ਬਰਨਾਲਾ 29 ਸਤੰਬਰ (ਨਿਰਮਲ ਸਿੰਘ ਪੰਡੋਰੀ)-
-ਸੋਮਵਾਰ ਸਵੇਰੇ ਬਰਨਾਲਾ ਜ਼ਿਲ੍ਹੇ ਦੇ ਪਿੰਡ ਸੰਘੇੜਾ ਵਿਖੇ ਇੱਕ ਲੋਨ ਕੰਪਨੀ ਦੇ ਅਧਿਕਾਰੀਆਂ ਵੱਲੋਂ ਤਹਿਸੀਲਦਾਰ ਅਤੇ ਪੁਲਿਸ ਦੀ ਹਾਜ਼ਰੀ ਵਿੱਚ ਇੱਕ ਮਜ਼ਦੂਰ ਦੇ ਘਰ ਨੂੰ ਜਿੰਦਾ ਲਗਾਉਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਸੰਘੇੜਾ ਪਿੰਡ ਦੇ ਮਜ਼ਦੂਰ ਤੇਜਾ ਸਿੰਘ ਪੁੱਤਰ ਰਾਮ ਸਿੰਘ ਨੇ ਇੱਕ ਲੋਨ ਕੰਪਨੀ ਤੋਂ ਲੋਨ ਲਿਆ ਸੀ ਜੋ ਸਮੇਂ ਸਿਰ ਨਹੀਂ ਭਰਿਆ ਜਾ ਸਕਿਆ ਜਿਸ ਤੋਂ ਬਾਅਦ ਲੋਨ ਕੰਪਨੀ ਨੇ ਅਦਾਲਤੀ ਪ੍ਰਕਿਰਿਆ ਰਾਹੀਂ ਘਰ ਦੀ ਕੁਰਕੀ ਦੇ ਆਰਡਰ ਹਾਸਲ ਕੀਤੇ ਅਤੇ ਸੋਮਵਾਰ ਸਵੇਰੇ ਦਿਨ ਚੜਨ ਤੋਂ ਪਹਿਲਾਂ ਹੀ ਮਜ਼ਦੂਰ ਤੇਜਾ ਸਿੰਘ ਦੇ ਪਰਿਵਾਰ ਨੂੰ ਘਰ ਤੋਂ ਬਾਹਰ ਕੱਢ ਕੇ ਮਕਾਨ ਨੂੰ ਜਿੰਦਾ ਲਗਾ ਦਿੱਤਾ ਗਿਆ। ਲੋਨ ਕੰਪਨੀ ਅਤੇ ਪੁਲਿਸ ਦੀ ਇਸ ਕਾਰਵਾਈ ਦਾ ਜਦ ਲੋਕਾਂ ਨੂੰ ਪਤਾ ਲੱਗਿਆ ਤਾਂ ਬੀਕੇਯੂ ਏਕਤਾ ਉਗਰਾਹਾਂ ਦੇ ਬਲਾਕ ਆਗੂ ਅਤੇ ਪਿੰਡ ਇਕਾਈ ਦੇ ਇੱਕ ਆਗੂ ਨੇ ਪ੍ਰਸ਼ਾਸਨ ਦੀ ਮਜ਼ਦੂਰ ਦੇ ਘਰ ਨੂੰ ਜਿੰਦਾ ਲਗਾਉਣ ਦੇ ਕਾਰਵਾਈ ਦਾ ਵਿਰੋਧ ਕੀਤਾ ਤਾਂ ਮੌਕੇ ‘ਤੇ ਹਾਜ਼ਰ ਪੁਲਿਸ ਨੇ ਯੂਨੀਅਨ ਦੇ ਦੋਵੇਂ ਆਗੂਆਂ ਸਮੇਤ ਪਰਿਵਾਰ ਦੇ ਦੋ ਮੈਂਬਰਾਂ ਨੂੰ ਫੜ ਕੇ ਥਾਣਾ ਸਿਟੀ-1 ‘ਚ ਬੰਦ ਕਰ ਦਿੱਤਾ।
ਕਿਸਾਨ ਜਥੇਬੰਦੀ ਦੇ ਆਗੂਆਂ ਨੂੰ ਥਾਣੇ ਬੰਦ ਕਰਨ ਦੀ ਭਿਣਕ ਜਦ ਜਥੇਬੰਦੀ ਦੇ ਵੱਡੇ ਆਗੂਆਂ ਨੂੰ ਲੱਗੀ ਤਾਂ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਦੀ ਅਗਵਾਈ ਹੇਠ ਵੱਡੀ ਗਿਣਤੀ ਜਥੇਬੰਦੀ ਦੇ ਵਰਕਰਾਂ ਨੇ ਥਾਣੇ ਅੱਗੇ ਧਰਨਾ ਲਗਾ ਦਿੱਤਾ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਚਮਕੌਰ ਸਿੰਘ ਨੈਣੇਵਾਲ ਅਤੇ ਕਿਸਾਨ ਆਗੂ ਕੁਲਜੀਤ ਸਿੰਘ ਨੇ ਦੱਸਿਆ ਕਿ ਸੰਘੇੜਾ ਪਿੰਡ ਦੇ ਮਜ਼ਦੂਰ ਤੇਜਾ ਸਿੰਘ ਨੇ ਕੁਝ ਸਮਾਂ ਪਹਿਲਾਂ ਇੱਕ ਲੋਨ ਕੰਪਨੀ ਤੋਂ 10 ਕੁ ਲੱਖ ਦਾ ਲੋਨ ਲਿਆ ਸੀ ਜਿਸ ਵਿੱਚੋਂ ਲਗਭਗ ਤਿੰਨ ਕੁ ਲੱਖ ਰੁਪਏ ਉਹ ਭਰ ਚੁੱਕੇ ਹਨ ਪ੍ਰੰਤੂ ਆਰਥਿਕ ਸਥਿਤੀ ਵਿਗੜਨ ਕਰਕੇ ਉਨਾਂ ਦੀਆਂ ਲੋਨ ਕਿਸ਼ਤਾਂ ਟੁੱਟ ਗਈਆਂ ਜਿਸ ਤੋਂ ਬਾਅਦ ਕੰਪਨੀ ਨੇ ਅਦਾਲਤੀ ਪ੍ਰਕਿਰਿਆ ਰਾਹੀਂ ਘਰ ਦੀ ਕੁਰਕੀ ਦੇ ਹੁਕਮ ਹਾਸਿਲ ਕੀਤੇ। ਉਹਨਾਂ ਦੱਸਿਆ ਕਿ ਇਸ ਦੌਰਾਨ ਪਰਿਵਾਰ ਨੇ ਲੋਨ ਕੰਪਨੀ ਨਾਲ ਐਡਜਸਟਮੈਂਟ ਕਰਨ ਦੀ ਕਈ ਵਾਰ ਕੋਸ਼ਿਸ਼ ਕੀਤੀ ਪਰੰਤੂ ਕੰਪਨੀ ਵਾਲੇ ਆਪਣੀ ਪੂਰਾ ਲੋਨ ਭਰਵਾਉਣ ਦੀ ਜਿੱਦ ‘ਤੇ ਅੜੇ ਰਹੇ ਜਿਸ ਕਰਕੇ ਗੱਲ ਕਿਸੇ ਸਿਰੇ ਨਾ ਲੱਗੀ। ਕਿਸਾਨ ਆਗੂਆਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਵੀ ਚਾਰ ਵਾਰ ਲੋਨ ਕੰਪਨੀ ਪੁਲਿਸ ਨੂੰ ਨਾਲ ਲੈ ਕੇ ਘਰ ਨੂੰ ਜਿੰਦਾ ਲਗਾਉਣ ਦੀ ਕੋਸ਼ਿਸ਼ ਕਰ ਚੁੱਕੀ ਹੈ ਪ੍ਰੰਤੂ ਹਰ ਵਾਰ ਜਥੇਬੰਦੀ ਨੇ ਇਹ ਕੋਸ਼ਿਸ਼ ਫੇਲ੍ਹ ਕਰ ਦਿੱਤੀ ਸੀ ਕਿਉਂਕਿ ਪਰਿਵਾਰ ਕੋਲ ਇਸ ਛੋਟੇ ਜਿਹੇ ਮਕਾਨ ਤੋਂ ਬਿਨਾਂ ਸਿਰ ਢੱਕਣ ਲਈ ਹੋਰ ਕੋਈ ਜਗ੍ਹਾ ਨਹੀਂ ਹੈ। ਅੱਜ ਸੋਮਵਾਰ ਸਵੇਰੇ ਦਿਨ ਚੜਨ ਤੋਂ ਪਹਿਲਾਂ ਹੀ ਲੋਨ ਕੰਪਨੀ ਨੇ ਵੱਡੀ ਗਿਣਤੀ ਪੁਲਿਸ ਨਾਲ ਲੈ ਕੇ ਮਜ਼ਦੂਰ ਦੇ ਪਰਿਵਾਰ ਅਤੇ ਪਸ਼ੂਆਂ ਨੂੰ ਬਾਹਰ ਕੱਢ ਕੇ ਘਰ ਨੂੰ ਜਿੰਦਾ ਲਗਾ ਦਿੱਤਾ ਅਤੇ ਇਸ ਧੱਕੇਸ਼ਾਹੀ ਦਾ ਵਿਰੋਧ ਕਰਨ ਵਾਲੇ ਮੌਕੇ ‘ਤੇ ਸਾਡੀ ਜਥੇਬੰਦੀ ਦੇ ਆਗੂਆਂ ਨੂੰ ਵੀ ਪੁਲਿਸ ਨੇ ਥਾਣੇ ਬੰਦ ਕਰ ਦਿੱਤਾ, ਜਿਸ ਕਰਕੇ ਥਾਣੇ ਅੱਗੇ ਧਰਨਾ ਲਗਾਇਆ ਗਿਆ ਹੈ।
ਆਗੂਆਂ ਨੇ ਕਿਹਾ ਕਿ ਜਦੋਂ ਤੱਕ ਕਿਸਾਨ ਆਗੂਆਂ ਸਮੇਤ ਤੇਜਾ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਰਿਹਾਅ ਨਹੀਂ ਕੀਤਾ ਜਾਂਦਾ ਇਹ ਧਰਨਾ ਥਾਣੇ ਅੱਗੇ ਜਾਰੀ ਰਹੇਗਾ। ਕਿਸਾਨ ਆਗੂਆਂ ਨੇ ਇਹ ਵੀ ਕਿਹਾ ਕਿ ਮਜ਼ਦੂਰ ਦੇ ਘਰ ਨੂੰ ਲੱਗਿਆ ਜਿੰਦਰਾ ਖੋਲਣ ਦੀ ਕਾਰਵਾਈ ਸਬੰਧੀ ਜਥੇਬੰਦੀ ਵੱਲੋਂ ਰਣਨੀਤੀ ਬਣਾ ਕੇ ਐਕਸ਼ਨ ਕੀਤਾ ਜਾਵੇਗਾ ਪ੍ਰੰਤੂ ਪਹਿਲਾਂ ਪੁਲਿਸ ਵੱਲੋਂ ਗ੍ਰਿਫ਼ਤਾਰ ਕੀਤੇ ਆਗੂਆਂ ਨੂੰ ਰਿਹਾਅ ਕਰਵਾਇਆ ਜਾਵੇਗਾ।










