Gee 98News

ਕਈ ਸਾਲ ਤੱਕ ਮਰਜ਼ੀ ਨਾਲ ਬਣਾਏ ਸਬੰਧ,ਜਦੋਂ ਵਿਗੜਗੀ ਫਿਰ ਰੇਪ ਦੇ ਲਗਾਏ ਦੋਸ਼…ਪਰ ਹਾਈ ਕੋਰਟ ਨੇ…!

ਚੰਡੀਗੜ੍ਹ ,10 ਸਤੰਬਰ, Gee98 News service

-ਇੱਕ ਪੜੀ ਲਿਖੀ ਤੇ ਆਜ਼ਾਦ ਔਰਤ ਜੇਕਰ ਕਿਸੇ ਸ਼ਾਦੀਸ਼ੁਦਾ ਮਰਦ ਨਾਲ ਕਈ ਸਾਲ ਤੱਕ ਸੰਬੰਧ ਰੱਖਦੀ ਹੈ ਤੇ ਫਿਰ ਸਬੰਧ ਵਿਗੜਨ ‘ਤੇ ਬਲਾਤਕਾਰ ਦਾ ਦੋਸ਼ ਲਗਾਉਂਦੀ ਹੈ ਤਾਂ ਇਹ ਦੋਸ਼ ਸਹੀ ਨਹੀਂ ਮੰਨੇ ਜਾ ਸਕਦੇ। ਦਿੱਲੀ ਹਾਈਕੋਰਟ ਨੇ ਅਜਿਹੀਆਂ ਕਈ ਹੋਰ ਟਿੱਪਣੀਆਂ ਕਰਦੇ ਹੋਏ ਬਲਾਤਕਾਰ ਦੇ ਦੋਸ਼ੀ ਇੱਕ ਵਿਅਕਤੀ ਦੇ ਖ਼ਿਲਾਫ਼ ਐਫਆਈਆਰ ਰੱਦ ਕਰਨ ਦਾ ਹੁਕਮ ਦਿੱਤਾ ਹੈ, ਜਿਸ ਦੇ ਖ਼ਿਲਾਫ਼ ਸ਼ਿਕਾਇਤਕਰਤਾ ਔਰਤ ਨੇ ਵਿਆਹ ਦਾ ਝਾਂਸਾ ਦੇ ਕੇ ਧੋਖਾਧੜੀ ਅਤੇ ਠੱਗੀ ਮਾਰਨ ਦੇ ਨਾਲ ਨਾਲ ਬਲਾਤਕਾਰ ਦੇ ਦੋਸ਼ ਵੀ ਲਗਾਏ ਸਨ ਤੇ ਪੁਲਿਸ ਨੇ ਉਸ ਦੇ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ। ਸ਼ਿਕਾਇਤਕਰਤਾ ਨੇ ਦੋਸ਼ ਲਗਾਏ ਸਨ ਕਿ ਦੋਸ਼ੀ ਨੇ ਉਸ ਨਾਲ ਵਿਆਹ ਦਾ ਵਾਅਦਾ ਕਰਕੇ ਉਸਦਾ ਕਈ ਵਾਰ ਰੇਪ ਕੀਤਾ ਅਤੇ ਕਿਸੇ ਹੋਰ ਔਰਤ ਨਾਲ ਸ਼ਾਦੀ ਕਰਵਾ ਲਈ। ਮਾਮਲੇ ਦੀ ਸੁਣਵਾਈ ਕਰਦੇ ਹੋਏ ਦਿੱਲੀ ਹਾਈਕੋਰਟ ਦੇ ਜਸਟਿਸ ਸਵਰਨਕਾਂਤਾ ਸ਼ਰਮਾ ਨੇ ਕਿਹਾ ਕਿ “ਸ਼ਿਕਾਇਤਕਰਤਾ ਔਰਤ ਨੂੰ ਪਤਾ ਸੀ ਕਿ ਉਸਨੇ ਕਿਸੇ ਹੋਰ ਨਾਲ ਵਿਆਹ ਕਰਵਾ ਲਿਆ ਹੈ ਫਿਰ ਵੀ ਉਹ ਉਸ ਦੇ ਨਾਲ ਸਵੈ ਇੱਛਾ ਨਾਲ ਰਹੀ ਅਤੇ ਸਰੀਰਕ ਸਬੰਧ ਬਣਾਏ। ਅਜਿਹਾ ਲੰਮਾ ਸਮਾਂ ਚੱਲਦਾ ਰਿਹਾ ਤੇ ਇਹ ਪਰਸਥਿਤੀਆਂ ਸਪੱਸ਼ਟ ਕਰਦੀਆਂ ਹਨ ਕਿ ਦੋਨਾਂ ਪੱਖਾਂ ਵਿੱਚ ਸਬੰਧ ਸਹਿਮਤੀ ਨਾਲ ਸੀ ਅਤੇ ਵਿਆਹ ਦੇ ਝੂਠੇ ਵਾਅਦੇ ਤੋਂ ਪ੍ਰੇਰਿਤ ਨਹੀਂ ਸਨ, ਅਜਿਹੇ ਕੇਸਾਂ ਵਿੱਚ ਔਰਤ ਨੂੰ ਵੀ ਆਪਣੇ ਫੈਸਲਿਆਂ ਦੀ ਜ਼ਿੰਮੇਵਾਰੀ ਲੈਣੀ ਚਾਹੀਦੀ ਹੈ।

