਚੋਣਾਂ ਦੇ ਸੰਦਰਭ ਵਿੱਚ ਪੰਜਾਬ ਦੇ ਲੋਕਾਂ ਦੀ ਮੂਲ ਭਾਵਨਾ ਦੇ ਬਿਲਕੁਲ ਉਲਟ ਹੈ ਕਿਉਂਕਿ ਪੰਜਾਬ ‘ਚ ਹੁਣ ਤੱਕ ਵੱਖ-ਵੱਖ ਪਾਰਟੀਆਂ ਦੀ ਕਈ ਵਾਰੀ ਸਰਕਾਰ ਬਣ ਚੁੱਕੀ ਹੈ ਪ੍ਰੰਤੂ ਇੱਥੇ ਕਦੇ ਵੀ ਵੱਡੇ ਪੱਧਰ ‘ਤੇ ਬੂਥਾਂ ‘ਤੇ ਕਬਜ਼ਾ, ਕਤਲੋਗਾਰਤ ਜਾਂ ਵੋਟ ਚੋਣ ਪ੍ਰਚਾਰ ਦੌਰਾਨ ਲੜਾਈ ਝਗੜਿਆਂ ਦੀ ਕਦੇ ਵੀ ਕੋਈ ਘਟਨਾ ਨਹੀਂ ਵਾਪਰੀ, ਭਾਵੇਂ ਕਿ ਚੋਣਾਂ ਦੌਰਾਨ ਨਿੱਕੀਆਂ ਮੋਟੀਆਂ ਘਟਨਾਵਾਂ ਅਕਸਰ ਪੰਜਾਬ ਦੇ ਕਿਸੇ ਨੇ ਕਿਸੇ ਕੋਨੇ ਵਿੱਚ ਵਾਪਰਦੀਆਂ ਹਨ ਪਰੰਤੂ ਇਹਨਾਂ ਘਟਨਾਵਾਂ ਨੂੰ ਸਮੁੱਚੇ ਪੰਜਾਬ ਦੇ ਸੁਭਾਅ ਨਾਲ ਜੋੜ ਕੇ ਨਹੀਂ ਵੇਖਿਆ ਜਾ ਸਕਦਾ। ਅਮਨ ਅਰੋੜਾ ਨੇ ਭਾਵੇਂ ਮੁਨੀਸ਼ ਸਿਸੋਦੀਆ ਦੇ ਬਿਆਨ ਤੋਂ ਬਾਅਦ ਚੱਕਰਵਿਊ ‘ਚ ਫਸੀ ਆਮ ਆਦਮੀ ਪਾਰਟੀ ਨੂੰ ਕੱਢਣ ਦਾ ਇੱਕ ਯਤਨ ਕੀਤਾ ਹੈ ਪਰੰਤੂ ਅਮਨ ਅਰੋੜਾ ਨੇ ਮੁਨੀਸ਼ ਸਿਸੋਦੀਆ ਦਾ ਬਚਾਅ ਕਰਦੇ ਕਰਦੇ ਆਪਣੀ ਸਿਆਸੀ ਅਕਲ ਦਾ ਜਨਾਜ਼ਾ ਇਹ ਕਹਿ ਕੇ ਕੱਢ ਲਿਆ ਕਿ ਸਿਸੋਦੀਆ ਦੀ ਗੱਲ ਕੋਈ ਵੱਡੀ ਗੱਲ ਨਹੀਂ ਐਵੇਂ ਲੋਕਾਂ ਨੇ “ਰਾਈ ਦਾ ਪਹਾੜ” ਬਣਾ ਦਿੱਤਾ।

Gee98 Ads

                           ਮੁਨੀਸ਼ ਸਿਸੋਦੀਆ ਦਾ ਬਚਾਅ ਕਰਦੇ ਕਰਦੇ ਅਮਨ ਅਰੋੜਾ ਨੇ ਤਾਂ ਇੱਥੋਂ ਤੱਕ ਆਖ ਦਿੱਤਾ ਕਿ ਪਹਿਲੀਆਂ ਪਾਰਟੀਆਂ ਵੀ ਅਜਿਹਾ ਕੁਝ ਕਰਦੀਆਂ/ਕਹਿੰਦੀਆਂ ਆਈਆਂ ਹਨ ਪ੍ਰੰਤੂ ਅਮਨ ਅਰੋੜਾ ਜੀ ਇਹ ਭੁੱਲ ਗਏ ਕਿ ਜੇਕਰ ਪਹਿਲੀਆਂ ਰਿਵਾਇਤੀ ਪਾਰਟੀਆਂ ਅਜਿਹਾ ਕੁਝ ਕਰਦੀਆਂ/ਕਹਿੰਦੀਆਂ ਆਈਆਂ ਹਨ ਤਾਂ ਅੱਜ ਪੰਜਾਬ ਦੀ ਰਾਜਨੀਤੀ ਵਿੱਚ ਉਹ ਕਿਸ ਮੁਕਾਮ ‘ਤੇ ਹਨ। “ਆਪ” ਆਗੂਆਂ ਨੂੰ ਇਹ ਚੇਤੇ ਰੱਖਣਾ ਚਾਹੀਦਾ ਹੈ ਕਿ ਜੇਕਰ ਪੰਜਾਬ ਦੇ ਲੋਕਾਂ ਨੇ ਰਵਾਇਤੀ ਪਾਰਟੀਆਂ ਨੂੰ ਅਜਿਹੀਆਂ ਭੜਕਾਊ ਗੱਲਾਂ ਕਰਕੇ ਪੰਜਾਬ ਦੀ ਰਾਜਨੀਤੀ ਤੋਂ ਹਾਸ਼ੀਏ ‘ਤੇ ਕਰ ਦਿੱਤਾ ਤੇ ਉਹ “ਆਪ’ ਦੀਆਂ ਇਹਨਾਂ ਪੰਜਾਬ ਦੀ ਮਾਨਸਿਕਤਾ ਵਿਰੋਧੀ ਗੱਲਾਂ ਨੂੰ ਕਿਵੇਂ ਬਰਦਾਸ਼ਤ ਕਰਨਗੇ।

error: Content is protected !!