ਚੰਡੀਗੜ੍ਹ,10 ਸਤੰਬਰ, Gee98 news service-
-ਆਮ ਆਦਮੀ ਪਾਰਟੀ ਦੇ ਹਲਕਾ ਖਡੂਰ ਸਾਹਿਬ ਤੋਂ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਨੂੰ ਅਦਾਲਤ ਨੇ ਇੱਕ ਲੜਕੀ ਦੀ ਕੁੱਟਮਾਰ ਅਤੇ ਛੇੜਛਾੜ ਦੇ ਦੋਸ਼ਾਂ ਤਹਿਤ ਦੋਸ਼ੀ ਠਹਿਰਾਇਆ ਹੈ। ਅੱਜ ਅਦਾਲਤੀ ਕਾਰਵਾਈ ਦੌਰਾਨ ਵਿਧਾਇਕ ਲਾਲਪੁਰਾ ਨੂੰ ਦੋਸ਼ੀ ਠਹਿਰਾਏ ਜਾਣ ਤੋਂ ਬਾਅਦ ਪੁਲਿਸ ਨੇ ਉਹਨਾਂ ਨੂੰ ਮੌਕੇ ਤੇ ਹੀ ਗ੍ਰਿਫ਼ਤਾਰ ਕਰ ਲਿਆ। ਹੁਣ ਅਦਾਲਤ ਵੱਲੋਂ 12 ਸਤੰਬਰ ਨੂੰ ਮਨਜਿੰਦਰ ਸਿੰਘ ਲਾਲਪੁਰਾ ਨੂੰ ਸਜ਼ਾ ਸੁਣਾਈ ਜਾਵੇਗੀ। ਕਾਨੂੰਨੀ ਮਾਹਿਰਾਂ ਅਨੁਸਾਰ ਇਸ ਮਾਮਲੇ ‘ਚ ਮਨਜਿੰਦਰ ਸਿੰਘ ਲਾਲਪੁਰਾ ਨੂੰ ਇੱਕ ਸਾਲ ਤੋਂ ਲੈ ਕੇ ਪੰਜ ਸਾਲ ਤੱਕ ਦੀ ਸਜ਼ਾ ਹੋ ਸਕਦੀ ਹੈ, ਹਾਲਾਂਕਿ ਇਹ ਅਦਾਲਤ ‘ਤੇ ਨਿਰਭਰ ਕਰਦਾ ਹੈ ਕਿ ਉਹਨਾਂ ਨੂੰ ਕਿੰਨੀ ਸਜ਼ਾ ਸੁਣਾਈ ਜਾਂਦੀ ਹੈ। ਜੇਕਰ ਵਿਧਾਇਕ ਲਾਲਪੁਰਾ ਨੂੰ ਦੋ ਸਾਲ ਤੋਂ ਘੱਟ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਹ ਜ਼ਮਾਨਤ ਲੈ ਸਕਦੇ ਹਨ ਜੇਕਰ ਦੋ ਸਾਲ ਤੋਂ ਵੱਧ ਸਜ਼ਾ ਸੁਣਾਈ ਜਾਂਦੀ ਹੈ ਤਾਂ ਉਹਨਾਂ ਨੂੰ ਜੇਲ੍ਹ ਜਾਣਾ ਪਵੇਗਾ। ਇਸ ਤੋਂ ਇਲਾਵਾ ਵਿਧਾਇਕ ਦੇ ਕੋਲ ਅਦਾਲਤ ਦੀ ਇਸ ਫੈਸਲੇ ਦੇ ਖ਼ਿਲਾਫ਼ ਅਪੀਲ ਕਰਨ ਦੀ ਆਪਸ਼ਨ ਵੀ ਹੈ।
ਜ਼ਿਕਰਯੋਗ ਹੈ ਕਿ 3 ਮਾਰਚ 2013 ਨੂੰ ਤਰਨਤਾਰਨ ਦੇ ਉਸਮਾਂ ਪਿੰਡ ਦੀ ਇੱਕ ਦਲਿਤ ਲੜਕੀ ਹਰਬਿੰਦਰ ਕੌਰ ਉਸਮਾਂ ਆਪਣੇ ਪਰਿਵਾਰ ਨਾਲ ਗੋਇੰਦਵਾਲ ਬਾਈਪਾਸ ‘ਤੇ ਇੱਕ ਵਿਆਹ ਸਮਾਗਮ ਵਿੱਚ ਪਹੁੰਚੀ ਸੀ। ਉੱਥੇ ਕੁਝ ਟੈਕਸੀ ਡਰਾਈਵਰਾਂ ਨੇ ਹਰਬਿੰਦਰ ਕੌਰ ਨਾਲ ਛੇੜਛਾੜ ਕੀਤੀ। ਉਨ੍ਹਾਂ ਵਿੱਚ ਖਡੂਰ ਸਾਹਿਬ ਦੇ ਮੌਜੂਦਾ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਵੀ ਸ਼ਾਮਲ ਸਨ, ਜੋ ਉਸ ਵੇਲੇ ਟੈਕਸੀ ਡਰਾਈਵਰ ਸਨ। ਪੀੜ੍ਹਤ ਲੜਕੀ ਨੇ ਪੁਲਿਸ ਨੂੰ ਫ਼ੋਨ ਕੀਤਾ ਅਤੇ ਜਦੋਂ ਸਥਾਨਕ ਪੁਲਿਸ ਮੌਕੇ ‘ਤੇ ਪਹੁੰਚੀ ਤਾਂ ਹਰਬਿੰਦਰ ਕੌਰ ਨੂੰ ਸੜਕ ਦੇ ਵਿਚਕਾਰ ਕੁੱਟਿਆ ਗਿਆ। ਹਰਬਿੰਦਰ ਕੌਰ ਦੇ ਚਚੇਰੇ ਭਰਾ ਜਗਜੀਤ ਸਿੰਘ ਨੇ ਹਮਲੇ ਦੀ ਵੀਡੀਓ ਬਣਾਈ ਸੀ। ਇਹ ਮਾਮਲਾ ਸੜਕ ਤੋਂ ਸੰਸਦ ਤੱਕ ਗੂੰਜਿਆ ਸੀ। ਫਿਰ ਐਸਸੀ ਅਤੇ ਮਹਿਲਾ ਕਮਿਸ਼ਨ ਨੇ ਵੀ ਇਸਦਾ ਨੋਟਿਸ ਲਿਆ। 2013 ਦੇ ਇਸ ਮਾਮਲੇ ਵਿੱਚ ਸਿਟੀ ਪੁਲਿਸ ਸਟੇਸ਼ਨ ਤਰਨਤਾਰਨ ਵਿੱਚ ਮਨਜਿੰਦਰ ਸਿੰਘ ਲਾਲਪੁਰਾ ਸਮੇਤ 11 ਲੋਕਾਂ ਅਤੇ ਸੱਤ ਪੁਲਿਸ ਮੁਲਾਜ਼ਮਾਂ ਵਿਰੁੱਧ ਛੇੜਛਾੜ, ਐਸਸੀ ਐਕਟ ਅਤੇ ਹਮਲੇ ਦੀਆਂ ਧਾਰਾਵਾਂ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। ਜਿਵੇਂ ਹੀ ਇਹ ਵੀਡੀਓ ਮੀਡੀਆ ਤੱਕ ਪਹੁੰਚਿਆ, ਮਾਮਲਾ ਦੇਸ਼ ਭਰ ਵਿੱਚ ਤੇਜ਼ ਹੋ ਗਿਆ। ਜਿਸ ਦੌਰਾਨ ਸੁਪਰੀਮ ਕੋਰਟ ਨੇ ਮਾਮਲੇ ਦਾ ਨੋਟਿਸ ਲੈਂਦੇ ਹੋਏ ਪੀੜ੍ਹਤ ਪਰਿਵਾਰ ਨੂੰ ਸੁਰੱਖਿਆ ਪ੍ਰਦਾਨ ਕਰਨ ਦੇ ਹੁਕਮ ਦਿੱਤੇ। ਦੋਸ਼ੀ ਟੈਕਸੀ ਡਰਾਈਵਰਾਂ ਵਿੱਚੋਂ ਮਨਜਿੰਦਰ ਸਿੰਘ ਲਾਲਪੁਰਾ 2022 ਵਿੱਚ ਖਡੂਰ ਸਾਹਿਬ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਚੁਣੇ ਗਏ ਸਨ। ਮਾਹਾਰਾ ਅਨੁਸਾਰ ਵਿਧਾਇਕ ਮਨਜਿੰਦਰ ਸਿੰਘ ਲਾਲਪੁਰਾ ਦੀ ਵਿਧਾਨ ਸਭਾ ਦੀ ਮੈਂਬਰੀ ਵੀ ਖ਼ਤਰੇ ਵਿੱਚ ਪੈ ਸਕਦੀ ਹੈ।










