ਬਰਨਾਲਾ,19 ਅਗਸਤ (ਨਿਰਮਲ ਸਿੰਘ ਪੰਡੋਰੀ)-
–ਬਰਨਾਲਾ ਪੁਲਿਸ ਨੇ ਆਜ਼ਾਦੀ ਦਿਵਸ ਮੌਕੇ ਮਹਿਲ ਕਲਾਂ ਦੇ ਵਿਧਾਇਕ ਕੁਲਵੰਤ ਸਿੰਘ ਪੰਡੋਰੀ ਦੇ ਮਕਾਨ ਦੀਆਂ ਕੰਧਾਂ ‘ਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਣ ਵਾਲੇ ਦੋਸ਼ੀਆਂ ਨੂੰ 72 ਘੰਟੇ ਦੇ ਅੰਦਰ ਅੰਦਰ ਗ੍ਰਿਫ਼ਤਾਰ ਕਰਕੇ ਵੱਡੀ ਸਫਲਤਾ ਪ੍ਰਾਪਤ ਕੀਤੀ ਹੈ। ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਹੋਏ ਜ਼ਿਲ੍ਹੇ ਦੇ ਐਸਐਸਪੀ ਸ੍ਰੀ ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿ 14 ਅਤੇ 15 ਅਗਸਤ ਦੀ ਦਰਮਿਆਨੀ ਰਾਤ ਨੂੰ ਦੋ ਨਾਮਾਲੂਮ ਮੋਟਰਸਾਈਕਲ ਸਵਾਰਾਂ ਵੱਲੋਂ ਵਿਧਾਇਕ ਦੇ ਮਕਾਨ ਦੀਆਂ ਕੰਧਾਂ ਅਤੇ ਪਿੰਡ ਵਿੱਚ ਹੋਰ ਕੰਧਾਂ ਉੱਪਰ ਖਾਲਿਸਤਾਨ ਜ਼ਿੰਦਾਬਾਦ, ਰਿਫਰੈਂਡਮ ਜ਼ਿੰਦਾਬਾਦ ਦੇ ਨਾਅਰੇ ਲਿਖਣ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਸਬੰਧੀ ਥਾਣਾ ਮਹਿਲ ਕਲਾਂ ਵਿਖੇ ਮੁਕੱਦਮਾ ਨੰਬਰ 65, 15 ਅਗਸਤ ਨੂੰ ਦਰਜ ਕੀਤਾ ਗਿਆ ਸੀ।
ਉਹਨਾਂ ਦੱਸਿਆ ਕਿ ਇਸ ਵਾਰਦਾਤ ਦੀ ਗੰਭੀਰਤਾ ਨੂੰ ਵੇਖਦੇ ਹੋਏ ਮਾਨਯੋਗ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ‘ਤੇ ਐਸਪੀ ਅਸ਼ੋਕ ਕੁਮਾਰ ਦੀ ਅਗਵਾਈ ਹੇਠ ਇੱਕ ਟੀਮ ਦਾ ਗਠਨ ਕੀਤਾ ਗਿਆ, ਜਿਸ ਨੂੰ ਦੌਰਾਨੇ ਪੜ੍ਹਤਾਲ ਉਸ ਵੇਲੇ ਵੱਡੀ ਸਫ਼ਲਤਾ ਮਿਲੀ ਜਦ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਗੁਰਮੀਤ ਸਿੰਘ ਉਰਫ ਟਾਂਡੀ ਪੁੱਤਰ ਕਰਮਜੀਤ ਸਿੰਘ, ਗੁਰਸੇਵਕ ਸਿੰਘ ਉਰਫ਼ ਮਨੀ ਪੁੱਤਰ ਗੁਰਪ੍ਰੀਤ ਸਿੰਘ ਅਤੇ ਕਿਰਪਾ ਸਿੰਘ ਪੁੱਤਰ ਸੁਖਵੰਤ ਸਿੰਘ ਵਾਸੀਆਨ ਮਹਿਲ ਖੁਰਦ ਨੂੰ ਗ੍ਰਿਫ਼ਤਾਰ ਕੀਤਾ ਗਿਆ। ਦੱਸ ਦੇਈਏ ਕਿ ਪਿੰਡ ਪੰਡੋਰੀ ਅਤੇ ਪਿੰਡ ਮਹਿਲ ਖੁਰਦ ਆਂਢ ਗੁਆਂਢ ਵਿੱਚ ਹੀ ਹਨ। ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਇਹਨਾਂ ਵਿੱਚੋਂ ਗੁਰਮੀਤ ਸਿੰਘ ਅਤੇ ਗੁਰਸੇਵਕ ਸਿੰਘ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਹਨ ਜਦਕਿ ਕਿਰਪਾ ਸਿੰਘ ਜ਼ਿਲ੍ਹਾ ਸੰਗਰੂਰ ਦੇ ਪਿੰਡ ਲੱਡਾ ਵਿਖੇ ਇੱਕ ਗੁਰਦੁਆਰਾ ਸਾਹਿਬ ਵਿਖੇ ਗ੍ਰੰਥੀ ਹੈ। ਐਸਐਸਪੀ ਸ੍ਰੀ ਆਲਮ ਨੇ ਦੱਸਿਆ ਕਿ ਦੋਸ਼ੀਆਂ ਦੀ ਗ੍ਰਿਫਤਾਰੀ ਤੋਂ ਬਾਅਦ ਦੌਰਾਨੇ ਪੜਤਾਲ ਸਾਹਮਣੇ ਆਇਆ ਕਿ ਅਮਰੀਕਾ ਵਿੱਚ ਰਹਿ ਰਹੇ ਸੁਰਿੰਦਰ ਸਿੰਘ ਠੀਕਰੀਵਾਲ ਨੇ ਪੈਸਿਆਂ ਦਾ ਲਾਲਚ ਦੇ ਕੇ ਉਕਤ ਦੋਸ਼ੀਆਂ ਤੋਂ ਇਹ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਵਾਏ ਹਨ, ਜਿਸ ਦੇ ਬਦਲੇ ਵਿੱਚ ਸੁਰਿੰਦਰ ਸਿੰਘ ਠੀਕਰੀਵਾਲ ਵੱਲੋਂ ਉਕਤ ਦੋਸ਼ੀਆਂ ਨੂੰ 20 ਹਜ਼ਾਰ ਰੁਪਏ ਦਿੱਤੇ ਗਏ ਹਨ।
ਐਸਐਸਪੀ ਨੇ ਦੱਸਿਆ ਕਿ ਇਸ ਮੁਕੱਦਮਾ ਵਿੱਚ ਸੁਰਿੰਦਰ ਸਿੰਘ ਠੀਕਰੀਵਾਲ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ ਅਤੇ ਇਸ ਮਾਮਲੇ ਨਾਲ ਸੰਬੰਧਿਤ ਹੋਰ ਸੰਪਰਕਾਂ ਦੀ ਵੀ ਪੜਤਾਲ ਕੀਤੀ ਜਾਵੇਗੀ। ਐਸਐਸਪੀ ਨੇ ਇਹ ਵੀ ਖੁਲਾਸਾ ਕੀਤਾ ਕਿ ਉਕਤ ਦੋਸ਼ੀਆਂ ਨੇ ਵਾਰਦਾਤ ਨੂੰ ਅੰਜਾਮ ਦੇਣ ਵੇਲੇ ਨਿਹੰਗ ਸਿੰਘਾਂ ਦਾ ਬਾਣਾ ਪਹਿਨਿਆ ਹੋਇਆ ਸੀ ਜਦ ਕਿ ਅਸਲੀਅਤ ਵਿੱਚ ਦੋਵੇਂ ਦੋਸ਼ੀ ਨਿਹੰਗ ਨਹੀਂ ਹਨ ਤੇ ਉਹਨਾਂ ਦੇ ਵਾਲ ਕੱਟੇ ਹੋਏ ਹਨ। ਉਹਨਾਂ ਦੱਸਿਆ ਕਿ ਵਾਰਦਾਤ ਤੋਂ ਪਹਿਲਾਂ ਦੋਵੇਂ ਦੋਸ਼ੀ ਗੁਰਮੀਤ ਸਿੰਘ ਅਤੇ ਗੁਰਸੇਵਕ ਸਿੰਘ,ਕਿਰਪਾ ਸਿੰਘ ਕੋਲ ਗੁਰਦੁਆਰਾ ਸਾਹਿਬ ਵਿਖੇ ਰੁਕੇ ਜਿੱਥੋਂ ਕਿਰਪਾ ਸਿੰਘ ਨੇ ਦੋਵਾਂ ਨੂੰ ਨਿਹੰਗ ਸਿੰਘਾਂ ਦਾ ਬਾਣਾ ਚੋਲੇ ਅਤੇ ਦੁਮਾਲੇ ਵਗੈਰਾ ਦਿੱਤੇ ਸਨ। ਪੁਲਿਸ ਨੇ ਦੋਸ਼ੀਆਂ ਕੋਲੋਂ ਵਾਰਦਾਤ ਸਮੇਂ ਵਰਤਿਆ ਗਿਆ ਮੋਟਰਸਾਈਕਲ, ਦੋ ਸਪਰੇਅ ਕੇਨ ਖਾਲੀ, ਇੱਕ ਸਪਰੇ ਕੇਨ ਭਰਿਆ ਹੋਇਆ, ਪੰਜ ਮੋਬਾਈਲ ਫ਼ੋਨ ਅਤੇ ਨਿਹੰਗ ਸਿੰਘਾਂ ਦਾ ਬਾਣਾ ਚੋਲੇ-ਦੁਮਾਲੇ ਵੀ ਬਰਾਮਦ ਕੀਤੇ ਹਨ।