                                                                    ਮਾਮਲੇ ਦੀ ਸੁਣਵਾਈ ਦੌਰਾਨ ਜਸਟਿਸ ਸਵਰਨਕਾਂਤਾ ਸ਼ਰਮਾ ਨੇ ਟਿੱਪਣੀ ਕੀਤੀ ਕਿ “ਕਿਸੇ ‘ਤੇ ਬਲਾਤਕਾਰ ਦਾ ਦੋਸ਼ ਸਿਰਫ਼ ਇਸ ਲਈ ਨਹੀਂ ਰਹਿ ਜਾ ਸਕਦਾ ਕਿਉਂਕਿ ਸਬੰਧਾਂ ਦਾ ਨਤੀਜਾ ਉਹੋ ਜਿਹਾ ਨਹੀਂ ਨਿਕਲਿਆ ਜਿਹੋ ਜਿਹਾ ਇੱਕ ਪੱਖ ਚਾਹੁੰਦਾ ਸੀ। ਜਸਟਿਸ ਸ਼ਰਮਾ ਨੇ ਕਿਹਾ ਕਿ ਨਿਆਂ ਪ੍ਰਣਾਲੀ ਬਲਾਤਕਾਰ ਦੇ ਮਾਮਲਿਆਂ ਨਾਲ ਜੁੜੇ ਕੇਸਾਂ ਦੇ ਬੋਝ ਥੱਲੇ ਦੱਬੀ ਜਾ ਰਹੀ ਹੈ। ਅਕਸਰ ਲੰਬੇ ਸਮੇਂ ਤੱਕ ਸਹਿਮਤੀ ਨਾਲ ਸਬੰਧ ਬਣਾਉਣ ਤੋਂ ਬਾਅਦ ਵੀ ਸ਼ਾਦੀ ਦੇ ਝੂਠੇ ਵਾਅਦੇ ਦੇ ਆਧਾਰ ‘ਤੇ ਬਲਾਤਕਾਰ ਦੇ ਦੋਸ਼ ਲਗਾਏ ਜਾਂਦੇ ਹਨ। ਜਸਟਿਸ ਨੇ ਕਿਹਾ ਕਿ ਅਦਾਲਤਾਂ ਵਿੱਚ ਕਈ ਅਜਿਹੇ ਮਾਮਲੇ ਆਉਂਦੇ ਹਨ ਜਿੱਥੇ ਜਾਣਕਾਰੀ ਦੇ ਬਾਵਜੂਦ ਵੀ ਲੋਕ ਸਵੈ ਇੱਛਾ ਨਾਲ ਲੰਬੇ ਸਮੇਂ ਤੱਕ ਸਰੀਰਕ ਸਬੰਧ ਪਾਉਂਦੇ ਹਨ ਅਤੇ ਅੰਤ ਵਿੱਚ ਤਾਲਮੇਲ ਦੀ ਕਮੀ ਜਾਂ ਕਿਸੇ ਹੋਰ ਕਾਰਨ ਕਰਕੇ ਜਦੋਂ ਸੰਬੰਧ ਟੁੱਟ ਜਾਂਦੇ ਹਨ ਤਾਂ ਬਲਾਤਕਾਰ ਦੇ ਦੋਸ਼ ਲਗਾਏ ਜਾਂਦੇ ਹਨ। ਅਦਾਲਤ ਨੇ ਕਿਹਾ ਕਿ ਬਲਾਤਕਾਰ ਦੇ ਖ਼ਿਲਾਫ਼ ਕਾਨੂੰਨ ਦਾ ਮਕਸਦ ਮਹਿਲਾਵਾਂ ਦੀ ਸਰੀਰਕ ਅਖੰਡਤਾ ਤੇ ਸਵੈ ਅਭਿਮਾਨਤਾ ਦੀ ਰੱਖਿਆ ਕਰਨਾ ਤੇ ਉਹਨਾਂ ਲੋਕਾਂ ਨੂੰ ਸਜ਼ਾ ਦੇਣਾ ਹੈ ਜੋ ਬਲਪੂਰਵਕ ਜਾਂ ਧੋਖੇ ਨਾਲ ਔਰਤ ਦਾ ਸ਼ੋਸ਼ਣ ਕਰਦੇ ਹਨ।

Gee98 Ads
error: Content is protected !!