ਚੰਡੀਗੜ੍ਹ,3 ਸਤੰਬਰ, Gee98 news service
–ਵਿਧਾਨ ਸਭਾ ਹਲਕਾ ਸਨੌਰ ਤੋਂ ਆਪ ਵਿਧਾਇਕ ਹਰਮੀਤ ਸਿੰਘ ਪਠਾਨਮਾਜਰਾ ਦੇ ਪੁਲਿਸ ਹਿਰਾਸਤ ਵਿੱਚੋਂ ਫਰਾਰ ਹੋਣ ਦਾ ਮਾਮਲਾ ਇੱਕ ਭੇਦ ਬਣਦਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਦੇ ਜ਼ਿਲ੍ਹਾ ਕਰਨਾਲ ਦੇ ਪਿੰਡ ਡਬਰੀ ਵਿੱਚ ਮੰਗਲਵਾਰ ਸਵੇਰੇ ਇੱਕ ਹਾਈ ਵੋਲਟੇਜ ਡਰਾਮੇ ਤਹਿਤ ਪੰਜਾਬ ਪੁਲਿਸ ਨੇ ਵਿਧਾਇਕ ਪਠਾਨਮਾਜਰਾ ਨੂੰ ਗ੍ਰਿਫ਼ਤਾਰ ਕੀਤਾ ਸੀ ਪ੍ਰੰਤੂ ਕੁਝ ਸਮੇਂ ਬਾਅਦ ਹੀ ਇਹ ਖ਼ਬਰ ਸਾਹਮਣੇ ਆਈ ਕਿ ਵਿਧਾਇਕ ਪਠਾਨਮਾਜਰਾ ਪੁਲਿਸ ਹਿਰਾਸਤ ਦੇ ਵਿੱਚੋਂ ਫਰਾਰ ਹੋ ਗਿਆ। ਵਿਧਾਇਕ ਪਠਾਨਮਾਜਰਾ ਦੀ ਫ਼ਰਾਰੀ ਸਬੰਧੀ ਪੰਜਾਬ ਪੁਲਿਸ ਨੇ ਦੋਸ਼ ਵੀ ਲਗਾਏ ਕਿ ਜਦੋਂ ਪੁਲਿਸ ਵਿਧਾਇਕ ਨੂੰ ਗ੍ਰਿਫ਼ਤਾਰ ਕਰਨ ਪਹੁੰਚੀ ਤਾਂ ਪਿੰਡ ਵਾਸੀਆਂ ਨੇ ਪੁਲਿਸ ਤੇ ਪੱਥਰ ਚਲਾਏ ਅਤੇ ਵਿਰੋਧ ਕੀਤਾ ਤਾਂ ਇਸ ਦੌਰਾਨ ਵਿਧਾਇਕ ਪਠਾਨਮਾਜਰਾ ਇੱਕ ਗੱਡੀ ‘ਚ ਫ਼ਰਾਰ ਹੋ ਗਿਆ। ਉਸ ਵੇਲੇ ਪੁਲਿਸ ਨੇ ਮੌਕੇ ਤੋਂ ਇੱਕ ਫਾਰਚੂਨਰ ਗੱਡੀ ਬਰਾਮਦ ਹੋਈ ਵੀ ਦਿਖਾਈ ਜਿਸ ਵਿੱਚੋਂ ਤਿੰਨ ਪਿਸਤੌਲ ਵੀ ਪੁਲਿਸ ਦੀ ਕਹਾਣੀ ਅਨੁਸਾਰ ਮਿਲੇ।
ਪੁਲਿਸ ਦੀ ਇਸ ਕਹਾਣੀ ਤੋਂ ਬਾਅਦ ਇਹ ਪਿੰਡ ਡਬਰੀ ਦੀ ਪੰਚਾਇਤ ਅਤੇ ਪਿੰਡ ਵਾਸੀਆਂ ਨੇ ਮੀਡੀਆ ਸਾਹਮਣੇ ਆ ਕੇ ਕਿਹਾ ਕਿ ਪਿੰਡ ਵਾਲਿਆਂ ਨੇ ਕਿਸੇ ਪੁਲਿਸ ਵਾਲੇ ‘ਤੇ ਕੋਈ ਪੱਥਰ ਨਹੀਂ ਮਾਰਿਆ ਤੇ ਨਾ ਕੋਈ ਵਿਰੋਧ ਕੀਤਾ ਸਗੋਂ ਪੁਲਿਸ ਵਾਲਿਆਂ ਨੇ ਵਿਧਾਇਕ ਦੇ ਘਰ ਰੋਟੀ ਵੀ ਖਾਧੀ, ਚਾਹ ਵੀ ਪੀਤੀ ਅਤੇ ਪੁਲਿਸ ਵਿਧਾਇਕ ਨੂੰ ਗੱਡੀ ਵਿੱਚ ਆਪਣੇ ਨਾਲ ਲੈ ਕੇ ਚਲੀ ਗਈ। ਦੂਜੇ ਪਾਸੇ ਇਸ ਸਬੰਧੀ ਵਿਧਾਇਕ ਪਠਾਨਮਾਜਰਾ ਦੀ ਇੱਕ ਹੋਰ ਵੀਡੀਓ ਕਲਿੱਪ ਵਾਇਰਲ ਹੋ ਰਹੀ ਹੈ ਜਿਸ ਵਿੱਚ ਵਿਧਾਇਕ ਖੁਦ ਇਹ ਦੱਸ ਰਹੇ ਹਨ ਕਿ ਉਹ ਹਰਿਆਣਾ ਦੇ ਪਿੰਡ ਡੱਬਰੀ ਆਪਣੇ ਰਿਸ਼ਤੇਦਾਰ ਦੇ ਘਰ ਰੁਕੇ ਹੋਏ ਸਨ ਜਿੱਥੇ ਪੁਲਿਸ ਨੇ ਰੇਡ ਕੀਤੀ, ਇਸ ਦੌਰਾਨ ਪੁਲਿਸ ਨੇ ਚਾਹ ਪੀਤੀ, ਰੋਟੀ ਖਾਧੀ ਅਤੇ ਉਹ ਮੌਕੇ ਦਾ ਫਾਇਦਾ ਉਠਾਉਂਦੇ ਹੋਏ ਫਰਾਰ ਹੋ ਗਏ। ਵਿਧਾਇਕ ਪਠਾਨਮਾਜਰਾ ਦਾ ਕਹਿਣਾ ਕਿ ਪੁਲਿਸ ਨੇ ਉਹਨਾਂ ਦੀ ਫ਼ਰਾਰੀ ਤੋਂ ਬਾਅਦ ਉਹਨਾਂ ਦੀ ਫਾਰਚੂਨਰ ਗੱਡੀ ‘ਚੋਂ ਤਿੰਨ ਪਿਸਤੌਲ ਬਰਾਮਦ ਹੋਣ ਦੀ ਕਹਾਣੀ ਬਣਾਈ ਅਤੇ ਪਿੰਡ ਵਾਲਿਆਂ ਵੱਲੋਂ ਵਿਰੋਧ ਕੀਤੇ ਜਾਣ ਅਤੇ ਪੁਲਿਸ ਦੇ ਪੱਥਰ ਚਲਾਉਣ ਦੀ ਵੀ ਝੂਠੀ ਕਹਾਣੀ ਬਣਾਈ।
ਵਿਧਾਇਕ ਨੇ ਇਹ ਵੀ ਦੱਸਿਆ ਕਿ ਉਹਨਾਂ ਨੂੰ ਗ੍ਰਿਫ਼ਤਾਰ ਕਰਨ ਲਈ ਕਾਫੀ ਵੱਡੀ ਗਿਣਤੀ ਪੁਲਿਸ ਕਰਮਚਾਰੀ ਪੁੱਜੇ ਸਨ ਜਿਨਾਂ ਵਿੱਚ ਪੰਜਾਬ ਪੁਲਿਸ ਦਾ ਇਨਕਾਊਂਟਰ ਸਪੈਸ਼ਲਿਸ਼ਟ ਡੀਐਸਪੀ ਬਿਕਰਮਜੀਤ ਸਿੰਘ ਬਰਾੜ ਵੀ ਸ਼ਾਮਿਲ ਸੀ। ਵਿਧਾਇਕ ਪਠਾਨਮਾਜਰਾ ਆਪਣੀ ਵੀਡੀਓ ਵਿੱਚ ਕਹਿ ਰਿਹਾ ਹੈ ਕਿ ਉਸ ਨੂੰ ਪਹਿਲਾਂ ਹੀ ਇਹ ਸੂਚਨਾ ਮਿਲ ਚੁੱਕੀ ਸੀ ਕਿ ਪੁਲਿਸ ਉਸਤਦਾ ਇਨਕਾਊਂਟਰ ਕਰੇਗੀ ਜਿਸ ਕਰਕੇ ਉਹ ਮੌਕੇ ਦਾ ਫਾਇਦਾ ਉਠਾ ਕੇ ਫ਼ਰਾਰ ਹੋ ਗਿਆ। ਵਿਧਾਇਕ ਨੇ ਇਹ ਖ਼ਦਸ਼ਾ ਵੀ ਜ਼ਾਹਿਰ ਕੀਤਾ ਕਿ ਪੁਲਿਸ ਹੁਣ ਵੀ ਉਸ ਦਾ ਇਨਕਾਊਂਟਰ ਕਰ ਸਕਦੀ ਹੈ। ਇਸ ਮਾਮਲੇ ਸਬੰਧੀ ਪੰਜਾਬ ਪੁਲਿਸ ਵਿਧਾਇਕ ਪਠਾਨਮਾਜਰਾ ਅਤੇ ਪਿੰਡ ਡਬਰੀ ਦੇ ਪਿੰਡ ਵਾਸੀਆਂ ਦੇ ਦਾਅਵੇ ਨੇ ਲੋਕਾਂ ਨੂੰ ਭੰਬਲਭੂਸੇ ਵਿੱਚ ਪਾ ਦਿੱਤਾ ਹੈ। ਬਹਰਹਾਲ ! ਪੰਜਾਬ ਪੁਲਿਸ ਦੇ ਕਈ ਉੱਚ ਅਧਿਕਾਰੀਆਂ ਦੀ ਅਗਵਾਈ ਹੇਠ ਟੀਮਾਂ ਦਾ ਗਠਨ ਕੀਤਾ ਗਿਆ ਜਿਹੜੀਆਂ ਵਿਧਾਇਕ ਪਠਾਨਮਾਜਰਾ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ। ਵਿਧਾਇਕ ਦੀ ਗ੍ਰਿਫ਼ਤਾਰੀ ਤੇ ਫਰਾਰੀ ਸੰਬੰਧੀ ਸੱਚਾਈ ਭਾਵੇਂ ਕੁਝ ਵੀ ਹੋਵੇ ਪ੍ਰੰਤੂ ਪੰਜਾਬ ਪੁਲਿਸ ਦੇ ਮੁੱਖ ਮੰਤਰੀ ਦੇ ਫੁੱਫੜ ਦੇ ਨਾਲ ਸੰਬੰਧਿਤ ਇਸ ਹਾਈਵੋਲਟੇਜ ਡਰਾਮੇ ‘ਤੇ ਸਭ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ।










