ਚੰਡੀਗੜ੍ਹ, 22 ਸਤੰਬਰ, Gee98 News service-
-ਪੰਜਾਬ ਸਰਕਾਰ ਵੱਲੋਂ 2 ਅਕਤੂਬਰ ਨੂੰ ਸ਼ੁਰੂ ਕੀਤੀ ਜਾਣ ਵਾਲੀ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਮਿਥੇ ਸਮੇਂ ‘ਤੇ ਭਾਵ 2 ਅਕਤੂਬਰ ਨੂੰ ਸ਼ੁਰੂ ਨਹੀਂ ਹੋਵੇਗੀ ਕਿਉਂਕਿ ਸਰਕਾਰ ਨੇ ਇਸ ਮਾਮਲੇ ਵਿੱਚ ਲੋੜੀਂਦੀ ਮੁੱਢਲੀ ਕਾਰਵਾਈ ਵੀ ਨਹੀਂ ਪੂਰੀ ਕੀਤੀ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਬੜੇ ਜੋਸ਼ੋ ਖਰੋਸ਼ ਦੇ ਨਾਲ ਇਹ ਐਲਾਨ ਕੀਤਾ ਸੀ ਕਿ ਪੰਜਾਬ ਸਰਕਾਰ ਸੂਬੇ ਦੇ ਸਾਰੇ ਪਰਿਵਾਰਾਂ ਨੂੰ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਤਹਿਤ 10 ਲੱਖ ਰੁਪਏ ਤੱਕ ਦਾ ਮੁਫ਼ਤ ਇਲਾਜ ਦੇਵੇਗੀ ਜਿਸ ਤਹਿਤ ਪੰਜਾਬ ਦੇ ਸਰਕਾਰੀ ਹਸਪਤਾਲਾਂ ਦੇ ਨਾਲ ਨਾਲ ਸੂਬੇ ਦੇ ਚੋਟੀ ਦੇ ਪ੍ਰਾਈਵੇਟ ਹਸਪਤਾਲ ਵੀ ਪੈਨਲ ਵਿੱਚ ਸ਼ਾਮਿਲ ਕੀਤੇ ਜਾਣਗੇ। ਮੁੱਖ ਮੰਤਰੀ ਦੇ ਇਸ ਐਲਾਨ ਤੋਂ ਬਾਅਦ ਪੰਜਾਬ ਸਰਕਾਰ ਨੇ ਇਸ ਦੇ ਪ੍ਰਚਾਰ ਲਈ ਸੂਬੇ ‘ਚ ਵੱਡੇ ਵੱਡੇ ਹੋਰਡਿੰਗ ਲਗਾਏ ਜਿਨਾਂ ‘ਤੇ ਕਰੋੜਾਂ ਰੁਪਏ ਖਰਚ ਕਰ ਦਿੱਤਾ ਗਿਆ ਪ੍ਰੰਤੂ “ਚੁੱਕਿਆ ਪਹਾੜ ਤੇ ਨਿਕਲਿਆ ਚੂਹਾ” ਦੀ ਕਹਾਵਤ ਦੇ ਵਾਂਗ ਵੱਡੇ ਵੱਡੇ ਬੋਰਡ ਲਗਾ ਕੇ ਖਰਚ ਕੀਤਾ ਕਰੋੜਾਂ ਰੁਪਏ ਬੇਕਾਰ ਚਲਿਆ ਗਿਆ ਅਤੇ ਹੁਣ ਇਸ ਸਕੀਮ ਤਹਿਤ 2 ਅਕਤੂਬਰ ਤੋਂ 10 ਲੱਖ ਰੁਪਏ ਦਾ ਮੁਫ਼ਤ ਇਲਾਜ ਲੋਕਾਂ ਨੂੰ ਨਹੀਂ ਮਿਲਣ ਲੱਗੇਗਾ।
ਸੂਤਰਾਂ ਅਨੁਸਾਰ ਸਰਕਾਰ ਨੇ ਇਸ ਸਿਹਤ ਬੀਮਾ ਯੋਜਨਾ ਦਾ ਐਲਾਨ ਤਾਂ ਕਰ ਦਿੱਤਾ ਪ੍ਰੰਤੂ ਇਸ ਲਈ ਟੈਂਡਰ ਪ੍ਰਕਿਰਿਆ ਸ਼ੁਰੂ ਕਰਨ ਬਾਰੇ ਕੋਈ ਕਾਰਵਾਈ ਹੀ ਨਹੀਂ ਕੀਤੀ। ਜ਼ਿਕਰਯੋਗ ਹੈ ਕਿ ਸੂਬੇ ‘ਚ ਪਹਿਲਾਂ ਹੀ ਕੇਂਦਰ ਸਰਕਾਰ ਦੀ ਆਯੂਸ਼ਮਾਨ ਸਿਹਤ ਬੀਮਾ ਯੋਜਨਾ ਤਹਿਤ 5 ਲੱਖ ਰੁਪਏ ਤੱਕ ਦਾ ਇਲਾਜ ਸੂਬੇ ਦੇ 45 ਲੱਖ ਪਰਿਵਾਰਾਂ ਨੂੰ ਮੁਫ਼ਤ ਦਿੱਤਾ ਜਾ ਰਿਹਾ ਹੈ ਪ੍ਰੰਤੂ ਇਸ ਦੇ ਨਾਲ ਹੀ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਚਲਾ ਕੇ ਇਹ ਮੁਫ਼ਤ ਇਲਾਜ ਦੀ ਰਾਸ਼ੀ 5 ਲੱਖ ਤੋਂ ਵਧਾ ਕੇ 10 ਲੱਖ ਰੁਪਏ ਕਰਨ ਦਾ ਐਲਾਨ ਕੀਤਾ ਸੀ ਅਤੇ ਸੂਬੇ ਦੇ ਸਾਰੇ ਲੱਗਭੱਗ 65 ਲੱਖ ਪਰਿਵਾਰਾਂ ਨੂੰ ਇਹ ਸਹੂਲਤ ਦੇਣ ਦੀ ਗੱਲ ਕੀਤੀ ਸੀ, ਹਾਲਾਂਕਿ ਪੰਜਾਬ ਸਰਕਾਰ ਨੇ 2025-26 ਦਾ ਬਜਟ ਪੇਸ਼ ਕਰਨ ਮੌਕੇ ਇਸ ਸਕੀਮ ਲਈ 778 ਕਰੋੜ ਰੁਪਏ ਵੀ ਰੱਖੇ ਸਨ ਪ੍ਰੰਤੂ ਸਕੀਮ ਸ਼ੁਰੂ ਕਰਨ ਲਈ “ਪੂਣੀ ਵੀ ਨਹੀਂ ਕੱਤੀ” ਅਤੇ ਸਿਰਫ਼ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਵੱਡੀਆਂ ਵੱਡੀਆਂ ਫੋਟੋਆਂ ਵਾਲੇ ਵੱਡੇ ਵੱਡੇ ਬੋਰਡ ਲਗਾਉਣ ‘ਤੇ ਹੀ ਕਰੋੜਾਂ ਰੁਪਏ ਦਾ ਖਰਚਾ ਕਰ ਦਿੱਤਾ ਗਿਆ। ਇਸ ਸਕੀਮ ਦੇ ਸ਼ੁਰੂ ਹੋਣ ਵਿੱਚ ਦੇਰੀ ਸਬੰਧੀ ਸੂਬੇ ਦੇ ਸਿਹਤ ਮੰਤਰੀ ਨੇ ਤਰਕ ਦਿੰਦੇ ਹੋਏ ਕਿਹਾ ਕਿ ਸਰਕਾਰ ਹੜਾਂ ਤੋਂ ਪ੍ਰਭਾਵਿਤ ਲੋਕਾਂ ਦੇ ਮੁੜ ਵਸੇਬੇ ਦੇ ਕੰਮ ਵਿੱਚ ਰੁੱਝ ਗਈ ਇਸ ਲਈ ਇਹ ਸਕੀਮ ਲੇਟ ਹੋ ਗਈ ਜਦਕਿ ਸੂਬੇ ‘ਚ ਹੜ੍ਹ ਅਗਸਤ ਮਹੀਨੇ ‘ਚ ਆਏ ਹਨ ਅਤੇ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਸਬੰਧੀ ਬਜਟ ਪਾਸ ਹੋਏ ਨੂੰ ਕਈ ਮਹੀਨੇ ਹੋ ਗਏ ਤੇ ਇਸ ਸਕੀਮ ਦਾ ਐਲਾਨ ਵੀ ਅਗਸਤ ਮਹੀਨੇ ਤੋਂ ਮੁੱਖ ਮੰਤਰੀ ਨੇ ਪਹਿਲਾਂ ਕਰ ਦਿੱਤਾ ਸੀ।
ਹੁਣ ਵੇਖਣਾ ਹੋਵੇਗਾ ਕਿ ਸਰਕਾਰ ਇਹ ਸਕੀਮ ਸ਼ੁਰੂ ਕਰ ਵੀ ਸਕੇਗੀ ਜਾਂ ਫਿਰ ਬਾਕੀ ਐਲਾਨਾਂ ਦੇ ਵਾਂਗ ਇਹ ਸਿਰਫ਼ ਐਲਾਨ ਹੀ ਰਹਿ ਜਾਵੇਗਾ। ਇਸ ਮਾਮਲੇ ‘ਤੇ ਟਿੱਪਣੀ ਕਰਦੇ ਹੋਏ ਬਰਨਾਲਾ ਵਿਧਾਨ ਸਭਾ ਹਲਕੇ ਤੋਂ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਕਾਲਾ ਢਿੱਲੋਂ ਨੇ ਕਿਹਾ ਕਿ ਭਗਵੰਤ ਮਾਨ ਸੂਬੇ ਦੇ ਮੁੱਖ ਮੰਤਰੀ ਨਹੀਂ ਸਗੋਂ ਐਲਾਨ ਮੰਤਰੀ ਬਣਦੇ ਜਾ ਰਹੇ ਹਨ, ਜਿਨ੍ਹਾਂ ਨੇ ਆਪਣੇ ਕਾਰਜਕਾਲ ਦੌਰਾਨ ਕਈ ਵੱਡੇ ਵੱਡੇ ਐਲਾਨ ਤਾਂ ਕੀਤੇ ਪ੍ਰੰਤੂ ਕੰਮ ਕਰਨ ਪ੍ਰਤੀ ਸੰਜੀਦਗੀ ਨਹੀਂ ਦਿਖਾਈ। ਵਿਧਾਇਕ ਢਿੱਲੋਂ ਨੇ ਕਿਹਾ ਕਿ ਭਗਵੰਤ ਮਾਨ ਦੀ ਸਮੱਸਿਆ ਇਹ ਹੈ ਕਿ ਉਹ ਹਰ ਮਸਲੇ ਨੂੰ ਕਮੇਡੀ ਦੇ ਨਜ਼ਰੀਏ ਤੋਂ ਵੇਖਦੇ ਹਨ ਜਦਕਿ ਸਟੇਜ ਅਤੇ ਸਟੇਟ ਵਿੱਚ ਫਰਕ ਹੁੰਦਾ ਹੈ।










