ਚੰਡੀਗੜ੍ਹ,13 ਸਤੰਬਰ, Gee98 news service
-ਪੰਜਾਬ ‘ਚ ਹੜ੍ਹਾਂ ਦੇ ਕਾਰਨ ਹੋਏ ਨੁਕਸਾਨ ਦੀ ਪੂਰਤੀ ਲਈ ਪ੍ਰਧਾਨ ਮੰਤਰੀ ਵੱਲੋਂ ਦਿੱਤੀ ਰਾਹਤ ਰਾਸ਼ੀ ਸਬੰਧੀ ਪੰਜਾਬ ਦੇ ਦੋ ਨੌਜਵਾਨਾਂ ਦੀ ਕਿਸੇ ਤੀਜੇ ਵਿਅਕਤੀ ਨਾਲ ਬਹਿਸਬਾਜ਼ੀ ਦੌਰਾਨ ਪੰਜਾਬ ਦੇ ਨੌਜਵਾਨਾਂ ਨੂੰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਉਣ ਦੇ ਦੋਸ਼ਾਂ ਤਹਿਤ ਪੁਲਿਸ ਨੇ ਉਹਨਾਂ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜ ਦਿੱਤਾ। ਇਹ ਮਾਮਲਾ ਮੱਧ ਪ੍ਰਦੇਸ਼ ਦੇ ਧਾਰ ‘ਚ ਕੁਕਸੀ ਖੇਤਰ ਨਾਲ ਸੰਬੰਧਿਤ ਇੱਕ ਢਾਬੇ ‘ਤੇ ਵਾਪਰੀ ਘਟਨਾ ਨਾਲ ਸਬੰਧਿਤ ਹੈ ਜਿੱਥੇ ਪੰਜਾਬ ਦੇ ਦੋ ਟਰੱਕ ਡਰਾਈਵਰ ਖਾਣਾ ਖਾਣ ਲਈ ਰੁਕੇ ਸਨ। ਇਹ ਦੋਵੇਂ ਟਰੱਕ ਚਾਲਕ ਸੀਮੈਂਟ ਦੀ ਢੋਆ-ਢੁਆਈ ਕਰਨ ਵਾਲੇ ਬਲਕਰ ਵਾਹਨ ਲੈ ਕੇ ਗੁਜਰਾਤ ਜਾ ਰਹੇ ਸਨ। ਢਾਬੇ ‘ਤੇ ਖਾਣਾ ਖਾਣ ਸਮੇਂ ਦੋਵੇਂ ਪੰਜਾਬ ਵਿਚ ਆਏ ਹੜ੍ਹਾਂ ਸਬੰਧੀ ਕੇਂਦਰ ਦੀ ਮਦਦ ਬਾਰੇ ਗੱਲ ਕਰ ਰਹੇ ਸਨ। ਉਨ੍ਹਾਂ ਦਾ ਕਹਿਣਾ ਸੀ ਕਿ ਭਾਰਤ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ ਜਦਕਿ ਪਾਕਿਸਤਾਨ ਤੋਂ ਦਲੀਆ, ਦੁੱਧ ਤੇ ਰਾਸ਼ਨ ਵਰਗੀ ਸਮੱਗਰੀ ਮਿਲੀ।
ਜਦੋਂ ਉਨਾਂ ਦੀ ਇਹ ਗੱਲਬਾਤ ਇੱਕ ਹੋਰ ਸਥਾਨਕ ਨੌਜਵਾਨ ਪਵਨ ਗਹਿਲੋਤ ਵਾਸੀ ਸਿਰਵੀ ਮੁਹੱਲਾ ਪਿੰਡ ਆਲੀ ਨੇ ਸੁਣੀ ਤਾਂ ਪਵਨ ਗਹਿਲੋਤ ਨੇ ਦੋਵੇਂ ਟਰੱਕ ਚਾਲਕਾਂ ਦੇ ਨਜ਼ਰੀਏ ਦਾ ਵਿਰੋਧ ਕਰਦੇ ਹੋਏ ਕਿਹਾ ਕਿ ਕੇਂਦਰੀ ਮੰਤਰੀ ਤੇ ਭਾਰਤ ਸਰਕਾਰ ਦੇ ਪ੍ਰਤੀਨਿਧੀ ਮਦਦ ਲਈ ਪਹੁੰਚੇ ਸਨ। ਇਸ ਤਰਾਂ ਦੋਵੇਂ ਪੰਜਾਬ ਦੇ ਟਰੱਕ ਚਾਲਕਾਂ ਦੀ ਪਵਨ ਗਹਿਲੋਤ ਨਾਲ ਬਹਿਸਬਾਜ਼ੀ ਸ਼ੁਰੂ ਹੋ ਗਈ ਤਾਂ ਪਵਨ ਗਹਿਲੋਤ ਨੇ ਮੌਕੇ ‘ਤੇ ਪੁਲਿਸ ਨੂੰ ਬੁਲਾਇਆ ਅਤੇ ਸ਼ਿਕਾਇਤ ਕੀਤੀ ਕਿ ਦੋਵਾਂ ਨੌਜਵਾਨਾਂ ਨੇ ਗੁੱਸੇ ਵਿਚ ਆ ਕੇ ਉਸ ਨੂੰ ਗਾਲ੍ਹਾਂ ਕੱਢੀਆਂ, ਜਾਨੋਂ ਮਾਰਨ ਦੀ ਧਮਕੀ ਦਿੱਤੀ ਤੇ ਪਾਕਿਸਤਾਨ ਜ਼ਿੰਦਾਬਾਦ, ਭਾਰਤ ਮੁਰਦਾਬਾਦ ਅਤੇ ਖ਼ਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਗਾਏ। ਪੁਲਿਸ ਨੇ ਇਸ ਸ਼ਿਕਾਇਤ ‘ਤੇ BNS ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ। ਪੁਲਿਸ ਨੇ ਇਹਨਾਂ ਦੋਵੇਂ ਨੌਜਵਾਨਾਂ ਦੀ ਪਹਿਚਾਣ ਗੁਰਪ੍ਰੀਤ ਸਿੰਘ ਵਾਸੀ ਪਾਰਸੀਖੁਰਦ, ਜ਼ਿਲ੍ਹਾ ਫਤਹਿਗੜ੍ਹ ਸਾਹਿਬ ਅਤੇ ਜੁਗਰਾਜ ਸਿੰਘ ਵਾਸੀ ਸ਼ਾਹਪੁਰ-ਗੌਰੇਆ, ਜ਼ਿਲ੍ਹਾ ਗੁਰਦਾਸਪੁਰ (ਪੰਜਾਬ) ਵਜੋਂ ਦੱਸੀ ਹੈ।










