ਬਰਨਾਲਾ, 31 ਅਗਸਤ (ਨਿਰਮਲ ਸਿੰਘ ਪੰਡੋਰੀ)-
–ਆਮ ਆਦਮੀ ਪਾਰਟੀ ਨੇ 2022 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਸੂਬੇ ਦੇ ਲੋਕਾਂ ਨਾਲ ਭ੍ਰਿਸ਼ਟਾਚਾਰ ਨੂੰ ਪੂਰੀ ਤਰ੍ਹਾਂ ਖ਼ਤਮ ਕਰਨ ਦਾ ਇੱਕ ਵੱਡਾ ਵਾਅਦਾ ਕੀਤਾ ਸੀ ਪ੍ਰੰਤੂ ਸਰਕਾਰ ਦਾ ਸਾਢੇ ਤਿੰਨ ਸਾਲ ਦਾ ਕਾਰਜਕਾਲ ਬੀਤਣ ਦੇ ਬਾਵਜੂਦ ਦੇਖਿਆ ਜਾਵੇ ਤਾਂ ਆਪ ਸਰਕਾਰ ਖੁਦ ਭ੍ਰਿਸ਼ਟਾਚਾਰ ਦੇ ਵੱਡੇ ਦੋਸ਼ਾਂ ਵਿੱਚ ਘਿਰੀ ਹੋਈ ਹੈ। ਜੇਕਰ ਬਰਨਾਲਾ ਜ਼ਿਲ੍ਹੇ ਦੀ ਗੱਲ ਕਰੀਏ ਤਾਂ ਇੱਥੇ ਪਾਰਟੀ ਦੇ ਵੱਡੇ ਆਗੂਆਂ ਵੱਲ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀਆਂ ਉਂਗਲਾਂ ਸਿੱਧੀਆਂ ਹੋ ਰਹੀਆਂ ਹਨ। ਬਰਨਾਲਾ ‘ਚ “ਆਪ” ਦੇ ਵੱਡੇ ਆਗੂਆਂ ‘ਤੇ ਲੱਗ ਰਹੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਇੱਕ ਅਹਿਮ ਪੱਖ ਇਹ ਵੀ ਹੈ ਕਿ ਇਹ ਵਿਰੋਧੀ ਪਾਰਟੀਆਂ ਵੱਲੋਂ ਹੀ ਨਹੀਂ ਸਗੋਂ ਆਪਣਿਆਂ ਵੱਲੋਂ ਹੀ ਲਗਾਏ ਜਾ ਰਹੇ ਹਨ। ਭਾਵੇਂ ਕਿ ਦੋਸ਼ ਲਾਉਣ ਵਾਲਿਆਂ ਦੀ ਵੱਡੇ ਆਗੂਆਂ ਨਾਲ ਅੱਜਕੱਲ੍ਹ ‘ਟੁੱਟਗੀ ਤੜੱਕ ਕਰਕੇ’ ਪਰੰਤੂ ਕਿਸੇ ਵੇਲੇ ਇਹਨਾਂ ਦੀ ‘ਤੇਰੀ ਮੇਰੀ ਇੱਕ ਜਿੰਦੜੀ ਵਾਲੀ ਗੱਲ’ ਸੀ। ਦੱਸ ਦੇਈਏ ਕਿ ਆਪ ਦੇ ਬਾਗ਼ੀ ਆਗੂ ਗੁਰਦੀਪ ਸਿੰਘ ਬਾਠ ਵੱਲੋਂ ਟਰੱਕ ਯੂਨੀਅਨ, ਨਗਰ ਕੌਂਸਲ ਬਰਨਾਲਾ ਤੇ ਨਗਰ ਕੌਂਸਲ ਧਨੌਲਾ ਵਿੱਚ ਲੱਖਾਂ ਕਰੋੜਾਂ ਰੁਪਏ ਦੇ ਭ੍ਰਿਸ਼ਟਾਚਾਰ ਦੇ ਦੋਸ਼ ਲਗਾਉਂਦੇ ਹੋਏ ਮੈਂਬਰ ਪਾਰਲੀਮੈਂਟ ਗੁਰਮੀਤ ਸਿੰਘ ਮੀਤ ਨੂੰ ਇਹਨਾਂ ਦੋਸ਼ਾਂ ‘ਚ ਲਪੇਟਿਆ ਗਿਆ ਹੈ। ਗੁਰਦੀਪ ਸਿੰਘ ਬਾਠ ਵੱਲੋਂ ਬਰਨਾਲਾ ‘ਚ ਵਿਕਾਸ ਕੰਮਾਂ ‘ਚ ਵਰਤੇ ਜਾ ਰਹੇ ਮਾੜੇ ਮੈਟੀਰੀਅਲ ਅਤੇ ਘਪਲਿਆਂ ਸਬੰਧੀ ਹੋਰ ਤੱਥ ਵੀ ਪੇਸ਼ ਕੀਤੇ ਜਾ ਰਹੇ ਹਨ।
ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਸੱਤਾਪਾਵਰ ਹੱਥ ਵਿੱਚ ਆਉਣ ਤੋਂ ਬਾਅਦ ਮੀਤ ਹੇਅਰ ਨੇ ਆਪਣੀ ਛਵੀ ਸਾਫ਼ ਰੱਖਣ ਦੇ ਯਤਨ ਕੀਤੇ ਹਨ ਅਤੇ ਹੁਣ ਵੀ ਮੀਤ ਹੇਅਰ ਵੱਲੋਂ ਇਹ ਦਾਅਵੇ ਕੀਤੇ ਜਾ ਰਹੇ ਹਨ ਕਿ ਉਹ ਹਰ ਮਾਮਲੇ ‘ਚ ਪੂਰੇ ਇਮਾਨਦਾਰ ਹਨ ਪ੍ਰੰਤੂ ਜਿਨਾਂ ਤੱਥਾਂ ਸਮੇਤ ਵਿਰੋਧੀਆਂ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਉਹਨਾਂ ਤੱਥਾਂ ਦੇ ਮੱਦੇਨਜ਼ਰ ਇਹ ਵੇਖਣਯੋਗ ਹੋਵੇਗਾ ਕਿ ਮੀਤ ਹੇਅਰ ਆਪਣੀ ਚਿੱਟੀ ਚਾਦਰ ਨੂੰ ਇਹਨਾਂ ਦੋਸ਼ਾਂ ਦੇ ਦਾਗਾਂ ਤੋਂ ਕਿਵੇਂ ਬਚਾ ਕੇ ਰੱਖਦੇ ਹਨ। ਮੀਤ ਹੇਅਰ ਲਈ ਭ੍ਰਿਸ਼ਟਾਚਾਰ ਦੇ ਦੋਸ਼ਾਂ ਦਾ ਇਹ ਮਾਮਲਾ ਹੋਰ ਵੀ ਪੇਚੀਦਾ ਹੈ ਕਿਉਂਕਿ ਦੋਸ਼ ਸਿਰਫ਼ ਮੀਤ ਹੇਅਰ ‘ਤੇ ਹੀ ਨਹੀਂ ਸਗੋਂ ਉਹਨਾਂ ਦੇ ਹਰ ਵਕਤ ਨਾਲ ਰਹਿਣ ਵਾਲੇ ਉਹਨਾਂ ਦੇ ਪੱਕੇ ਸਾਥੀਆਂ ‘ਤੇ ਵੀ ਦੋਸ਼ ਲੱਗ ਰਹੇ ਹਨ। ਬਰਨਾਲਾ ਜ਼ਿਲ੍ਹੇ ਵਿੱਚ ਪੰਜਾਬ ਦੀ ਮੌਜੂਦਾ ‘ਆਪ’ ਸਰਕਾਰ ਵੱਲੋਂ ਦਿੱਤੀਆਂ ਗਰਾਂਟਾਂ ਵਿੱਚ ਘਪਲੇਬਾਜ਼ੀ ਦੇ ਦੋਸ਼ਾਂ ਦਾ ਇੱਕ ਅਹਿਮ ਪੱਖ ਇਹ ਵੀ ਹੈ ਕਿ ਨਗਰ ਕੌਸਲ ਬਰਨਾਲਾ ਸਮੇਤ ਧਨੌਲਾ ਨਗਰ ਕੌਂਸਲ,ਟਰੱਕ ਯੂਨੀਅਨ ਵਿੱਚ ਭ੍ਰਿਸ਼ਟਾਚਾਰ ਦੇ ਇਹ ਵੱਡੇ ਸੱਪ ਬਾਹਰ ਕੱਢਣ ਲਈ ਸਭ ਤੋਂ ਪਹਿਲਾਂ ਹਲਕਾ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਫਰਵਰੀ 2025 ਵਿੱਚ ਸਿਆਸੀ ਬੀਨ ਵਜਾਉਣੀ ਸ਼ੁਰੂ ਕੀਤੀ ਸੀ। ਵਿਧਾਇਕ ਕਾਲਾ ਢਿੱਲੋਂ ਦੀ ਇਸ ਸਿਆਸੀ ਬੀਨ ਦੀਆਂ ਧੁਨਾਂ ਤੋਂ ਬਾਅਦ ਬਰਨਾਲਾ ਦੇ ਵਿਕਾਸ ਕੰਮਾਂ ਚ ਭ੍ਰਿਸ਼ਟਾਚਾਰ ਦੇ ਵੱਡੇ ਵੱਡੇ ਸੱਪਾਂ ਨੇ ਫ਼ਨ ਚੁੱਕ ਲਏ ਅਤੇ ਇਨ੍ਹਾਂ ਧੁਨਾਂ ਵਿੱਚ ਆਪਣੇ ਵਾਜੇ ਦੀ ਸੁਰਤਾਲ ਮਿਲਾਉਂਦੇ ਹੋਏ ਗੁਰਦੀਪ ਸਿੰਘ ਬਾਠ ਨੇ ਵੀ ਸਮੇਂ ਦੀ ਨਜ਼ਾਕਤ ਨੂੰ ਵੇਖਦੇ ਹੋਏ ਇਹਨਾਂ ਸੱਪਾਂ ਨੂੰ ਦੁੱਧ ਪਿਲਾਉਣਾ ਸ਼ੁਰੂ ਕਰ ਦਿੱਤਾ। ਬਹਰਹਾਲ ! ਬਰਨਾਲਾ ‘ਚ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਇਹ ਖੇਡ ਅਜਿਹੀ ਸਥਿਤੀ ਵਿੱਚ ਪੁੱਜ ਚੁੱਕੀ ਹੈ ਜਿੱਥੇ ਵਿਰੋਧੀਆਂ ਵੱਲੋਂ ਗੋਲ ‘ਤੇ ਗੋਲ ਕੀਤੇ ਜਾ ਰਹੇ ਹਨ ਪ੍ਰੰਤੂ ਸੱਤਾਧਾਰੀਆਂ ਦੀ ਟੀਮ ਬਚਾਅ ਦੀ ਸਥਿਤੀ ਵਿੱਚ ਹੈ।










