Gee 98News

ਤਲਵੰਡੀ ਧਾਮ ਦੇ ਫ਼ਰਾਰ ਸਵਾਮੀ ਸ਼ੰਕਰਾਨੰਦ ਨੂੰ ਹਾਈ ਕੋਰਟ ਤੋਂ ਅਜੇ ਤੱਕ ਨਹੀਂ ਮਿਲੀ ਜ਼ਮਾਨਤ

ਚੰਡੀਗੜ੍ਹ,20 ਸਤੰਬਰ, Gee98 news service-

-ਲੁਧਿਆਣਾ ਜ਼ਿਲ੍ਹੇ ਦੇ ਮੁੱਲਾਂਪੁਰ ਨੇੜੇ ਤਲਵੰਡੀ ਧਾਮ ਦੇ ਸਵਾਮੀ ਸ਼ੰਕਰਾਨੰਦ ਨੂੰ ਅਸ਼ਲੀਲ ਵੀਡੀਓ ਵਾਇਰਲ ਮਾਮਲੇ ‘ਚ ਦਰਜ ਮੁਕੱਦਮੇ ‘ਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਨੇ ਅਜੇ ਜ਼ਮਾਨਤ ਨਹੀਂ ਦਿੱਤੀ। ਹਾਈਕੋਰਟ ਨੇ ਸ਼ੰਕਰਾਨੰਦ ਦੀ ਜ਼ਮਾਨਤ ਅਰਜ਼ੀ ‘ਤੇ ਦੋਵਾਂ ਧਿਰਾਂ ਦੇ ਵਕੀਲਾਂ ਦੀਆਂ ਦਲੀਲਾਂ ਸੁਣਨ ਤੋਂ ਬਾਅਦ ਅਗਲੀ ਸੁਣਵਾਈ 24 ਸਤੰਬਰ ਤੱਕ ਪਾ ਦਿੱਤੀ। ਹਾਈ ਕੋਰਟ ਵਿੱਚ ਜ਼ਮਾਨਤ ਅਰਜੀ ਦਾਇਰ ਕਰਨ ਤੋਂ ਬਾਅਦ ਇਸ ਮਾਮਲੇ ਦੀਆਂ ਹੁਣ ਤੱਕ 8 ਤਾਰੀਕਾਂ ਪੈ ਚੁੱਕੀਆਂ ਹਨ ਪ੍ਰੰਤੂ ਹਾਈ ਕੋਰਟ ਨੇ ਅਜੇ ਤੱਕ ਸਵਾਮੀ ਸ਼ੰਕਰਾਨੰਦ ਨੂੰ ਜ਼ਮਾਨਤ ਦੇਣ ਸਬੰਧੀ ਕੋਈ ਫੈਸਲਾ ਨਹੀਂ ਸੁਣਾਇਆ।

                            ਵਰਣਨਯੋਗ ਹੈ ਕਿ ਤਲਵੰਡੀ ਧਾਮ ਦੇ ਸਵਾਮੀ ਸ਼ੰਕਰਾਨੰਦ ਦੀ ਜੂਨ ਮਹੀਨੇ ਵਿਚ ਇੱਕ ਮਹਿਲਾ ਨਾਲ ਇਤਰਾਜ਼ਯੋਗ ਹਾਲਤ ਵਿਚ ਅਸ਼ਲੀਲ ਵੀਡੀਓ ਵਾਇਰਲ ਹੋਈ ਸੀ। ਜਿਸ ਤੋਂ ਬਾਅਦ ਧਾਮ ਦੇ ਆਲੇ ਦੁਆਲੇ ਪਿੰਡਾਂ ਦੀਆਂ ਪੰਚਾਇਤਾਂ ਸਮੇਤ ਹੋਰ ਲੋਕਾਂ ਨੇ ਇਹ ਮੁੱਦਾ ਚੁੱਕਿਆ ਅਤੇ ਥਾਣਾ ਮੁੱਲਾਂਪੁਰ ਦਾਖਾ ਦੀ ਪੁਲਿਸ ਨੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੀ ਧਾਰਾਵਾਂ ਤਹਿਤ ਉਸ ਖ਼ਿਲਾਫ਼ 14 ਜੂਨ ਨੂੰ ਮੁਕੱਦਮਾ ਦਰਜ ਕੀਤਾ ਸੀ। ਆਪਣੇ ਖ਼ਿਲਾਫ਼ ਇਹ ਮੁਕੱਦਮਾ ਦਰਜ ਹੋਣ ਤੋਂ ਪਹਿਲਾਂ ਹੀ ਸਵਾਮੀ ਸ਼ੰਕਰਾਨੰਦ ਧਾਮ ਤੋਂ ਫਰਾਰ ਹੋ ਗਿਆ ਸੀ ਅਤੇ ਅਜੇ ਤੱਕ ਉਹ ਪੁਲਿਸ ਦੀ ਪਕੜ ਤੋਂ ਬਾਹਰ ਹੈ। ਉਸ ਵੱਲੋਂ ਲੁਧਿਆਣਾ ਅਦਾਲਤ ਵਿਚ ਜ਼ਮਾਨਤ ਅਰਜ਼ੀ ਲਗਾਈ ਗਈ ਸੀ। ਜਿਸ ਨੂੰ ਅਦਾਲਤ ਵੱਲੋਂ ਰੱਦ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸ਼ੰਕਰਾਨੰਦ ਵੱਲੋਂ ਹਾਈਕੋਰਟ ਵਿਚ ਜ਼ਮਾਨਤ ਲਗਾਈ ਗਈ।

Gee98 Ads
error: Content is protected !!